ਚੰਡੀਗੜ੍ਹ ਫਾਰਐਵਰ ਡਾਇਮੰਡ ਦੀ ਲੁੱਟ ਦਾ ਮਾਮਲਾ – ਮਾਲਕ ਨੇ ਹੀ ਕਰਵਾਈ ਸੀ ਕਰੋੜਾਂ ਦੀ ਚੋਰੀ!
ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਚੰਡੀਗੜ੍ਹ ਦੇ ਸੈਕਟਰ 17 ਸਥਿਤ ਫਾਰਐਵਰ ਡਾਇਮੰਡ ਨਾਮੀਂ ਜਵਾਲਰੀ ਸ਼ੌਪ ਵਿੱਚ ਦਿਨ ਦਿਹਾੜੇ ਹੋਈ ਕਰੋੜਾਂ ਦੀ ਲੁੱਟ ਨੇ ਸਨਸਨੀ ਫੈਲਾ ਦਿੱਤੀ ਸੀ। ਪੁਲਿਸ ਨੇ ਇਸ ਵੱਡੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਦੁਕਾਨ ਮਾਲਕਾਂ ਵਿਨੋਦ ਅਤੇ ਰਜਨੀਸ਼ ਵਰਮਾ ਨੇ ਹੀ ਇਹ ਡਰਾਮਾ ਰਚਿਆ ਸੀ। ਪੁਲਿਸ ਮੁਤਾਬਕ ਦੋਹਾਂ ਨੇ 10 ਕਰੋੜ ਦੀ ਬੀਮਾ ਰਕਮ ਲੈਣ ਲਈ ਡਰਾਮਾ ਰਚਿਆ।
ਪੁਲਿਸ ਨੇ ਦੱਸਿਆ ਕਿ ਵਿਨੋਦ ਨੇ ਆਪਣੇ ਜਾਣਕਾਰਾਂ ਨੂੰ ਹੀ ਉਸ ਨੇ ਦੁਕਾਨ ਵਿੱਚ ਬੁਲਾਇਆ। ਖੁਦ ਹੀ ਗੱਡੀ ਵਿੱਚ ਬਿਠਾ ਕੇ ਉਨ੍ਹਾਂ ਨੂੰ ਬੱਸ ਅੱਡੇ ਛੱਡ ਕੇ ਆਇਆ। ਘਟਨਾ ਤੋਂ ਇੱਕ ਦਿਨ ਪਹਿਲਾਂ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਦੀਆਂ ਤਾਰਾਂ ਕਟਰ ਨਾਲ ਕੱਟ ਦਿੱਤੀਆਂ। ਦੁਕਾਨ ਦੇ ਮੈਨੇਜਰ ਨੂੰ ਜਾਣ-ਬੁੱਝ ਕੇ ਬਾਹਰ ਭੇਜ ਦਿੱਤਾ। ਦੁਕਾਨ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਨੂੰ ਕਿਹਾ ਕਿ ਉਹ ਨਾ ਤਾਂ ਕੱਲ੍ਹ ਖੁਦ ਆਵੇ ਅਤੇ ਨਾ ਹੀ ਦੂਜੀਆਂ ਕੁੜੀਆਂ ਨੂੰ ਆਉਣ ਦੇਵੇ। ਫਿਰ ਕਥਿਤ ਘਟਨਾ ਤੋਂ ਬਾਅਦ 100 ਨੰਬਰ ‘ਤੇ ਫੋਨ ਕਰਨ ਦੀ ਬਜਾਏ ਪੁਲਿਸ ਥਾਣੇ ਵਿੱਚ ਜਾ ਕੇ ਰਿਪੋਰਟ ਲਿਖਵਾਉਣਾ ਪੁਲਿਸ ਨੂੰ ਸ਼ੱਕੀ ਲੱਗਿਆ। ਇਸ ਤੋਂ ਇਲਾਵਾ 2 ਮਈ ਨੂੰ ਇੱਕ ਹੋਰ ਜਵੈਲਰ ਤੋਂ ਕਥਿਤ ਤੌਰ ‘ਤੇ ਫਰਜ਼ੀ ਬਿੱਲ ਬਣਵਾਉਣੇ ਵੀ ਪੁਲਿਸ ਨੂੰ ਸ਼ੱਕੀ ਲੱਗੇ। ਘਟਨਾ ਤੋਂ ਇੱਕ ਦਿਨ ਬਾਅਦ ਯਾਨੀ 2 ਮਈ ਨੂੰ ਰਜਨੀਸ਼ ਪੰਚਕੁਲਾ ਦੇ ਇੱਕ ਹਸਪਾਤਲ ਵਿੱਚ ਦਾਖਲ ਹੋ ਗਿਆ ਅਤੇ 6 ਮਈ ਤੋਂ ਉੱਥੋਂ ਫਰਾਰ ਹੈ। ਜਦਕਿ ਵਿਨੋਦ 7 ਤਾਰੀਖ ਨੂੰ ਹਸਪਤਾਲ ਦਾਖਲ ਹੋ ਗਿਆ ਤਾਂ ਜੋ ਗ੍ਰਿਫਤਾਰੀ ਨਾ ਹੋ ਸਕੇ। ਵਿਨੋਦ ਨੇ ਕਿਹਾ ਕਿ ਪੁਲਿਸ ਝੂਠੀ ਕਹਾਣੀ ਬਣਾ ਰਹੀ ਹੈ ਅਤੇ ਉਨ੍ਹਾਂ ਨੇ ਡਰਾਮਾ ਨਹੀਂ ਰਚਿਆ।