ਤਾਮਿਲਨਾਡੂ ਵਿੱਚ ਚੋਣਾਂ ਤੋਂ ਪਹਿਲਾਂ ਪੁਲਿਸ ਨੇ ਫੜੇ ਨੋਟਾਂ ਨਾਲ ਭਰੇ ਤਿੰਨ ਟਰੱਕ
ਤਿਰੂਪੁਰ, 14 ਮਈ (ਪੰਜਾਬ ਮੇਲ)- ਤਾਮਿਲਨਾਡੂ ਵਿੱਚ 16 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਨੇ ਤਿੰਨ ਟਰੱਕਾਂ ਵਿੱਚੋਂ 570 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੈਸਾ ਚੋਣਾਂ ਦੌਰਾਨ ਇਸਤੇਮਾਲ ਹੋਣਾ ਸੀ। ਪੈਸਾ ਕਿਸ ਦਾ ਸੀ ਤੇ ਇਹ ਕਿੱਥੇ ਇਸਤੇਮਾਲ ਹੋਣਾ ਸੀ, ਇਸ ਬਾਰੇ ਚੋਣ ਕਮਿਸ਼ਨ ਨੇ ਕੁਝ ਨਹੀਂ ਦੱਸਿਆ। ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੀ ਟੀਮ ਨੇ ਤਾਮਿਲਨਾਡੂ ਦੇ ਜ਼ਿਲ੍ਹਾ ਚੇਂਗਾਪੱਲੀ ਵਿੱਚ ਨਾਕਾ ਲਾਇਆ ਹੋਇਆ ਸੀ।
ਇਸ ਦੌਰਾਨ ਜਦੋਂ ਤਿੰਨ ਟਰੱਕਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰਾਂ ਨੇ ਇਨ੍ਹਾਂ ਦੀ ਰਫ਼ਤਾਰ ਵਧਾ ਦਿੱਤੀ। ਇਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਇਨ੍ਹਾਂ ਪਿੱਛਾ ਕੀਤਾ ਗਿਆ ਤੇ ਥੋੜ੍ਹੀ ਦੂਰ ਜਾ ਕੇ ਇਨ੍ਹਾਂ ਨੂੰ ਰੋਕਿਆ ਗਿਆ। ਜਦੋਂ ਟਰੱਕਾਂ ਦੀ ਚੈਕਿੰਗ ਕੀਤੀ ਤਾਂ ਚੋਣ ਕਮਿਸ਼ਨ ਦੀ ਟੀਮ ਦੇ ਹੋਸ਼ ਉੱਡ ਗਏ। ਟਰੱਕਾਂ ਵਿੱਚੋਂ 570 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ।
ਪੁੱਛਗਿੱਛ ਦੌਰਾਨ ਡਰਾਈਵਰਾਂ ਨੇ ਦੱਸਿਆ ਕਿ ਉਹ ਕੈਸ਼ ਆਂਧਰਾ ਪ੍ਰਦੇਸ਼ ਤੋਂ ਲੈ ਕੇ ਆ ਰਹੇ ਹਨ ਤੇ ਸਾਰਾ ਪੈਸਾ ਬੈਂਕ ਦਾ ਹੈ ਪਰ ਸਬੰਧੀ ਕੋਈ ਦਸਤਾਵੇਜ਼ ਨਾ ਹੋਣ ਤੋਂ ਬਾਅਦ ਟੈਂਕਰਾਂ ਤੇ ਪੈਸੇ ਨੂੰ ਜ਼ਬਤ ਕਰ ਲਿਆ ਗਿਆ। ਚੋਣ ਕਮਿਸ਼ਨ ਪਹਿਲਾਂ ਸੂਬੇ ਵਿਚੋਂ 100 ਕਰੋੜ ਦੇ ਕਰੀਬ ਪੈਸੇ ਜ਼ਬਤ ਕਰ ਚੁੱਕਾ ਹੈ।