ਸੱਚੇ ਸਾਹਿਬਾ ਤੇਰੀਆਂ ਨੇ *ਕੁਦਰਤਾਂ* ਨਿਆਰੀਆਂ
"ਪਿਛਲੇ ਦਿਨੀਂ ਚਮਕੌਰ ਸਿੰਘ ਬਰਾੜ ਨਾਲ ‘ਕੁਦਰਤੀ’ ਸ਼ਬਦ ਬਾਰੇ ਚੱਲਦੀ ਵਿਚਾਰ ਵਿੱਚ ਬਰਾੜ ਜੀ ਨੇ ਲਿਖਿਆ ਸੀ:-
“ਪ੍ਰੋ: ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ ਤੇਰੀਆ ਬੇਅੰਤ ਤਾਕਤਾਂ ਹਨ, ਤੇਰੀਆ ਬੇਅੰਤ ਦਾਤਾਂ ਹਨ। ਵਿਆਕਰਨ ਤੌਰ ਤੇ ਓਪਰਾ ਹੈ। ਪਰੌ ਸਾਹਿਬ ਸਿੰਘ ਜੀ ਨੇ ਔਖੇ ਸ਼ਬਦਾ ਵਿਚ ਕੁਦਰਤੀ ਦਾ ਮਤਲਬ ਲਿਖਿਆ ਹੈ ਕੁਦਰਤਾਂ ਜਿਹੜਾ ਕਿ ਗੁਰੂ ਗਰੰਥ ਸਾਹਿਬ ਵਿਚ ਕਦੇ ਵੀ ਨਹੀਂ ਆਇਆ। ਅਤੇ ਤਿੰਨ ਮਹਾਨ ਕੋਸ਼ਾ ਵਿਚ ਵੀ ਨਹੀਂ ਹੈ।” …
.. “ਪ੍ਰੋ ਸਾਹਿਬ ਸਿੰਘ ਵਾਲਾ ਕੁਦਰਤਾਂ ਕਦੇ ਵੀ ਸਾਡੀ ਆਮ ਬੋਲ ਚਾਲ ਅਤੇ ਕੋਸ਼ਾ ਵਿਚ ਨਹੀਂ ਆਇਆ।” ਇਸ ਵਿਚਾਰ ਲੜੀ ਨੂੰ ਜੇ ਅੱਗੇ ਤੋਰਨਾ ਹੋਵੇ ਤਾਂ ਹੋਰ ਕਈ ਨੁਕਤੇ ਹਨ ਵਿਚਾਰਨ ਵਾਲੇ।ਪਰ ਬਰਾੜ ਜੀ ਦਾ ਕਹਿਣਾ ਹੈ ਕਿ *ਕੁਦਰਤਾਂ* ਲਫਜ਼ ਕਦੇ ਵੀ ਸਾਡੀ ਆਮ ਬੋਲ-ਚਾਲ ਵਿੱਚ ਨਹੀਂ ਆਇਆ।
ਮੇਰੇ ਕੋਲ ਅੱਜ ਤੋਂ ਤਕਰੀਬਨ 60-70 ਸਾਲ ਪੁਰਾਣਾ ਗਰਾਮੋ ਫੋਨ ਰਿਕੌਰਡ ਪਿਆ ਹੈ।ਇਹ ਰਿਕੌਰਡ ਸਾਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ।ਬਚਪਨ ਵਿੱਚ ਅਸੀਂ ਇਸ ਨੂੰ ਹਰ ਰੋਜ਼ ਦਿਨ ਵਿੱਚ ਕਈ ਕਈ ਵਾਰੀਂ ਸੁਣਿਆ ਕਰਦੇ ਸੀ।ਇਸ ਵਿੱਚ *ਕੁਦਰਤਾਂ* ਲਫਜ਼ ਕਈ ਵਾਰੀਂ ਵਰਤਿਆ ਗਿਆ ਹੈ।ਮੇਰਾ ਇੱਥੇ ਰਿਕੌਰਡ ਦਾ ਹਵਾਲਾ ਦੇਣ ਦਾ ਮਕਸਦ ਸਬੂਤ ਪੇਸ਼ ਕਰਨਾ ਨਹੀਂ।ਬਲਕਿ ਰਿਕੌਰਡ ਨੂੰ ਮੈਂ ਟੈਕਸਟ ਵਿੱਚ ਲਿਖਿਆ ਜੋ ਮੈਂ ਸੱਜਣਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।ਹੋ ਸਕਦਾ ਹੈ, ਮੇਰੀ ਉਮਰ ਦੇ ਕਈ ਸੱਜਣਾਂ ਨੇ ਇਹ ਰਿਕੌਰਡ ਸੁਣਿਆ ਵੀ ਹੋਵੇ ਅਤੇ ਮਾੜਾ ਮੋਟਾ ਯਾਦ ਵੀ ਹੋਵੇ।ਜਿਹਨਾਂ ਸੱਜਣਾਂ ਨੇ ਇਹ ਸੁਣਿਆ ਹੋਵੇਗਾ, ਉਮੀਦ ਹੈ, ਦੁਬਾਰਾ ਯਾਦ ਤਾਜਾ ਹੋਣ ਨਾਲ ਉਹਨਾਂ ਨੂੰ ਚੰਗਾ ਲੱਗੇਗਾ।
(ਇਸ ਔਡੀਓ ਨੂੰ ਅਤੇ ਮੇਰੇ ਕੋਲ ਹੋਰ ਕਈ ਰਿਕੌਰਡ ਔਡੀਓ ਕੈਸੇਟ ਤੇ ਸੇਵ ਕੀਤੀਆਂ ਹੋਈਆਂ ਹਨ, ਉਹਨਾਂ ਨੂੰ ਮੈਂ ਕੰਪੀਊਟਰ ਤੇ ਸੇਵ ਕਰਨਾ ਚਾਹੁੰਦਾ ਹਾਂ, ਪਰ ਮੈਨੂੰ ਕੰਪੀਊਟਰ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਮੇਰੇ ਲਈ ਇਹ ਕੰਮ ਥੋੜ੍ਹਾ ਮੁਸ਼ਕਿਲ ਹੈ)
ਪੇਸ਼ ਹੈ ਰਿਕੌਰਡ ਦਾ ਲਿਖਤੀ ਰੂਪ:-
ਚਮਕਦੇ ਨੇ ਤਾਜ ਹੀਰੇ ਮੋਤੀਆਂ ਜੜਾਊ ਕਿਤੇ, ਕਿਤੇ ਪਗ ਤੇ ਮੁਸੀਬਤਾਂ ਨੇ ਭਾਰੀਆਂ।
ਕਿਤੇ ਜ਼ਰੀ-ਪਛਮੀ ਦਿਸਦੇ ਹੰਢਾਵਣੇ ਨੂੰ, ਕਿਤੇ ਫਟੀ ਗੋਦੜੀ ਤੇ ਜ਼ੁਲਫਾਂ ਖਿਲਾਰੀਆਂ।
ਇਕ ਇਕ ਪੈਸੇ ਤੋਂ ਮੁਹਤਾਜ ਖੜਾ ਕੋਈ ਦਿਸੇ ਕਿਤੇ ਰਥ, ਪਾਲਕੀ, ਤੁਰੰਗ ਨੇ ਸਵਾਰੀਆਂ।
ਕੋਈ ਚੁੱਕ ਬੋਝ ਸੀਸ ਉਤੇ ਕਰੇ ਨਿਤ ਪੰਧ, ਕਿਤੇ ਝੂਮ ਰਹੇ ਹਾਥੀ ਸਹਸ ਨੇ ਹੁਮਾਰੀਆਂ।
ਕੋਈ ਖੋਲ੍ਹ ਕੋਠੀਆਂ ਤੇ ਕਰੇ ਬਖਸ਼ੀਸ਼ ਧਨ, ਕਿਸੇ ਤਾਈਂ ਲਭਣ ਨਾ ਕੌਡੀਆਂ ਹੁਦਾਰੀਆਂ।
ਜਾਂਵਦੀ ਜਿਥੇ ਨਿਗਾਹ ਦਿਸਦਾ ਨਿਰਾਲਾ ਰੰਗ, ਸੱਚੇ ਸਾਹਿਬਾ ਤੇਰੀਆਂ ਨੇ *ਕੁਦਰਤਾਂ* ਨਿਆਰੀਆਂ।
ਇਕਨਾ ਦੇ ਪਾਸ ਸੱਤ ਸੱਤ ਪੁੱਤ ਖੇਡਦੇ ਨੇ, ਇਕਨਾਂ ਨੂੰ ਪੁੱਤ ਬਿਨਾ ਸੁੰਞਾਂ ਸੰਸਾਰ ਹੈ।
ਕੋਈ ਜਾ ਕੇ ਸਾਧੂਆਂ ਦੇ ਅਗੇ ਹੱਥ ਜੋੜਦਾ ਏ, ਕੋਈ ਲੁੱਟੇ ਐਸ਼, ਘਰ ਲੱਗਾ ਦਰਬਾਰ ਹੈ।
ਧਨ ਮਾਲ ਦੌਲਤ ਦੀ ਕਮੀਂ ਕਿਤੇ ਦਿਸਦੀ ਨਾ, ਕੋਈ ਮੰਗੇ ਧੇਲਾ ਧੇਲਾ ਹੱਥ ਤੇ ਬਾਜ਼ਾਰ ਹੈ।
ਕੋਈ ਕੱਟੇ ਫਾਕੇ ਕਿਤੇ ਰੋਟੀ ਨਾ ਨਸੀਬ ਹੁੰਦੀ, ਕੋਈ ਉਠੇ ਪਿੱਛੋਂ ਖਾਣਾ ਪਹਿਲੋਂ ਹੀ ਤਿਆਰ ਹੈ।
ਇਕ ਪਰਵਾਰ ਵਿੱਚ ਬੈਠੇ ਸੁਖ ਭੋਗਦੇ ਨੇ, ਇੱਕ ਜਗ੍ਹਾ ਮੌਤ ਹੋਰਾਂ ਫੇਰੀਆਂ ਬੁਹਾਰੀਆਂ।
ਖਬਰੇ ਹਿਸਾਬ ਕਿਹੜੀ ਜਗ੍ਹਾ ਉਤੇ ਬੈਠਾ ਕਰੇਂ, ਸੱਚੇ ਸਾਹਿਬਾ ਤੇਰੀਆਂ ਨੇ *ਕੁਦਰਤਾਂ* ਨਿਆਰੀਆਂ।
ਲੱਭੇ ਕਿੱਥੇ ਤੈਨੂੰ ਕਿਤੇ ਮਿਲੇ ਨਾ ਨਿਸ਼ਾਨ ਤੇਰਾ, ਭੇਤ ਨਹੀਂ ਆਉਂਦਾ ਨਿਰਾਲੀ ਏਸ ਚਾਲ ਦਾ।
ਕੋਈ ਜਾ ਕੇ ਮੱਕੇ, ਕੋਈ ਕਾਂਸ਼ੀ ਨੂੰ ਸਿਧਾਰਦਾ ਏ, ਕੋਈ ਵਿੱਚ ਜੰਗਲਾਂ ਦੇ ਫਿਰੇ ਤੈਨੂੰ ਭਾਲਦਾ।
ਕੋਈ ਪੂਜਾ ਕਰੇ ਵਿੱਚ ਮੰਦਰਾਂ ਦੇ ਜਾ ਕੇ ਤੇਰੀ, ਕੋਈ ਫੁੱਲ ਪੋਥੀਆਂ ਦੇ ਵੱਲ ਹੈ ਉਛਾਲਦਾ।
ਹਾਰ ਥੱਕਾ ਜੱਗ ਕਿਤੋਂ ਕਿਤੋਂ ਲੱਭਾ ਤੈਨੂੰ, ਕੌਣ ਕਢੇ ਅਰਥ ਤੇਰੇ ਮਿਲਣ ਦੇ ਸਵਾਲ ਦਾ।
ਦਿਨ ਵੇਲੇ ਸੂਰਜ ਉਜਾਲਾ ਕਰੇ ਜੱਗ ਵਿੱਚ ਰਾਤ ਵੇਲੇ ਕਿਰਨ ਹੋਰਾਂ ਕਿਰਨਾਂ ਖਿਲਾਰੀਆਂ।
ਤੇਰਾ ਹੀ ਪਸਾਰਾ ਫੇਰ ਤੂੰ ਹੀ ਕਿਤੇ ਲੱਭਦਾ ਨਾ ਸੱਚੇ ਸਾਹਿਬ ਤੇਰੀਆਂ ਨੇ *ਕੁਦਰਤਾਂ* ਨਿਆਰੀਆਂ।
************* ਰਿਕੌਰਡ ਦੀ ਦੂਜੀ ਸਾਇਡ:-
ਵਾਰੀ ਬਲਿਹਾਰੀ ਜਾਈਏ ਨਿਤ ਓਹਦੀ ਸ਼ਾਨ ਉਤੋਂ, ਓਸੇ ਦੀਆਂ *ਕੁਦਰਤਾਂ* ਬਣਾਇਆ ਤੁੱਛ ਬੰਦਾ ਏ।
ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਸੂ ਸਫਾਈ ਸੋਹਣਾ ਫੇਰ ਫੇਰ ਰੰਦਾ ਰੇ।
ਉਤੋਂ ਚਿੱਟੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਵਿੱਚ ਲਹੂ, ਪਾਕ, ਮਲ, ਮੂਤ ਭਰ ਮੰਦਾ ਏ।
ਬੰਦਾ ਓਹਦਾ ਹੋ ਕੇ ਕਰੇ, ਬੰਦਗ਼ੀ ਤੇ ਬੰਦਾ ਚੰਗਾ, ਬੰਦਗ਼ੀ ਤੋਂ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ ਏ।
ਬੰਦਿਆ ਤੂੰ ਮੰਦੇ ਧੰਦੇ ਛੱਡ ਝੂਠੇ ਜੱਗ ਵਾਲੇ, ਨਾਮ ਸੱਚੇ ਰੱਬ ਦਾ ਨਾ ਦਿਲ ਤੋਂ ਭੁਲਾਵੀਂ ਤੂੰ।
ਬਦੀਆਂ ਕਮਾ ਕੇ ਬਣੀਂ ਗੰਦਾ ਨਾ, ਤੂੰ ਬੰਦਾ ਬਣੀਂ, ਜੱਗ ਵਿੱਚ ਆ ਕੇ ਕੁਛ ਨੇਕੀ ਕਰ ਜਾਵੀਂ ਤੂੰ।
ਬੀਤੇ ਕਈ ਸਾਲ ਨਾ ਖਿਆਲ ਆਇਆ ਮੂਲ ਤੈਨੂੰ, ਕਰਨਾ ਸੀ ਤੂੰ ਕੀ, ਕੀ ਕਰਦਾ ਰਹਿਓਂ ਆਣਕੇ।
ਹੋਇਓਂ ਮਤਵਾਲਾ ਨਾ ਤੂੰ ਪ੍ਰੇਮ ਦਾ ਪਿਆਲਾ ਪੀ ਕੇ, ਝੂਠੇ ਨਸ਼ੇ ਪੀ-ਪੀ ਮਰਦਾ ਰਹਿਓਂ ਜਾਣਕੇ।
ਇਕ ਇਕ ਸਾਸ ਸੀ, ਅਮੁੱਲਾ ਜੋ ਗਵਾਇਆ ਐਵੇਂ, ਝੂਠ ਹੈ ਕਿ ਸੱਚ ਦੇਖ ਅਕਲ ਨਾਲ ਛਾਣਕੇ।
ਭੁੱਲਿਓਂ ਨਿਰੰਜਣ ਨਾ ਯਾਦ ਕੀਤਾ ਮਾਲਕ ਨੂੰ, ਵਿਸ਼ਿਆਂ ਤੇ ਰੰਗ-ਰੱਤਾ, ਸੁੱਤੋਂ ਭੂਰਾ ਤਾਣਕੇ।
ਤੇਰੇ ਨੇ ਚੁਫੇਰੇ ਕੇਰੇ ਕਤੀਏ ਲੁਟੇਰੇ ਬੈਠੇ, ਹੋ ਕੇ ਹੁਸ਼ਿਆਰ ਪੂੰਜੀ ਆਪਣੀ ਬਚਾਵੀਂ ਤੂੰ।
ਵੇਲੇ ਨੂੰ ਗਵਾ ਕੇ ਹੱਥੋਂ ਫੇਰ ਪਛਤਾਵੇਂਗਾ ਤੂੰ, ਜੱਗ ਵਿੱਚ ਆ ਕੇ ਕੁਛ ਨੇਕੀ ਕਰ ਜਾਵੀਂ ਤੂੰ।
ਲੱਖਾਂ ਏਥੇ ਆਉਂਦੇ ਦਿਨੇ-ਰਾਤ ਲਖਾਂ ਜਾਂਵਦੇ ਨੇ, ਲੱਖਾਂ ਸਲਾਲ ਅਤੇ ਲੱਖਾਂ ਤਾਜਦਾਰ ਨੇ।
ਰਾਜਾ ਅਤੇ ਰਾਣੀ ਕਈ, ਮੂਰਖ ਗਿਆਨੀ ਕਈ, ਕਈ ਅਭਿਮਾਨੀ ਜੋ ਜਵਾਨੀ ਦਾ ਸ਼ਿੰਗਾਰ ਨੇ।
ਮੁੱਠੀ ਵਿੱਚ ਆਉਂਦੇ ਨੇ ਜਹਾਨ ਵਿੱਚ ਚਾਰ ਦਿਨ, ਮੌਤ ਦੇ ਇਸ਼ਾਰੇ ਨਾਲ ਜਾਂਦੇ ਹੱਥ ਝਾੜ ਨੇ।
ਦੁਨੀਆਂ ਦੇ ਬਾਗ਼ ਦੀ ਬਹਾਰ ਜਾਣੋ ਚੰਦ ਰੋਜ਼, ਫਿਰ ਨਾ ਹਮੇਸ਼ ਰਹਿਣਾ ਏਸ ਗੁਲਜ਼ਾਰ ਨੇ।
ਫਾਨੀ ਏ ਜਵਾਨੀ, ਮਸਤਾਨੀ ਦੇ ਖੁਮਾਰ ਵਿੱਚ, ਕਿਸੇ ਮਸਕੀਨ ਦੇ ਨਾ ਦਿਲ ਨੂੰ ਦੁਖਾਵੀਂ ਤੂੰ।
ਆਜਜ਼ਾਂ ਗ਼ਰੀਬਾਂ ਤੇ ਨਿਰੰਜਣ ਤੂੰ ਤਰਸ ਖਾਈਂ, ਜੱਗ ਵਿੱਚ ਆ ਕੇ ਕੁਛ ਨੇਕੀ ਕਰ ਜਾਵੀਂ ਤੂੰ। ***********"
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
ਸੱਚੇ ਸਾਹਿਬਾ ਤੇਰੀਆਂ ਨੇ *ਕੁਦਰਤਾਂ* ਨਿਆਰੀਆਂ
Page Visitors: 2752