ਉੱਤਰੀ ਕੋਰੀਆ ਨੇ ਫਿਰ ਡਰਾਇਆ ਅਮਰੀਕਾ
ਵਾਸ਼ਿੰਗਟਨ, 7 ਮਈ (ਪੰਜਾਬ ਮੇਲ) – ਨਾਰਥ ਕੋਰੀਆ ਇੱਕ ਵਾਰ ਫਿਰ ਤੋਂ ਪਰਮਾਣੂ ਧਮਾਕਾ ਕਰ ਸਕਦਾ ਹੈ। ਅਮਰੀਕੀ ਪਰਮਾਣੂ ਮਹਿਰਾਂ ਨੇ ਇਸ ਗੱਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਸਬੰਧੀ ਅਮਰੀਕਾ ਨੇ ਉਪ ਗ੍ਰਹਿ ਤੋਂ ਕੁਝ ਤਸਵੀਰਾਂ ਵੀ ਲਈਆਂ ਹਨ। ਅਮਰੀਕਾ ਨੇ ਇਹ ਤਸਵੀਰਾਂ ਪੰਜ ਮਈ ਨੂੰ ਲਈਆਂ ਸਨ ਜਿਸ ਵਿੱਚ ਇੱਕ ਥਾਂ ਉਤੇ ਕਾਫ਼ੀ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਹਨ। ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੀ 38 ਨਾਰਥ ਵੈੱਬਸਾਈਟ ਅਨੁਸਾਰ ਤਸਵੀਰਾਂ ਵਿੱਚ ਪ੍ਰਮਾਣੂ ਟੈਸਟ ਸਾਈਟ ਪੂਨਗੇ-ਰੀ ਉੱਤੇ ਕਾਫ਼ੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਮਾਹਿਰਾਂ ਅਨੁਸਾਰ ਇਹ ਹਲਚਲ ਕਿਸੇ ਟੈਸਟ ਦੀ ਤਿਆਰੀ ਨੂੰ ਲੈ ਕੇ ਹੈ। ਅਮਰੀਕਾ ਨੂੰ ਖ਼ਦਸ਼ਾ ਹੈ ਕਿ ਨਾਰਥ ਕੋਰੀਆ ਦੀਆਂ ਇਹ ਤਿਆਰੀਆਂ ਪੰਜਵੇਂ ਪਰਮਾਣੂ ਟੈਸਟ ਨੂੰ ਲੈ ਕੇ ਹੈ। ਅਮਰੀਕਾ ਅਨੁਸਾਰ ਜੋ ਤਸਵੀਰਾਂ ਵਿੱਚ ਹਲਚਲ ਲੱਗ ਰਹੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਜਨਵਰੀ ਮਹੀਨੇ ਵਿੱਚ ਸੀ। ਇਸ ਮਹੀਨੇ ਹੀ ਨਾਰਥ ਕੋਰੀਆਂ ਨੇ ਪਰਮਾਣੂ ਪ੍ਰੇਖਣ ਕਰ ਕੇ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ।