ਕੈਲਗਰੀ ਵਿੱਚ ਪੰਜਾਬੀ ਦੇ ਮਕਾਨ ਨੂੰ ਲੱਗੀ ਅੱਗ, ਪੰਜ ਹਲਾਕ
ਕੈਲਗਰੀ, 8 ਮਈ (ਪੰਜਾਬ ਮੇਲ)- ਇਥੇ ਇੱਕ ਮਕਾਨ ’ਚ ਅੱਗ ਲੱਗਣ ਕਾਰਨ ਇਸ ਵਿੱਚ ਰਹਿੰਦੇ ਪੰਜ ਪੰਜਾਬੀਆਂ ਦੀ ਮੌਤ ਹੋ ਗਈ। ਕੈਲਗਰੀ ਪੁਲੀਸ ਨੇ ਹਾਲੇ ਤੱਕ ਇਸ ਹਾਦਸੇ ’ਚ ਮਰੇ ਵਿਅਕਤੀਆਂ ਦੇ ਵੇਰਵੇ ਜਾਰੀ ਨਹੀਂ ਕੀਤੇ ਹਨ ਪਰ ਸੂਤਰਾਂ ਅਨੁਸਾਰ ਇਹ ਪੰਜੋਂ ਜਣੇ ਪੰਜਾਬੀ ਸਨ। ਕੈਲਗਰੀ ਫਾਇਰ ਵਿਭਾਗ ਦੇ ਮੁਖੀ ਸਟੀਵ ਡੌਂਗਵਰਥ ਨੇ ਦੱਸਿਆ ਕਿ ਰਾਤ ਦੇ ਡੇਢ ਵਜੇ ਅੱਗ ਬੁਝਾਊ ਅਮਲਾ ਫਾਲਕਨਰਿੱਜ ਕਮਿਊਨਿਟੀ ਦੇ ਇਸ ਮਕਾਨ ਨੂੰ ਲੱਗੀ ਅੱਗ ਬੁਝਾਉਣ ਪੁੱਜਾ ਤਾਂ ਅੱਗ ਨਾਲ ਦੇ ਘਰਾਂ ਨੂੰ ਵੀ ਲਪੇਟ ਵਿੱਚ ਲੈਣ ਲੱਗ ਪਈ ਸੀ। ਉਨ੍ਹਾਂ ਦੱਸਿਆ ਕਿ ਮਕਾਨ ’ਚੋਂ ਪੰਜ ਲਾਸ਼ਾਂ ਮਿਲੀਆਂ ਹਨ।
ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਇਸ ਘਰ ਦੇ ਹਾਲਾਤ ਸੁਖਾਵੇਂ ਨਹੀਂ ਸਨ। ਲੋਕਾਂ ਵਿੱਚ ਇਹ ਘਰ ‘ਪਾਰਟੀ ਹਾਊਸ’ ਦੇ ਨਾਂ ਨਾਲ ਮਸ਼ਹੂਰ ਸੀ। ਦੇਰ ਰਾਤ ਦੀਆਂ ਪਾਰਟੀਆਂ ਬੰਦ ਕਰਾਉਣ ਲਈ ਪੁਲੀਸ ਇਸ ਘਰ ’ਚ ਪਹਿਲਾਂ ਵੀ ਆ ਚੁੱਕੀ ਸੀ। ਪੁਲੀਸ ਨੇ ਘਰ ਦੀ ਨਾਕਾਬੰਦੀ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।