ਗੁਰਬਾਣੀ ਵਿਆਖਿਆ ਵਿਚ ਮਨਮਤਿ !
"ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ:-
“…ਉਨਾਂਨੂੰ (ਜਾਣੀ ਕਿ ਮੈਨੂੰ, ਪੰਜ ਸ਼ਬਦਾਂ ਵਿੱਚੋਂ) ਚਾਰ ਸ਼ਬਦਾਂ ਦੀ ਵਿਚਾਰ ਤੇ ਕੋਈ ਇਤਰਾਜ ਨਹੀਂ ਸੀ ਪਰ
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥
ਤੇ ‘ਕੁਦਰਤੀ’ ਤੇ ਇਤਰਾਜ ਸੀ।”
ਬਰਾੜ ਜੀ! ਮੈਂ ਤਾਂ ਪੰਜ ਉਦਾਹਰਣਾਂ ਵਿੱਚੋਂ ਕਿਸੇ ਵੀ ਉਦਾਹਰਣ ਦੇ ਤੁਹਾਡੇ ਕੀਤੇ ਅਰਥਾਂ ਬਾਰੇ ਆਪਣੇ ਵਿਚਾਰ ਨਹੀਂ ਸੀ ਦਿੱਤੇ ਫਿਰ ਪੰਜਾਂ ਵਿਚੋਂ ਚਾਰ ਤੇ ਇਤਰਾਜ ਹੋਣ ਜਾਂ ਨਾ ਹੋਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਮੈਂ ਤਾਂ ਸਿਰਫ ਲਫਜ਼ “ਕੁਦਰਤੀ” ਜੋ ਕਿ ਤੁਹਾਡੀਆਂ ਪੇਸ਼ ਕੀਤੀਆਂ ਪੰਜਾਂ ਉਦਾਹਰਣਾਂ ਵਿੱਚ ਸ਼ਾਮਲ ਹੈ, ਦੇ ਜੋ ਤੁਸੀਂ ਅਰਥ ਲਿਖੇ ਸਨ ਉਸ ਬਾਰੇ ਸੰਖੇਪ ਜਿਹੇ ਇਤਰਾਜ ਦੱਸੇ ਸਨ। ਕੁਦਰਤੀ ਸ਼ਬਦ ਦੇ ਤੁਹਾਡੇ ਅਰਥ-- “ ਕੁਦਰਤੀ—ਕਿਰਿਆਵਾਂ ਜੋ ਸਾਰੇ ਸੰਸਾਰ ਨੂੰ ਚਲਾਉਂਦੀਆ ਹੈ॥ ਇਸ ਨੂੰ ਅਸੀ ਸ਼ਕਤੀਆ ਵੀ ਕਹਿ ਸਕਦੇ ਹਾਂ ਪਰ ਕਿਰਿਆਵਾ ਬਹੁਤ ਵਧੀਆ ਢੁਕਦਾ ਹੇ। ਕਿਉਂਕਿ ਇਹ ਸਾਰਾ ਸੰਸਾਰ ਭੌਤਕ ਅਤੇ ਰਸਾਇਣਕ ਕਿਰਿਆਵਾ ਨਾਲ ਹੀ ਚਲਦਾ ਹੈ॥ ਇੰਨਾ ਨੂੰ ਰੱਬੀ ਨਿਯਮ ਵੀ ਕਿਹਾ ਜਾ ਸਕਦਾ ਹੈ। ਵੈਸੇ ਤਾਂ ਲਫਜ਼ ‘ਕੁਦਰਤੀ’ ਬਾਰੇ ਮੈਂ ਪਹਿਲਾਂ ਵੀ ਆਪਣੇ ਇਤਰਾਜ ਲਿਖ ਚੁੱਕਾ ਹਾਂ। ਦੱਸਣ ਦੀ ਖੇਚਲ ਕਰੋਗੇ ਕਿ- ‘ਕੁਦਰਤੀ’ ਦੇ ਅਰਥ ਕੁਦਰਤੀ-ਕਿਰਿਆਵਾਂ, …, ਰੱਬੀ ਨਿਯਮ’ ਤੁਸੀਂ ਕਿਸ ਸ਼ਬਦ-ਕੋਸ਼ ਵਿੱਚੋਂ ਲਏ ਹਨ?
1- ‘ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥”
ਤੁਹਾਡੇ ਅਰਥ- “ਸੋ ਅਰਥ ਬਣ ਗਏ ਕਿ ਹੇ ਪ੍ਰਭੂ! ਤੇਰੀਆ ਕਿੰਨੀਆ ਹੀ ਕਿਰਿਆਵਾ ਹਨ ਜਾਂ ਸ਼ਕਤੀਆ ਹਨ ਜੋ ਇੰਨਾ ਸੰਸਾਰਕ ਕਿਰਿਆਵਾ ਨੂੰ ਚਲਾਉਂਦੀਆ ਹਨ ਭਾਵ ਤੇਰੇ ਕਿੰਨੇ ਵੱਡੇ ਰਬੀ ਨਿਯਮ ਹਨ ਜੋ ਇਹ ਸਾਰੇ ਸੰਸਾਰ ਨੂੰ ਚਲਾਉਂਦੇ ਹਨ। ਤੇਰੀ ਕਿਡੀ ਵੱਡੀ ਇਹ ਦਾਤ ਹੈ ( ਜੋ ਸਾਰੇ ਸੰਸਾਰ ਨੂੰ ਚਲਾਈ ਫਿਰਦੀ ਹੈ॥” ਇਸ ਉਦਾਹਰਣ ਦੇ ਦੂਜੇ ਅੱਧੇ ਹਿੱਸੇ- “…ਕੇਵਡ ਤੇਰੀ ਦਾਤਿ॥’ ਦੇ ਅਰਥ ਤੁਸੀਂ ਲਿਖੇ ਹਨ- “ਤੇਰੀ ਕਿੱਡੀ ਵੱਡੀ ਇਹ ਦਾਤ ਹੈ (ਜੋ ਸਾਰੇ ਸੰਸਾਰ ਨੂੰ ਚਲਾਈ ਫਿਰਦੀ ਹੈ)।
ਹੁਣ ਵਿਚਾਰ ਕਰੀਏ (ਵਿਆਕਰਣ ਨਿਯਮਾਂ ਅਨੁਸਾਰ) ਪੰਗਤੀ ਦੇ ਪਹਿਲੇ ਅੱਧੇ ਹਿੱਸੇ ਦੇ ਕੀਤੇ ਗਏ ਤੁਹਾਡੇ ਅਰਥਾਂ ਬਾਰੇ— “ਕੇਤੀਆ ਤੇਰੀਆ ਕੁਦਰਤੀ…” ਤੁਹਾਡੇ ਅਰਥ- ‘ਹੇ ਪ੍ਰਭੂ! ਤੇਰੀਆਂ ਕਿੰਨੀਆਂ ਹੀ ਕਿਰਿਆਵਾਂ ਹਨ .. ਜੋ ਇੰਨਾ ਸੰਸਾਰਕ ਕਿਰਿਆਵਾਂ ਨੂੰ ਚਲਾਉਂਦੀਆਂ ਹਨ। ਇਹ ਤਾਂ ਹਨ ਇਥੋਂ ਤੱਕ ‘ਕੇਤੀਆ ਤੇਰੀਆ ਕੁਦਰਤੀ’ ਦੇ ਕੀਤੇ ਤੁਹਾਡੇ ਅਰਥ।ਇਹਨਾਂ ਵਿਚ ਭਾਵਾਰਥ ਸ਼ਾਮਲ ਨਹੀਂ ਹਨ, ਕਿਉਂਕਿ ਭਾਵਾਰਥ ਤੁਸੀਂ ਇਸ ਤੋਂ ਅੱਗੇ ਲਿਖੇ ਹਨ— “ਭਾਵ ਤੇਰੇ ਕਿੰਨੇ ਵੱਡੇ ਰੱਬੀ ਨਿਯਮ ਹਨ ਜੋ…”। ‘ਕਿਰਿਆਵਾਂ ਹਨ…ਜੋ ਇੰਨਾ ਸੰਸਾਰਕ ਕਿਰਿਆਵਾਂ ਨੂੰ ਚਲਾਉਂਦੀਆਂ ਹਨ…’।
ਅਰਥਾਤ- ਕਿਰਿਆਵਾਂ, ਕਿਰਿਆਵਾਂ ਨੂੰ ਚਲਾਉਂਦੀਆਂ ਹਨ ????)
ਬਰਾੜ ਜੀ! ਜ਼ਰਾ ਸਮਝਾਉਣ ਦੀ ਖੇਚਲ ਕਰੋਗੇ ਕਿ- ਕਿਸ ਵਿਆਕਰਣ ਅਨੁਸਾਰ ‘ਕਿਰਿਆਵਾਂ ਕਿਰਆਵਾਂ ਨੂੰ ਚਲਾਉਂਦੀਆਂ ਹਨ’ ਅਰਥ ਬਣੇ ਹਨ?
ਬਰਾੜ ਜੀ! ‘ਤੇਰੀਆ ਕੁਦਰਤੀ’ ਦਾ ਅਰਥ ਤਾਂ ਹੋ ਗਿਆ- ਸੰਸਾਰ ਨੂੰ ਚਲਾਉਣ ਵਾਲੀਆਂ ਕਿਰਿਆਵਾਂ।ਜਿਹਨਾਂ ਦਾ ਭਾਵਾਰਥ ਤੁਸੀਂ ਭੌਤਿਕ ਅਤੇ ਰਸਾਇਣਕ ਕਿਰਿਆਵਾਂ ਦੱਸਿਆ ਹੈ।ਪਰ “ਸੁੰਨਹੁ ਧਰਤਿ ਅਕਾਸੁ ਉਪਾਏ”-- ਦੱਸ ਸਕਦੇ ਹੋ ਕਿ ਕਿਹੜੀਆਂ ਭੌਤਿਕ ਅਤੇ ਰਸਾਇਣਕ ਕਿਰਿਆਵਾਂ ਨਾਲ *ਸੁੰਨ* ਤੋਂ ਧਰਤੀ ਅਕਾਸ਼ ਉਪਾਏ?
ਜੇ ਤੁਸੀਂ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਜਾਂ ਨਹੀਂ ਦੇ ਸਕਦੇ ਤਾਂ ਇਸ ਦਾ ਮਤਲਬ ਮੇਰਾ ਦਾਅਵਾ ਗ਼ਲਤ ਨਹੀਂ ਹੈ ਕਿ ਤੁਸੀਂ ਪਦਾਰਥਵਾਦੀ ਸੋਚ ਰੱਖਦੇ ਹੋ। ਦਿਸਦੇ ਸੰਸਾਰ ਤੋਂ ਬਿਨਾ, ਨਿਰਾਕਾਰ ਪਰਮਾਤਮਾ ਸਮੇਤ ਆਕਾਰ-ਰਹਿਤ ਕਿਸੇ ਵੀ ਚੀਜ ਦੀ ਹੋਂਦ ਨੂੰ ਨਹੀਂ ਮੰਨਦੇ।ਅਤੇ ਇਸੇ ਪਦਾਰਥਵਾਦੀ ਸੋਚ ਅਨੁਸਾਰ ਹੀ ਤੁਸੀਂ ਗੁਰਬਾਣੀ ਦੇ ਅਰਥ ਕਰਕੇ ਪ੍ਰਚਾਰ ਰਹੇ ਹੋ।
2- “ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥”
ਤੁਹਾਡੇ ਅਰਥ- “ਹੇ ਨਾਨਕ ਕਹੁ ਕਿ (ਸਿਰਫ ਇਕ ਪ੍ਰਭੂ ਹੈ ਜੋ) ਸਦਾ ਰਹਿਣ ਵਾਲਾ ਦਾਤਾ ਹੈ (ਜਿਸਦੀ) ਪਹਿਚਾਣ ‘ਰਬੀ ਨਿਯਮਾ’ ਦੁਆਰਾ ਹੁੰਦੀ ਹੈ।ਭਾਵ ਜੇ ਕੋਈ ਰਬੀ ਨਿਯਮਾਂ ਨੂੰ ਜਾਣ ਲਵੇ (ਜਾ ਉਸਦੇ ਹੁਕਮ ਨੂੰ ਜਾਣ ਲਵੇ ਤਾਂ) ਪ੍ਰਭੂ ਦੀ ਪਹਿਚਾਣ ਕਰ ਲੈਂਦਾ ਹੈ॥”
ਬਰਾੜ ਜੀ! ਇਸ ਦਾ ਮਤਲਬ, ਵਿਗਿਆਨਕ, ਜਿਹੜੇ ਕੁਦਰਤ ਦੇ ਨਿਯਮਾਂ ਨੂੰ ਸਮਝਕੇ ਨਿੱਤ ਨਵੀਆਂ ਨਵੀਆਂ ਖੋਜਾਂ ਕਰਦੇ ਹਨ (ਚਾਹੇ ਉਹ ਵਿਨਾਸ਼ਕਾਰੀ ਬੰਬਾਂ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੇ ਲੜਾਈ ਦੇ ਸਾਧਨਾਂ ਦੀਆਂ ਹੀ ਖੋਜਾਂ ਕਿਉਂ ਨਾ ਕਰਦੇ ਹੋਣ, ਚਾਹੇ ਉਹ ਕਿਸੇ ਨਿਰਾਕਾਰ ਰੱਬ ਦੀ ਹੋਂਦ ਨੂੰ ਵੀ ਨਾ ਮੰਨਦੇ ਹੋਣ) ਉਹਨਾਂ ਨੂੰ ਰੱਬ ਦੀ ਪਹਿਚਾਣ ਉਹਨਾਂ ਨਾਲੋਂ ਜਿਆਦਾ ਹੈ ਜਿਹਨਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਮੁਢਲੇ ਸਿਧਾਂਤਾਂ ਦਾ ਵੀ ਪਤਾ ਨਾ ਹੋਵੇ ਪਰ ਸੰਸਾਰ ਦੇ ਇਸ ਵਰਤਾਰੇ ਦੇ ਪਿੱਛੇ ਅਤੇ ਪ੍ਰਭੂ ਦੀ ਕਿਰਤ- ‘ਕੁਦਰਤ’ ਤੋਂ ਵੀ ਉਤੇ ਉਸ ਕਰਤੇ ਨੂੰ ਮੰਨਦੇ ਹੋਣ।
ਤੁਸੀਂ ਲਿਖਿਆ ਹੈ- “ਭਾਵ ਜੇ ਕੋਈ ਰਬੀ ਨਿਯਮਾ ਨੂੰ ਜਾਣ ਲਵੇ (ਜਾਂ ਉਸਦੇ ਹੁਕਮ ਨੂੰ ਜਾਣ ਲਵੇ ਤਾਂ) ਪ੍ਰਭੂ ਦੀ ਪਹਿਚਾਣ ਕਰ ਲੈਂਦਾ ਹੈ॥”
ਬਰਾੜ ਜੀ! ਮੰਨ ਲਵੋ ਕਿ ਕਿਸੇ ਨੇ ਜਾਣ ਲਿਆ ਕਿ ਕਲੋਨਿੰਗ ਕਰਕੇ ਜੀਵ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ, ਪਰ ਉਹ ਕਿਸੇ ਨਿਰਾਕਾਰ ਪ੍ਰਭੂ ਦੀ ਹੋਂਦ ਨੂੰ ਨਹੀਂ ਮੰਨਦਾ ਤਾਂ ਉਹ ਪ੍ਰਭੂ ਦੀ ਪਹਿਚਾਣ ਕਿਵੇਂ ਕਰ ਲੈਂਦਾ ਹੈ?
3- “ਕਰਤੇ ਕੁਦਰਤੀ ਮੁਸਤਾਕ॥”
ਤੁਹਾਡੇ ਅਰਥ- ਹੇ ਕਰਤੇ! (ਮੈਂ ਤੇਰੇ) ਰਬੀ ਨਿਯਮਾਂ ਦੁਆਰਾ ਹੀ ਤੇਰਾ ਚਾਹਵਾਨ ਹਾਂ॥ਜਾਂ ਤੇਰੀ ਆਪਣੀ ਸ਼ਕਤੀ ਦੁਆਰਾ ਤੇਰਾ ਚਾਹਵਾਨ ਹਾਂ॥
ਬਰਾੜ ਜੀ! ਕੀ ਇਥੇ (ਤੁਹਾਡੇ ਅਰਥਾਂ ਮੁਤਾਬਕ ਹੀ) ‘(ਤੇਰੇ) ਰੱਬੀ ਨਿਯਮਾਂ ਦੀ ਬਜਾਏ ‘ਤੇਰੇ ਨਿਯਮਾਂ’ ਨਹੀਂ ਹੋਣਾ ਚਾਹੀਦਾ?
ਦੂਸਰਾ- ਬਰਾੜ ਜੀ! ਉਹ ਕਿਹੜੇ ‘ਭੌਤਿਕ ਅਤੇ ਰਸਾਇਣਕ-ਰਬੀ ਨਿਯਮ’ ਹਨ ਜਿਹਨਾਂ ਦੁਆਰਾ ਕੋਈ ਉਸਦਾ ਚਾਹਵਾਨ ਬਣਦਾ ਹੈ?
4- “ਵਰਿ੍ਹਐ ਦਰਗਹ ਗੁਰੂ ਕੀ ਕੁਦਰਤੀ ਨੂਰ॥”
ਤੁਹਾਡੇ ਅਰਥ- “ਗੁਰੂ ਦੀ ਕਚਿਹਰੀ ਵਿੱਚ ਗੁਰੂ ਦੀ ਸਿਖਿਆ ਦੀ ਵਰਖਾ ਹੋਣ ਕਰਕੇ ਰਬੀ ਨਿਯਮਾਂ ਦੁਆਰਾ (ਗੁਰੂ ਅੰਗਦ ਦੇਵ ਨੂੰ ਆਤਮਿਕ) ਪ੍ਰਕਾਸ਼ ਹੋ ਗਿਆ॥” ਗੁਰੂ ਦੀ ਕਚਿਹਰੀ ਵਿੱਚ… ਗੁਰੂ .. ਨੂੰ ਆਤਮਿਕ ਪ੍ਰਕਾਸ਼ ਹੋ ਗਿਆ???? ਇਹ ਕੀ ਗੱਲ ਬਣੀ?
ਬਰਾੜ ਜੀ! *ਆਤਮਕਿ ਪ੍ਰਕਾਸ਼* ਕੋਈ ਭੌਤਿਕ ਕਿਰਿਆ ਹੈ ਜਾਂ ਰਸਾਰਿਣਕ?
5- “ਮਨ ਤੁਆਨਾ ਤੂ ਕੁਦਰਤੀ ਆਇਆ॥”
ਤੁਹਾਡੇ ਅਰਥ- ਹੇ ਮਨ! (ਪ੍ਰਭੂ) ਬਲਵਾਨ ਹੈ ਤੇ (ਉਸ ਬਲਵਾਨ) ਦੀ ਕਿਰਿਆਵਾਂ ਨੂੰ ਚਲਾਉਣ ਦੀ ਸ਼ਕਤੀ ਕਰਕੇ ਹੀ ਜਾਂ ਰਬੀ ਨਿਯਮਾਂ ਦੁਆਰਾ ਹੀ ਏਸ ਜਗ ਵਿੱਚ ਆਇਆ ਹੈਂ।
ਬਰਾੜ ਜੀ! ਦੱਸ ਸਕਦੇ ਹੋ ਕਿ ਕਿਹੜੀਆਂ ਭੌਤਿਕ ਅਤੇ ਰਸਾਇਣਕ ਕਿਰਿਆਵਾਂ ਦੁਆਰਾ ‘ਮਨ’ ਜਗ ਤੇ ਆਇਆ ਹੈ?
(ਨੋਟ- ਮੈਂ ਸਰੀਰ ਦੇ ਜਗ ਤੇ ਆਉਣ ਦੀ ਗੱਲ ਨਹੀਂ ‘ਮਨ’ ਦੀ ਗੱਲ ਕਰ ਰਿਹਾ ਹਾਂ)।"
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
ਗੁਰਬਾਣੀ ਵਿਆਖਿਆ ਵਿਚ ਮਨਮਤਿ !
Page Visitors: 3316