ਕੇਜਰੀਵਾਲ ਨੂੰ ਦਿੱਲੀ ਪੁਲਿਸ ਨੂੰ ਠੁੱਲਾ ਕਹਿਣ ‘ਤੇ ਸੰਮਨ ਜਾਰੀ
ਨਵੀਂ ਦਿੱਲੀ, 7 ਮਈ (ਪੰਜਾਬ ਮੇਲ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 10 ਮਹੀਨੇ ਪੁਰਾਣੇ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਇਕ ਸੰਮਨ ਭੇਜਿਆ ਹੈ। ਕੇਜਰੀਵਾਲ ਵੱਲੋਂ ਪੁਲਿਸ ਵਾਲਿਆਂ ਨੂੰ ਠੁੱਲਾ ਕਹਿਣ ਤੋਂ ਬਾਅਦ ਦਾਖਲ ਕੀਤੀ ਗਈ ਸ਼ਿਕਾਇਤ ਦਾ ਖੁਦ ਨੋਟਿਸ ਲੈਂਦੇ ਹੋਏ ਹੁਣ ਦਿੱਲੀ ਕੋਰਟ ਨੇ ਕੇਜਰੀਵਾਲ ਨੂੰ 14 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਸਬੰਧੀ ਇਕ ਹੌਲਦਾਰ ਨੇ ਸ਼ਿਕਾਇਤ ਵੀ ਦਾਖਲ ਕੀਤੀ ਸੀ। ਸ਼ਿਕਾਇਤਕਰਤਾ ਹਰਵਿੰਦਰ ਦੇ ਵਕੀਲ ਐਲ ਐਨ ਰਾਓ ਨੇ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ‘ਠੁੱਲਾ’ ਸ਼ਬਦ ਵਰਤੇ ਜਾਣ ਕਾਰਨ ਦਿੱਲੀ ਪੁਲਿਸ ਨੂੰ ਨਮੋਸ਼ੀ ਹੋਈ ਹੈ। ਗੋਵਿੰਦਪੁਰੀ ਥਾਣੇ ਵਿੱਚ ਤਾਇਨਾਤ ਹੌਲਦਾਰ ਨੇ 22 ਜੁਲਾਈ ਨੂੰ ਸ਼ਿਕਾਇਤ ਕੀਤੀ ਸੀ ਕਿ ਸ੍ਰੀ ਕੇਜਰੀਵਾਲ ਵੱਲੋਂ ਵਰਤੇ ਗਏ ਸ਼ਬਦ ਕਾਰਨ ਉਹ ਬੇਇੱਜ਼ਤ ਹੋਇਆ ਹੈ। ਸ਼ਿਕਾਇਤਕਰਤਾ ਮੁਤਾਬਕ ਇਨ੍ਹਾਂ ਸ਼ਬਦਾਂ ਕਾਰਨ ਉਸ ਦੇ ਸਨਮਾਨ ਨੂੰ ਆਮ ਲੋਕਾਂ, ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਸਾਹਮਣੇ ਸੱਟ ਵੱਜੀ ਹੈ। ਪਟੀਸ਼ਨ ਵਿੱਚ ਉਸ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਸੰਵਿਧਾਨਕ ਅਹੁਦੇ ਉੱਤੇ ਤਾਇਨਾਤ ਹਨ ਅਤੇ ਉਨ੍ਹਾਂ ਦਾ ਲੋਕਾਂ ਉੱਤੇ ਕਾਫ਼ੀ ਪ੍ਰਭਾਵ ਹੈ। ਉਨ੍ਹਾਂ ਵੱਲੋਂ ਵਰਤੇ ਗਏ ਸ਼ਬਦ ਕਾਰਨ ਦਿੱਲੀ ਪੁਲਿਸ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲੇਗਾ। ਪਟੀਸ਼ਨਰ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਅਤੇ ਅਮਨ ਭੰਗ ਕਰਨ ਦੀ ਮਨਸ਼ਾ ਦੇ ਦੋਸ਼ ਹੇਠ ਸੰਮਨ ਕੀਤਾ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਦਿੱਲੀ ਪੁਲਿਸ ਦੇ ਉਸ ਹੌਲਦਾਰ ਤੋਂ ਸਪੱਸ਼ਟੀਕਰਨ ਵੀ ਮੰਗਿਆ ਸੀ ਜਿਸ ਨੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦੇ ਦੋਸ਼ ਹੇਠ ਸ਼ਿਕਾਇਤ ਕੀਤੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੰਟਰਵਿਊ ਦੌਰਾਨ ‘ਠੁੱਲਾ’ ਸ਼ਬਦ ਵਰਤਣ ਨਾਲ ਅਮਨ ਕਿਵੇਂ ਭੰਗ ਹੋ ਸਕਦਾ ਹੈ। ਮੈਟਰੋਪੋਲੀਟਨ ਮੈਜਿਸਟਰੇਟ ਨੇ ਇਸ ਪਟੀਸ਼ਨ ਦੀ ਅਗਲੀ ਸੁਣਵਾਈ 14 ਜੁਲਾਈ ਤੱਕ ਅੱਗੇ ਪਾ ਦਿੱਤੀ ਹੈ।