-: ਕੁਦਰਤੀ ਨਿਯਮ ਜਾਂ ਰੱਬੀ ਹੁਕਮ (/ਦੈਵੀ ਪਰਮਾਤਮਾ)? :-
ਇਹ ਲੇਖ ਗੁਰਦੀਪ ਜੀ ਡੀ ਨਾਲ ਫੇਸ ਬੁਕ ਤੇ ਹੋਏ ਮੇਰੇ ਵਿਚਾਰ ਵਟਾਂਦਰੇ ਸੰਬੰਧੀ ਹੈ:-
ਗੁਰਦੀਪ ਜੀ ਡੀ:-
ਸਚਿਆਰ ਹੋ ਜਾਣ ਨਾਲ ਮੌਤ ਦਾ ਭੈਅ ਮੁੱਕ ਜਾਂਦਾ ਹੈ। ਪਰ- ਸਚਿਆਰ ਹੋਏਗਾ ਕੌਣ? ਜਿਸ ਨੂੰ ਸੱਚ ਦਾ ਪਤਾ ਲੱਗ ਗਿਆ ਕਿ ਇਹ ਮੰਦਰਾਂ ਗੁਰਦੁਆਰਿਆਂ ਮਸੀਤਾ ਤੇ ਗਿਰਜਿਆਂ ਦੇ ਕਰਮ ਕਾਂਡਾਂ ਵਿੱਚ ਉਪਲਭਦ ਹੋ ਸਕਣ ਵਾਲਾ ***ਕੋਈ ਦੈਵੀ ਪਰਮਾਤਮਾ*** ਨਹੀਂ ਸਗੋਂ ਸੰਪੂਰਨ ਬ੍ਰਹਿਮੰਡ ਨੂੰ ਗਤੀ-ਸ਼ੀਲ ਰੱਖਣ ਵਾਲੇ ਕੁਦਰਤੀ ਨਿਯਮਾਂ ਦੀ ਸਮਝ ਹੀ ਉਹ ਸੱਚ ਹੈ ਜਿਸ ਨਾਲ ਜ਼ਿੰਦਗੀ ਨੂੰ ਸੁਖਾਂ ਭਰਪੂਰ ਬਣਾਇਆ ਜਾ ਸਕਦਾ ਹੈ। **ਕੁਦਰਤੀ ਨਿਯਮਾਂ ਨੂੰ ਸਮਝਣਾ ਹੈ ਸਚਿਆਰਾ ਹੋਣਾ ਹੈ**। ਜਿੰਨੀ ਹਿੱਸੇ ਆਈ ਕੁਦਰਤ ਦੇ ਹੁਕਮ ਵਿੱਚ ਜੀਵੀ। ਮੌਤ ਤੋਂ ਕਾਹਦਾ ਭੈਅ ਇਹ ਵੀ ਤੇ ਕੁਦਰਤ ਦੇ ਇੱਕ ਨਿਯਮ ਚੋਂ ਬਦਲ ਕੇ ਦੂਜੇ ਨਿਯਮ ਵਿੱਚ ਜਾਣ ਦਾ ਨਾਂ ਹੈ... ਰਹਿੰਦਾ ਤਾਂ ਕੁਦਰਤ ਦੇ ਨਿਯਮ ਵਿਚ ਹੀ।
ਜਸਬੀਰ ਸਿੰਘ ਵਿਰਦੀ:-
ਗੁਰਦੀਪ ਜੀ ਡੀ ਜੀ! ਤੁਹਾਡੇ ਕਹਿਣ ਦਾ ਭਾਵ ਹੈ ਕਿ- ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਹੈ। ਜਾਣੀ ਕਿ ਗੁਰਬਾਣੀ ਪੜ੍ਹਨ ਦੀ ਬਜਾਏ ਸਾਇੰਸ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਕਿ ਵਧ ਤੋਂ ਵਧ ਕੁਦਰਤੀ ਨਿਯਮਾਂ ਦੀ ਸਮਝ ਆ ਸਕੇ। ਜਾਣੀ ਕਿ ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਲੋਕ ਜਿਆਦਾ ਤੋਂ ਜਿਆਦਾ ਸਚਿਆਰੇ ਹੁੰਦੇ ਜਾਂਦੇ ਹਨ। ਜਾਣੀ ਕਿ ਗੁਰੂ ਸਾਹਿਬਾਂ ਦੇ ਸਮੇਂ ਲੋਕ ਏਨੇ ਸਚਿਆਰੇ ਨਹੀਂ ਸਨ ਜਿੰਨੇ ਅੱਜ ਦੇ ਸਮੇਂ ਹਨ। ਕਿਉਂਕਿ ਉਸ ਵਕਤ ਲੋਕਾਂ ਨੂੰ ਕੁਦਰਤੀ ਨਿਯਮਾਂ ਦੀ ਏਨੀ ਸਮਝ ਨਹੀਂ ਸੀ ਜਿੰਨੀ ਅੱਜ ਹੈ। ਜਾਣੀ ਕਿ ਆਉਣ ਵਾਲੀਆਂ ਸਦੀਆਂ ਵਿੱਚ ਲੋਕ ਅੱਜ ਨਾਲੋਂ ਵਧ ਸਚਿਆਰੇ ਹੋਣਗੇ??? ਇਹੀ ਮਤਲਬ ਬਣਿਆ ਨਾ???
ਗੁਰਦੀਪ ਜੀ ਡੀ:-
ਗੁਰਬਾਣੀ ਵਿੱਚ ਕੁਦਰਤ ਦੇ ਨਿਯਮਾਂ ਦੀ ਇਸ ਵਿਵਸਥਾ ਏਕੰਕਾਰ ਸ਼ਬਦ ਦੀ ਵਰਤੋਂ ਹੋਈ ਹੈ। ਸਾਨੂੰ ਏਕੰਕਾਰੁ ਨੂੰ ਸਮਝਣਾ ਚਾਹੀਦਾ ਹੈ ਤੇ ਆਪਣਾ ਜੀਵਨ ਉਸ ਦੇ ਨਿਯਮਾਂ ਅਨੁਸਾਰ ਜੀਣਾ ਚਾਹੀਦਾ ਹੈ। ਸਾਡੇ ਸਾਰੇ ਫੈਸਲਿਆਂ ਉਪਰ ਕੁਦਰਤ ਦੇ ਨਿਯਮਾਂ ਤੇ ਉਨ੍ਹਾਂ ਦੀ ਵਿਵਸਥਾ ਬਾਰੇ ਸਾਡਾ ਨਜ਼ਰੀਆ ਸ਼ਾਮਲ ਹੋਣਾ ਚਾਹੀਦਾ ਹੈ। ੴ ਹੀ ਉਹ ਵਿਵਸਥਾ ਹੈ ਜੋ ਸਾਰੇ ਬ੍ਰਹਿਮੰਡ ਵਿੱਚ ਸਿਰਫ ਇੱਕ ਹੈ। ਵਿਗਿਆਨ ਵੀ ਇਨ੍ਹਾਂ ਨਿਯਮਾਂ ਦੀ ਖੋਜਬੀਨ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਐਪਲਾਈ ਕਰਦਾ ਹੈ। ਇਨ੍ਹਾਂ ਨਿਯਮਾਂ ਵਿੱਚ ਪਹਿਲਾ ਨਿਯਮ ਹੈ ਹਰ ਘਟਨਾ ਦੇ ਪਿਛੇ ਕਿਸੇ ਕਾਰਨ ਦਾ ਹੋਣਾ ਤੇ ਹਰ ਕਾਰਨ ਤੋਂ ਕਿਸੇ ਸਿੱਟੇ ਦੇ ਰੂਪ ਵਿੱਚ ਘਟਨਾ ਦਾ ਵਾਪਰਨਾ। (ਆਸਾ ਦੀ ਵਾਰ)
ਜਸਬੀਰ ਸਿੰਘ ਵਿਰਦੀ:-
ਗੁਰਦੀਪ ਜੀ ਡੀ ਜੀ! ਏਕੰਕਾਰ ਸ਼ਬਦ ਦੀ ਵਰਤੋਂ ਤੋਂ ਤੁਸੀਂ ਕਿਵੇਂ ਅਰਥ ਕਢ ਲਿਆ ਕਿ “ਕੁਦਰਤੀ ਨਿਯਮਾਂ ਨੂੰ ਸਮਝਣਾ ਹੀ, ਸਚਿਆਰਾ ਹੋਣਾ ਹੈ”? ਤੁਸੀਂ ਲਿਖਿਆ ਹੈ- “ਸਾਨੂੰ ਏਕੰਕਾਰੁ ਨੂੰ ਸਮਝਣਾ ਚਾਹੀਦਾ ਹੈ ਤੇ ਆਪਣਾ ਜੀਵਨ ਉਸ ਦੇ ਨਿਯਮਾਂ ਅਨੁਸਾਰ ਜੀਣਾ ਚਾਹੀਦਾ ਹੈ।” ਜ਼ਰਾ ਆਪਣੇ ਸ਼ਬਦਾਂ ਵਿੱਚ “ਏਕੰਕਾਰ ਨੂੰ ਸਮਝਾਉਣ ਦੀ ਖੇਚਲ ਕਰੋਗੇ? ਦੱਸਣ ਦੀ ਖੇਚਲ ਕਰੋਗੇ ਕਿ “ੴ ਹੀ ਉਹ ਵਿਵਸਥਾ ਹੈ ਜੋ ਸਾਰੇ ਬ੍ਰਹਿਮੰਡ ਵਿੱਚ ਸਿਰਫ ਇੱਕ ਹੈ।” ਦੇ ਅਰਥ “ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਕਿਵੇਂ ਹੈ”? ਦੱਸਣ ਦੀ ਖੇਚਲ ਕਰੋਗੇ ਕਿ ਗੁਰਬਾਣੀ ਦੀ ਕਿਸ ਪੰਗਤੀ ਦੇ ਆਧਾਰ ਤੇ ਤੁਸੀਂ ਇਹ ਸਿਧਾਂਤ ਪੇਸ਼ ਕਰ ਰਹੇ ਹੋ ਕਿ- “ਵਿਗਿਆਨ ਵੀ ਇਨ੍ਹਾਂ ਨਿਯਮਾਂ ਦੀ ਖੋਜਬੀਨ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਐਪਲਾਈ ਕਰਦਾ ਹੈ।” ਜੇ ਇਹ ਵਿਗਿਆਨ ਦੀ ਗੱਲ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਥੇ ਗੁਰਬਾਣੀ /ਗੁਰਮਤਿ ਵਿਚਾਰ ਚੱਲ ਰਹੀ ਹੈ, ਨਾ ਕਿ ਵਿਗਿਆਨ ਦੀ। “ਇਨ੍ਹਾਂ ਨਿਯਮਾਂ ਵਿੱਚ ਪਹਿਲਾ ਨਿਯਮ ਹੈ ਹਰ ਘਟਨਾ ਦੇ ਪਿਛੇ ਕਿਸੇ ਕਾਰਨ ਦਾ ਹੋਣਾ ਤੇ ਹਰ ਕਾਰਨ ਤੋਂ ਕਿਸੇ ਸਿੱਟੇ ਦੇ ਰੂਪ ਵਿੱਚ ਘਟਨਾ ਦਾ ਵਾਪਰਨਾ। (ਆਸਾ ਦੀ ਵਾਰ)”
ਗੁਰਦੀਪ ਜੀ! ਦੱਸਣ ਦੀ ਖੇਚਲ ਕਰੋਗੇ ਕਿ ਬ੍ਰਹਮੰਡ ਉਤਪਤੀ ਪਿੱਛੇ ਕਿਹੜਾ ਕਾਰਨ ਸੀ?
ਗੁਰਦੀਪ ਜੀ ਡੀ:- ਗੁਰਬਾਣੀ ਦਾ ਡੂੰਘਾ ਅਧਿਅਨ ਕਰੋ, ਸਟੀਕਾਂ ਦੀ ਵਰਤੋਂ ਨਾ ਕਰਕੇ ਖੁਦ ਹਰ ਸ਼ਬਦ ਨੂੰ ਉਸ ਦੇ ਸੰਧਰਭ, ਪਿਛੋਕੜ ਤੇ ਵਰਤੋਂ ਦੇ ਹਿਸਾਬ ਨਾਲ ਪੜ੍ਹੋ ਤੇ ਜਿਵੇਂ ਮੈਨੂੰ ਸਮਝ ਆਈ ਹੈ, ਤੁਹਾਨੂੰ ਵੀ ਸਮਝ ਆ ਜਾਏਗੀ....। ਦੇਖੋ ਗੁਰੂ ਸਾਹਿਬ ਨੇ ਆਪਣੀ ਗੱਲ ਸਮਝਾਉਣ ਲਈ ਅਰਥ ਸੰਚਾਰ ਦੀ ਕਿਹੜੀ ਵਿਧੀ ਦੀ ਕਿਵੇਂ ਵਰਤੋਂ ਕੀਤੀ ਹੈ। ਵਿਗਿਆਨ ਵੀ ਕੁਦਰਤ ਉਪਰ ਕੰਮ ਕਰਦਾ ਹੈ ਤੇ ਗੁਰਬਾਣੀ ਵੀ। ਜੇ ਤੁਸੀਂ ਏਕੰਕਾਰ ਦੀ ਵਰਤੋਂ ਬਾਰੇ ਸਪਸ਼ਟ ਨਹੀਂ ਹੋਏ ਤਾਂ ਮੇਰੀ ਜਾਚੇ ਤੁਹਾਨੂੰ ਗੁਰਬਾਣੀ ਦੇ ਗਹਿਣ ਅਧਿਅਨ ਦੀ ਲੋੜ ਹੈ। ਇਹ ਸ਼ਬਦ ‘ੴ’ ਗੁਰ ਸਾਹਿਬ ਦਾ ਆਪਣਾ ਸ਼ਬਦ ਹੈ ਜੋ ਭਗਤ ਬਾਣੀ ਵਿੱਚ ਨਹੀਂ ਆਉਂਦਾ। ਮਤਲਬ ਇਸ ਦਾ ਸੰਕਲਪ ਪ੍ਰਚਲਤ ਜਾਂ ਰਵਾਇਤੀ ਨਹੀਂ ਹੈ। ਇਹ ਸ਼ਬਦ ਹੀ ੴ ਦਾ ਉਚਾਰਨ ਹੈ। ਇਹ ਇੱਕ ਚਿੰਨ੍ਹ ਹੈ। ਜਿਸ ਦਾ ਕੋਡ ਸਾਨੂੰ ਦੱਖਣੀ ਓਅੰਕਾਰ ਵਿੱਚ ਵੀ ਨਹੀਂ ਮਿਲਦਾ।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਮੈਨੂੰ ਹਾਲੇ ਸਮਝ ਨਹੀਂ ਆਈ ਇਸੇ ਲਈ ਤਾਂ ਤੁਹਾਡੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਹਾਡੇ ਕੋਲੋਂ ਅਸਲੀ ਅਧਿਆਤਮਕਤਾ ਬਾਰੇ ਜਾਨਣ ਲਈ ਹੀ ਤਾਂ ਮੈਂ ਪੁੱਛਿਆ ਸੀ ਕਿ- “ ਏਕੰਕਾਰ ਸ਼ਬਦ ਦੀ ਵਰਤੋਂ ਤੋਂ ਤੁਸੀਂ ਕਿਵੇਂ ਅਰਥ ਕਢ ਲਿਆ ਕਿ “ਕੁਦਰਤੀ ਨਿਯਮਾਂ ਨੂੰ ਸਮਝਣਾ ਹੀ, ਸਚਿਆਰਾ ਹੋਣਾ ਹੈ?” ਇਹ ਜੋ ਅਰਥ ਤੁਸੀਂ ਕੱਢੇ ਹਨ, ਇਹਨਾਂ ਦਾ ਕੋਈ ਵਿਧੀ ਵਿਧਾਨ ਵੀ ਹੈ ਜਾਂ ਜਿਸ ਨੂੰ ਜਿਵੇਂ ਠੀਕ ਲੱਗਦਾ ਹੈ ਆਪੋ ਆਪਣੀ ਸਮਝ ਦੇ ਖਿਆਲੀ ਘੋੜੇ ਦੌੜਾ ਕੇ ਆਪੋ ਆਪਣੇ ਅਰਥ ਘੜੀ ਜਾਵੋ। ਸਭ ਠੀਕ ਹੈ, ਕੋਈ ਪੁੱਛਣ ਵਾਲਾ ਨਹੀਂ? ਤੁਹਾਡੇ ਵਿਚਾਰਾਂ ਤੋਂ ਜੋ ਮੈਨੂੰ ਤੁਹਾਡੀ ਅਧਿਆਤਮਕਤਾ ਸਮਝ ਆਈ ਹੈ ਉਹ ਇਹ ਹੈ ਕਿ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਹੀ “ਸਚਿਆਰਾ” ਹੋਣਾ ਹੈ। ਜਾਣੀ ਕਿ ਜਿਉਂ ਜਿਉਂ ਸਾਇੰਸ ਦੀਆਂ ਖੋਜਾਂ ਹੋਈ ਜਾਣਗੀਆਂ ਲੋਕਾਂ ਨੂੰ ਕੁਦਰਤੀ ਨਿਯਮਾਂ ਦੀ ਜਿਆਦਾ ਸਮਝ ਆਈ ਜਾਵੇਗੀ। ਇਸ ਤਰ੍ਹਾਂ ਦਿਨ ਬ ਦਿਨ ਲੋਕੀਂ ਵਧ ਤੋਂ ਵਧ ਸਚਿਆਰੇ ਹੁੰਦੇ ਜਾਣਗੇ। ਇਸ ਦਾ ਮਤਲਬ ਬਣਦਾ ਹੈ ਕਿ ਜੇ ਗੁਰੂ ਸਾਹਿਬਾਂ ਦੇ ਸਮੇਂ ਤੋਂ ਹਿਸਾਬ ਲਗਾਈਏ ਤਾਂ ਉਸ ਵਕਤ ਲੋਕ ਤਕਰੀਬਨ ਨਾਂਹ ਦੇ ਬਰਾਬਰ ਹੀ ਸਚਿਆਰੇ ਸਨ। ਗੁਰੂ ਸਾਹਿਬਾਂ ਦੇ ਸਮੇਂ ਦੇ ਮੁਕਾਬਲੇ ਅੱਜ ਲੋਕ ਜਿਆਦਾ ਸਚਿਆਰੇ ਹਨ। ਅਤੇ ਆਉਣ ਵਾਲੀਆਂ ਸਦੀਆਂ ਵਿੱਚ ਲੋਕਾਂ ਦਾ ਆਚਰਣ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਪਰ ਅੱਜ ਨਾਲੋਂ ਕਿਤੇ ਵਧ ਸਚਿਆਰੇ ਹੋਣਗੇ। ਇਸ ਹਿਸਾਬ ਨਾਲ ਤਾਂ ਕਿਸੇ ਹੱਦ ਤੱਕ ਇੱਲ ਵੀ ਸਚਿਆਰੀ ਹੋਈ, ਜਿਸ ਤੋਂ ਕੁਦਰਤੀ ਨਿਯਮਾਂ ਦੀ ਸਮਝ ਲੈ ਕੇ ਹਵਾਈ ਜਹਾਜ ਦੀ ਕਾਢ ਕਢ ਲਈ ਗਈ।
ਜੀ ਡੀ ਜੀ! ਇਕ ਓਅੰਕਾਰ ਦੀ ਵਰਤੋਂ ਬਾਰੇ ਹੀ ਤਾਂ ਆਪ ਜੀ ਪਾਸੋਂ ਜਾਣਨਾ ਚਾਹੁੰਦਾ ਹਾਂ ਕਿ “ ਏਕੰਕਾਰ ਸ਼ਬਦ ਦੀ ਵਰਤੋਂ ਤੋਂ ਤੁਸੀਂ ਕਿਵੇਂ ਅਰਥ ਕਢ ਲਿਆ ਕਿ “ਕੁਦਰਤੀ ਨਿਯਮਾਂ ਨੂੰ ਸਮਝਣਾ ਹੀ, ਸਚਿਆਰਾ ਹੋਣਾ ਹੈ”? ਤੁਸੀਂ ਲਿਖਿਆ ਹੈ- “ਜੇ ਤੁਸੀਂ ਏਕੰਕਾਰ ਦੀ ਵਰਤੋਂ ਬਾਰੇ ਸਪਸ਼ਟ ਨਹੀਂ ਹੋਏ ਤਾਂ ਮੇਰੀ ਜਾਚੇ ਤੁਹਾਨੂੰ ਗੁਰਬਾਣੀ ਦੇ ਗਹਿਣ ਅਧਿਅਨ ਦੀ ਲੋੜ ਹੈ। ਇਹ ਸ਼ਬਦ ਗੁਰ ਸਾਹਿਬ ਦਾ ਆਪਣਾ ਸ਼ਬਦ ਹੈ ਜੋ ਭਗਤ ਬਾਣੀ ਵਿੱਚ ਨਹੀਂ ਆਉਂਦਾ। ਮਤਲਬ ਇਸ ਦਾ ਸੰਕਲਪ ਪ੍ਰਚਲਤ ਜਾਂ ਰਵਾਇਤੀ ਨਹੀਂ ਹੈ।” ਗੁਰਦੀਪ ਜੀ ਡੀ ਜੀ! ਜਾਣੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ, ਭਗਤਾਂ ਨੇ ਆਪਣੀ ਬਾਣੀ ਵਿੱਚ ਮਨੁੱਖਤਾ ਨੂੰ ਸਚਿਆਰਾ ਬਣਨ ਦਾ ਸੁਨੇਹਾ ਨਹੀਂ ਦਿੱਤਾ। ਕਿਉਂਕਿ ਤੁਹਾਡੇ ਮੁਤਾਬਕ- “ਗੁਰਬਾਣੀ ਵਿੱਚ ਕੁਦਰਤ ਦੇ ਨਿਯਮਾਂ ਦੀ ਇਸ ਵਿਵਸਥਾ **ਏਕੰਕਾਰ** ਸ਼ਬਦ ਦੀ ਵਰਤੋਂ ਹੋਈ ਹੈ। ਅਤੇ ਭਗਤ ਬਾਣੀ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਨਹੀਂ ਹੋਈ। ਸਾਨੂੰ ਏਕੰਕਾਰੁ ਨੂੰ ਸਮਝਣਾ ਚਾਹੀਦਾ ਹੈ ਤੇ ਆਪਣਾ ਜੀਵਨ ਉਸ ਦੇ ਨਿਯਮਾਂ ਅਨੁਸਾਰ ਜੀਣਾ ਚਾਹੀਦਾ ਹੈ।” ਅਤੇ ਤੁਹਾਡੇ ਮੁਤਾਬਕ “ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਹੈ” ਤੁਸੀਂ ਲਿਖਿਆ ਹੈ- “ਇਹ ਸ਼ਬਦ ਹੀ ੴ ਦਾ ਉਚਾਰਨ ਹੈ। ਇਹ ਇੱਕ ਚਿੰਨ੍ਹ ਹੈ। ਜਿਸ ਦਾ ਕੋਡ ਸਾਨੂੰ ਦੱਖਣੀ ਓਅੰਕਾਰ ਵਿੱਚ ਵੀ ਨਹੀਂ ਮਿਲਦਾ।” ਜੀ ਡੀ ਜੀ! ਮੈਂ ਨਹੀਂ ਸਮਝ ਸਕਿਆ ਕਿ ਇਸ ਦੇ ਉਚਾਰਣ ਬਾਰੇ ਗੱਲ ਕਰਨ ਨਾਲ ਕਿਵੇਂ ਸਾਬਤ ਹੁੰਦਾ ਹੈ ਕਿ ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰੇ ਹੋਣਾ ਹੈ। ਗੁਰਦੀਪ ਜੀ ਡੀ ਜੀ! ਤੁਸੀਂ ਵਿਸ਼ੇ ਤੋਂ ਹਟਕੇ ਜਿਆਦਾ ਗੱਲਾਂ ਕਰਦੇ ਹੋ।ਇਸ ਲਈ ਮੈਨੂੰ ਬਾਰ ਬਾਰ ਆਪਣੇ ਸਵਾਲ ਦੁਹਰਾਉਣੇ ਪੈ ਸਕਦੇ ਹਨ।ਫੇਰ ਇਲਜਾਮ ਤੁਸੀਂ ਮੇਰੇ ਸਿਰ ਹੀ ਲਗਾਉਣਾ ਹੈ ਕਿ ਮੈਂ ਬਾਰ ਬਾਰ ਉਹੀ ਗੱਲਾਂ ਦੁਹਰਾ ਰਿਹਾ ਹਾਂ। ਮਿਹਰਬਾਨੀ ਕਰਕੇ ਵਿਸ਼ੇ ਤੇ ਕੇਂਦ੍ਰਿਤ ਰਹਿਕੇ ਹੀ ਗੱਲ ਕੀਤੀ ਜਾਵੇ।
ਗੁਰਦੀਪ ਜੀ ਡੀ:-
ਗੁਰਬਾਣੀ ਉਹ ਕੁਝ ਬਿਲਕੁਲ ਨਹੀਂ ਹੈ ਜੋ ਅਸੀਂ ਸਮਝਦੇ ਹਾਂ। ਤੁਹਾਨੂੰ ਇਹ ਸ਼ਾਇਦ ਗੱਲ ਬਹੁਤ ਓਪਰੀ ਜਾਪੇ ਪਰਤੂੰ ਗੁਰਬਾਣੀ ਦੇ ਅਧਿਅਨ ਤੋਂ ਮੈਨੂੰ ਇਹੋ ਸਮਝ ਆਈ ਹੈ।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਹੋ ਸਕਦਾ ਹੈ ਕਿ ਅਸੀਂ ਜੋ ਗੁਰਬਾਣੀ ਨੂੰ ਸਮਝਿਆ ਹੈ ਇਹ ਉਸ ਤਰ੍ਹਾਂ ਬਿਲਕੁਲ ਨਾ ਹੋਵੇ, ਪਰ ਕਿਵੇਂ ਮੰਨ ਲਿਆ ਜਾਵੇ ਕਿ ਜਿਸ ਤਰ੍ਹਾਂ ਤੁਸੀਂ ਬਿਆਨ ਕਰ ਰਹੇ ਹੋ ਉਸ ਤਰ੍ਹਾਂ ਹੈ? ਤੁਹਾਨੂੰ ਜੋ ਸਵਾਲ ਕੀਤੇ ਗਏ ਹਨ ਜੇ ਉਹਨਾਂ ਦੇ ਤਰਕ-ਸੰਗਤ ਜਵਾਬ ਮਿਲ ਜਾਂਦੇ ਤਾਂ ਜਰੂਰ ਮੰਨਣਾ ਪੈਣਾ ਸੀ ਕਿ ਤੁਸੀਂ ਜਿਵੇਂ ਗੁਰਬਾਣੀ ਬਿਆਨ ਕਰ ਰਹੇ ਹੋ ਉਹ ਹੀ ਠੀਕ ਹੈ। ਤੁਸੀਂ ਲਿਖਿਆ ਹੈ- “ਤੁਹਾਨੂੰ ਇਹ ਸ਼ਾਇਦ ਗੱਲ ਬਹੁਤ ਓਪਰੀ ਜਾਪੇ ਪਰਤੂੰ ਗੁਰਬਾਣੀ ਦੇ ਅਧਿਅਨ ਤੋਂ ਮੈਨੂੰ ਇਹੋ ਸਮਝ ਆਈ ਹੈ।” ਨਹੀਂ ਵੀਰ ਜੀ! ਮੈਨੂੰ ਇਹ ਗੱਲ ਬਿਲਕੁਲ ਵੀ ਓਪਰੀ ਨਹੀਂ ਲੱਗਦੀ। ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ ਦੇਖਦਾ ਆ ਰਿਹਾ ਹਾਂ ਕਿ ਗੁਰਬਾਣੀ ਦੀਆਂ ਨਵੀਆਂ ਨਵੀਆਂ ਵਿਆਖਿਆਵਾਂ ਪੇਸ਼ ਕਰਨ ਦਾ ਇੱਕ ਕੰਪੀਟੀਸ਼ਨ ਜਿਹਾ ਚੱਲ ਰਿਹਾ ਹੈ। ਹਰ ਕੋਈ, ਨਵੀਂ ਹੀ ਅਤੇ ਪਹਿਲਾਂ ਨਾਲੋਂ ਵੱਖ ਕਿਸਮ ਦੀ ਵਿਆਖਿਆ ਦਾ ਪ੍ਰਦਰਸ਼ਨ ਕਰਕੇ ਵਿਦਵਾਨਾਂ ਦੀ ਕਤਾਰ ਵਿੱਚ ਆਪਣੇ ਆਪ ਨੂੰ ਸਭ ਤੋਂ ਪਹਿਲੇ ਸਥਾਨ ਤੇ ਖੜਾ ਦੇਖਣ ਦੀ ਹੋੜ ਵਿੱਚ ਲੱਗਾ ਹੋਇਆ ਹੈ। ਗੁਰਦੀਪ ਜੀ! ੴ ਦਾ ਅਰਥ, ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ, ਕਿਵੇਂ ਹੈ? ਜੇ ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਹੈ ਤਾਂ ਇਸ ਦਾ ਮਤਲਬ ਸਾਨੂੰ ਗੁਰਬਾਣੀ ਪੜ੍ਹਨ ਦੀ ਬਜਾਏ ਵਿਗਿਆਨ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਗੁਰਬਾਣੀ ਵਿੱਚ ਤਾਂ ਕੁਦਰਤੀ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਕੁਦਰਤੀ ਨਿਯਮਾਂ ਦੀ ਜਾਣਕਾਰੀ ਤਾਂ ਵਿਗਿਆਨ ਦੀਆਂ ਕਿਤਾਬਾਂ ਵਿੱਚੋਂ ਹੀ ਮਿਲਣੀ ਹੈ। ਦੂਸਰੇ ਲਫਜ਼ਾਂ ਵਿੱਚ ਇਸ ਦਾ ਮਤਲਬ ਬਣਦਾ ਹੈ ਕਿ, ਗੁਰੂ ਸਾਹਿਬਾਂ ਨੂੰ ਗੁਰੂ ਮੰਨਣ ਦੀ ਬਜਾਏ ਸਾਨੂੰ ਆਇਨਸਟਾਇਨ ਅਤੇ ਡਾਰਵਿਨ ਨੂੰ ਗੁਰੂ ਮੰਨਣਾ ਚਾਹੀਦਾ ਹੈ। ਆਪਣਾ ਆਚਰਣ ਸੁਧਾਰਣ ਦੀ ਬਜਾਏ ਵਧ ਤੋਂ ਵਧ ਕੁਦਰਤੀ ਨਿਯਮ ਸਮਝਣ ਅਤੇ ਸਿੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ ????????
ਜਿੰਨੀ ਦੇਰ ਇਹਨਾਂ ਸਵਾਲਾਂ ਦੇ ਕੋਈ ਤਰਕ ਸੰਗਤ ਜਵਾਬ ਨਹੀਂ ਮਿਲ ਜਾਂਦੇ, ਓਨੀ ਦੇਰ ਤੁਹਾਡੇ ਵਿਚਾਰ ਓਪਰੇ ਤਾਂ ਨਹੀਂ ਪਰ- ‘ਇੱਲ ਦੀ ਗੜਿ੍ਹਲ, ਤੇ ਕਾਂ ਗੁਟਾਰ ਦਾ ਪਿਉ’ਜਰੂਰ ਲੱਗਦੇ ਹਨ। ਵੀਰ ਜੀ! ਬੇਨਤੀ ਹੈ ਕਿ ਵਿਸ਼ੇ ਦੇ ਦਾਇਰੇ ਅੰਦਰ ਰਹਿਕੇ ਮੇਰੇ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋਗੇ ਤਾਂ ਬੜੀ ਮਿਹਰਬਾਨੀ ਹੋਵੇਗੀ।
ਗੁਰਦੀਪ ਜੀ ਡੀ:-
ਵਿਰਦੀ ਜੀ! ਜਿਹੜੇ ਸਵਾਲ ਤੁਸੀਂ ਮੈਨੂੰ ਕੀਤੇ ਹਨ, ਜੇ ਤੁਸੀਂ ਉਨ੍ਹਾਂ ਦਾ ਉੱਤਰ ਜਾਣਨਾ ਚਾਹੁੰਦੇ ਹੋ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਗੁਰਬਾਣੀ ਵਿੱਚ ਇਨ੍ਹਾਂ ਦਾ ਜਵਾਬ ਪਿਆ ਹੈ, ਪਰ ਇਸ ਵਾਸਤੇ ਤੁਹਾਨੂੰ ਰਵਾਇਤੀ ਪਾਠ ਕਰਨ ਦੀ ਬਜਾਏ ਆਪੇ ਖੋਜਨਾ ਪਵੇਗਾ। ਤੁਰਨਾ ਆਪੇ ਹੀ ਪੈਣਾ ਹੈ ਤੇ ਰਸਤਾ ਵੀ ਆਪੇ ਹੀ ਤੈਅ ਕਰਨਾ ਪਵੇਗਾ। ਇਹ ਕੋਈ ਐਮ ਬੀ ਡੀ ਗਾਇਡ ਨਹੀਂ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਸਿੱਧੇ ਤੌਰ ਤੇ ਲਿ਼ਖੇ ਲੱਭ ਜਾਣਗੇ। ਮੇਰੀ ਸਮਝ ਮੈਨੂੰ 60 ਸਾਲ ਦੇ ਲੰਮੇ ਅਰਸੇ ਤੋਂ ਬਾਦ ਮਿਲੀ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਹੀ ਦੱਸਿਆ ਹੈ ਕਿ ਏਕੰਕਾਰੁ ਤੋਂ ਭਾਵ ਕੁਦਰਤ ਦੇ ਨਿਯਮ ਹੈ, ਗੁਰੂ ਸਾਹਿਬ ਨੇ ਇਸ ਵਾਸਤੇ ਆਪਣੀ ਸ਼ਬਦਾਵਾਲੀ ਵਰਤੀ ਹੈ...... ਮੈਂ ਆਪਣੀ ਲਿਖਤ ਵਿੱਚ ਕੋਈ ਵੀ ਗੱਲ ਗੁਰਬਾਣੀ ਤੋਂ ਬਾਹਰ ਨਹੀਂ ਕੀਤੀ। ਗੁਰਬਾਣੀ ਕਿਵੇਂ ਸਮਝਣੀ ਹੈ, ਕਿਵੇਂ ਮੰਨਣੀ ਹੈ ਤੇ ਕਿਵੇਂ ਉਸ ਨੂੰ ਆਪਣਾ ਜੀਣ ਢੰਗ ਬਣਾਉਣਾ ਹੈ, ਇਸ ਦੇ ਬਾਰੇ ਸਾਰਾ ਕੁਝ ਗੁਰਬਾਣੀ ਵਿੱਚ ਉਪਲਭਦ ਹੈ। ਪਰ ਤੁਹਾਨੂੰ ਖੁਦ ਲੱਭਣਾ ਪਵੇਗਾ। ਸਟੀਕਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ। ਕਿਸੇ ਇਕੱਲੀ ਸਤਰ ਜਾਂ ਪੰਗਤੀ ਦੇ ਕੋਈ ਅਰਥ ਨਹੀਂ, ਤੁਹਾਨੂੰ ਉਸ ਦਾ ਸੰਧਰਭ ਸਮਝਣਾ ਪਵੇਗਾ। ਇਸ ਵਾਸਤੇ ਪੂਰੇ ਸ਼ਬਦ ਨੂੰ ਪੜ੍ਹਨਾ ਪਵੇਗਾ। ਗੁਰੂ ਸਾਹਿਬ ਨੇ ਖੁਦ ਰੋਕਿਆ ਹੈ ਕਿ ਲਕੀਰ ਦੇ ਫਕੀਰ ਨਹੀਂ ਬਣਨਾ ਤਾਂ ਮੈਂ ਤੁਹਾਡੇ ਲਈ ਲਕੀਰ ਵੀ ਕਿਉਂ ਛੱਡਾਂ। (ਜਪੁਜੀ ਸਾਹਿਬ) ਕਾਰਨ ਤੇ ਘਟਨਾ ਦੇ ਸਬੰਧ ਨੂੰ ਸਪਸ਼ਟ ਕੀਤਾ ਹੈ, (ਆਸਾ ਦੀ ਵਾਰ) ਪਰ ਇਸ ਸੱਭ ਕੁਝ ਲਈ ਗੁਰਬਾਣੀ ਨੂੰ ਸਮਝਣਾ ਪਵੇਗਾ, ਡੂੰਘੇ ਅਧਿਅਨ ਨਾਲ.....। ਇਹ ਸਮਝ ਇੱਕ ਕਵੀ ਦੀ ਸਮਝ ਹੈ ਜੋ ਬਹੁਤ ਉੱਚਾ ਉਠ ਕੇ ਸੋਚਦਾ ਹੈ। ਮੇਰੇ ਲਈ ਜਰੂਰੀ ਨਹੀਂ ਕਿ ਮੈਂ ਜਸਬੀਰ ਸਿੰਘ ਵਿਰਦੀ ਜੀ ਨੂੰ ਆਪਣੇ ਨਾਲ ਸਹਿਮਤ ਕਰਾਵਾਂ.... ਜਾਂ ਆਪਣੇ ਪਿਛੇ ਇੱਕ ਵਡੀ ਭੀੜ ਇਕਠੀ ਕਰ ਲਵਾਂ। ਇਸ ਲਈ ਆਪੇ ਆਪਣੀ ਖੋਜ ਕਰੋ, ਮੈਂ ਤਾਂ ਸਿਰਫ ਸੰਕੇਤ ਮਾਤਰ ਦੱਸ ਰਿਹਾ ਹਾਂ ਕਿ ਗੁਰਬਾਣੀ ਦਾ ਭਾਵ ਉਹ ਨਹੀਂ ਜੋ ਸਿੱਖ ਗੁਰਬਾਣੀ ਦੇ ਨਾਂ ਉਪਰ ਪ੍ਰਚਾਰ ਰਹੇ ਹਨ।
ਜਸਬੀਰ ਸਿੰਘ ਵਿਰਦੀ:-
ਗੁਰਦੀਪ ਜੀ ਡੀ ਜੀ! ਹੁਣ ਰਵਾਇਤੀ ਪਾਠਾਂ ਵਾਲੀ ਗੱਲ ਕਿੱਥੋਂ ਆ ਗਈ? ਤੁਸੀਂ ਮੁੱਦੇ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਤੇ ਗੁਰਬਾਣੀ ਖੋਜ ਕੀਤੀ ਹੋਈ ਹੈ ਨਾ? ਫੇਰ ਤੁਸੀਂ ਆਪਣੀ ਲਿਖਤ ਤੋਂ ਉਠੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ, ਵਿਚਾਰ ਨੂੰ ਵਿਸ਼ੇ ਤੋਂ ਖੁੰਝਾਉਣ ਦੀ ਕਿਉਂ ਕੋਸ਼ਿਸ਼ ਕਰੀ ਜਾ ਰਹੇ ਹੋ? ਇਕ ਪਾਸੇ ਤੁਸੀਂ ਕਹਿੰਦੇ ਹੋ ਸਭ ਨੇ ਆਪੇ ਆਪਣੀ ਖੋਜ ਕਰਨੀ ਹੈ। ਨਾਲ ਹੀ ਦੂਜੇ ਪਾਸੇ ਕਹਿ ਰਹੇ ਹੋ ਕਿ ਗੁਰਬਾਣੀ ਦਾ ਭਾਵ ਉਹ ਨਹੀਂ ਜੋ ਸਿੱਖ ਗੁਰਬਾਣੀ ਦੇ ਨਾਂ ਤੇ ਪ੍ਰਚਾਰ ਹਰੇ ਹਨ।
ਗੁਰਦੀਪ ਜੀ! ਤੁਸੀਂ ਆਪਣੀ ਖੋਜ ਬਾਰੇ ਖੁਲਾਸਾ ਕਰਨਾ ਨਹੀਂ ਚਾਹੁੰਦੇ ਤਾਂ ਕਿਵੇਂ ਪਤਾ ਲੱਗੇ ਕਿ ਜੋ ਸਿੱਖ ਗੁਰਬਾਣੀ ਪ੍ਰਚਾਰ ਰਹੇ ਹਨ (ਜੋ ਕਿ ਉਹਨਾਂ ਦੀ ਆਪਣੀ ਖੋਜ ਹੈ) ਉਹ ਠੀਕ ਨਹੀਂ? ‘ਲਕੀਰ ਦੇ ਫਕੀਰ ਨਹੀਂ ਬਣਨਾ, ਇਸੇ ਲਈ ਤੁਸੀਂ ਮੇਰੇ ਲਈ ਲਕੀਰ ਵੀ ਨਹੀਂ ਛੱਡ ਰਹੇ’ ਤਾਂ ਗੁਰਦੀਪ ਜੀ! ‘ੴ’ ਦਾ ਅਰਥ ਕੁਦਰਤੀ ਨਿਯਮਾਂ ਨੂੰ ਸਮਝਣਾ ਹੈ ਅਤੇ ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰ ਹੋਣਾ ਹੈ ਦਾ ਕੀ ਮਤਲਬ ਬਣਦਾ ਹੈ? ਤੁਸੀਂ ਜਿਹੜਾ ਆਪਣੇ ਲੇਖਾਂ ਦਾ ਲਿੰਕ ਪਾਇਆ ਹੈ ਅਤੇ ਲੇਖ ਪੜ੍ਹਨ ਲਈ ਪਰੇਰ ਰਹੇ ਹੋ, ਇਹ ਸਭ ਕੀ ਹੈ? ਕੀ ਇਹ ਲਕੀਰ ਨਹੀਂ? ਜੇ ਤੁਸੀਂ ਲਕੀਰ ਦੇ ਫਕੀਰ ਬਣਨ ਲਈ ਲੇਖਾਂ ਦੇ ਰੂਪ ਵਿੱਚ ਲਕੀਰ ਛੱਡ ਰਹੇ ਹੋ ਤਾਂ ਫੇਰ ਤੁਸੀਂ ਇਹਨਾਂ ਲੇਖਾਂ ਤੋਂ ਉਠੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀਂ ਕਿਉਂ ਕਤਰਾ ਰਹੇ ਹੋ? ਜੇ ਤੁਸੀਂ ਜਵਾਬ ਨਹੀਂ ਦੇ ਸਕਦੇ ਤਾਂ ਸਵਿਕਾਰ ਕਰੋ ਕਿ ਤੁਸੀਂ ਸੇਧ ਦੇਣ ਲਈ ਲੇਖਾਂ-ਰੂਪੀ ਜਿਹੜੀ ਲਕੀਰ ਛੱਡ ਰਹੇ ਹੋ, ਉਹ ਗ਼ਲਤ ਅਤੇ ਗੁਮ-ਰਾਹ-ਕੁਨ ਹੈ। ਤੁਸੀਂ ਆਪਣੀ ਲਿਖਤ ਵਿੱਚ ਗੁਰਬਾਣੀ ਤੋਂ ਬਾਹਰ ਗੱਲ ਨਹੀਂ ਕੀਤੀ ਤਾਂ ਗੁਰਬਾਣੀ ਹਵਾਲਿਆਂ ਨਾਲ ਜਵਾਬ ਕਿਉਂ ਨਹੀਂ ਦੇ ਦਿੰਦੇ? ਸਵਾਲ ਫੇਰ ਲਿਖ ਰਿਹਾ ਹਾਂ-
ੴ ਦਾ ਅਰਥ, ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ, ਕਿਵੇਂ ਹੈ? ਜੇ ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਹੈ ਤਾਂ ਇਸ ਦਾ ਮਤਲਬ ਸਾਨੂੰ ਗੁਰਬਾਣੀ ਪੜ੍ਹਨ ਦੀ ਬਜਾਏ ਵਿਗਿਆਨ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਗੁਰਬਾਣੀ ਵਿੱਚ ਤਾਂ ਕੁਦਰਤੀ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਕੁਦਰਤੀ ਨਿਯਮਾਂ ਦੀ ਜਾਣਕਾਰੀ ਤਾਂ ਵਿਗਿਆਨ ਦੀਆਂ ਕਿਤਾਬਾਂ ਵਿੱਚੋਂ ਹੀ ਮਿਲਣੀ ਹੈ। ਦੂਸਰੇ ਲਫਜ਼ਾਂ ਵਿੱਚ ਇਸ ਦਾ ਮਤਲਬ ਬਣਦਾ ਹੈ ਕਿ, ਗੁਰੂ ਸਾਹਿਬਾਂ ਨੂੰ ਗੁਰੂ ਮੰਨਣ ਦੀ ਬਜਾਏ ਸਾਨੂੰ ਆਇਨਸਟਾਇਨ ਅਤੇ ਡਾਰਵਿਨ ਨੂੰ ਗੁਰੂ ਮੰਨਣਾ ਚਾਹੀਦਾ ਹੈ।ਆਪਣਾ ਆਚਰਣ ਸੁਧਾਰਣ ਦੀ ਬਜਾਏ ਵਧ ਤੋਂ ਵਧ ਕੁਦਰਤੀ ਨਿਯਮ ਸਮਝਣ ਅਤੇ ਸਿੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ ????????
ਤੁਹਾਡੇ ਕਹਿਣ ਦਾ ਇਹੀ ਮਤਲਬ ਨਿਕਲਦਾ ਹੈ ਜਾਂ ਕੋਈ ਹੋਰ???? ਗੁਰਦੀਪ ਜੀ ਡੀ ਜੀ! ਹਰ ਇਕ ਨੇ ਰਸਤਾ ਆਪੇ ਤੈਅ ਕਰਨਾ ਹੈ ਤਾਂ ਤੁਸੀਂ ‘ੴ ਦੇ ਅਰਥ ਕੁਦਰਤੀ ਨਿਯਮਾਂ ਨੂੰ ਸਮਝਣਾ ਹੈ’ ਅਤੇ ਕੁਦਰਤੀ ਨਿਯਮਾਂ ਨੂੰ ਸਮਝਣਾ ਹੀ ਸਚਿਆਰਾ ਹੋਣਾ ਹੈ, ਵਰਗੇ ਕਮੈਂਟ ਪਾ ਕੇ ਪਾਠਕਾਂ ਨੂੰ ਗੁਮਰਾਹ ਕਿਉਂ ਕਰ ਰਹੇ ਹੋ? ਜੇ ਤੁਹਾਡੇ ਵਿਚਾਰ ਤੁਹਾਨੂੰ ਠੀਕ ਲੱਗਦੇ ਹਨ ਤਾਂ ਤੁਹਾਡੀ ਲਿਖਤ ਤੋਂ ਉਠੇ ਸਵਾਲਾਂ ਬਾਰੇ ਸਪੱਸ਼ਟੀਕਰਣ ਕਿਉਂ ਨਹੀਂ ਦਿੰਦੇ? ਕਿਉਂ ਅਸਲੀ ਮੁੱਦੇ ਬਾਰੇ ਜਵਾਬ ਦੇਣ ਬਾਰੇ ਟਾਲੀ ਜਾ ਰਹੇ ਹੋ????????
ਗੁਰਦੀਪ ਜੀ ਡੀ:-
ਮੇਰੀ ਕੋਈ ਜਰੁਰਤ ਨਹੀਂ ਕਿ ਮੈਂ ਸਪਸ਼ਟੀਕਰਨ ਦਿਆਂ। ਮੈਂ ਆਪਣੇ ਅਰਥ ਆਪ ਲੱਭੇ ਹਨ ਤੇ ਫਿਰ ਉਸ ਨਜ਼ਰੀਏ ਨਾਲ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ.... ਮੈਨੂੰ ਇਹ ਹੁਣ ਤੱਕ ਦੇ ਕੀਤੇ ਗਏ ਸਾਰੇ ਅਰਥਾਂ ਚੋਂ ਸਹੀ ਤੇ ਢੁਕਵੇਂ ਜਾਪੇ ਹਨ। ਸੋ ਇੱਕ ਵਿਚਾਰ ਵੱਜੋਂ ਇਥੇ ਸਜਾ ਦਿਤੇ। ਨਾ ਤਾਂ ਮੈਂ ਆਪਣੀ ਸਮਝ ਤੁਹਾਡੇ ਉਪਰ ਥੋਪੀ ਹੈ ਤੇ ਨਾ ਠੋਸੀ ਹੈ....ਪਰ ਜਿਸ ਢੰਗ ਨਾਲ ਤੁਸੀਂ ਪੁਛਦੇ ਹੋ ਉਸ ਵਾਸਤੇ ਮੇਰਾ ਜਵਾਬ ਕਾਫੀ ਹੈ ਕਿ ਤੁਸੀਂ ਖੁਦ ਮਿਹਨਤ ਕਰੋ ਗੁਰਬਾਣੀ ਦਾ ਅਧਿਅਨ ਕਰੋ, ਉਸ ਨੂੰ ਆਪਣੇ ਉਪਰ ਢੁਕਾਓ ਤੇ ਉਸ ਤੋਂ ਉਪਜੀ ਸਮਝ ਨਾਲ ਆਪਣੀ ਜ਼ਿੰਦਗੀ ਦੀਆਂ ਸਮਸਿਆਵਾਂ ਦਾ ਨਿਦਾਨ ਕਰੋ.... ਸੱਭ ਕੁਝ ਸਮਝ ਆ ਜਾਏਗਾ। ਪਰ ਸਿਰਫ ਬਹਿਸ ਵਾਸਤੇ ਬਹਿਸ ਕਰਨਾ ਮੇਰਾ ਮਕਸਦ ਨਹੀਂ ਤੇ ਨਾ ਹੀ ਮੇਰਾ ਉਪਰਾਲਾ ਹੈ। ਤੁਹਾਨੂੰ ਸੰਕੇਤ ਮਾਤਰ ਦੱਸ ਦਿਤਾ, ਤੁਸੀਂ ਤੁਰਨਾ ਸ਼ੁਰੂ ਕਰੋ। ਮੈਂ ਗੁਮਰਾਹ ਕਰ ਹੀ ਨਹੀਂ ਰਿਹਾ ਸਗੋਂ ਇੱਕ ਨਵਾਂ ਨਜ਼ਰੀਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਜ਼ਰੀਆ ਵੀ ਕੋਈ ਓਪਰਾ ਨਹੀਂ, ਜਿਵੇਂ ਮੇਰੀਆਂ ਲਿਖਤਾਂ ਤੋਂ ਸਪਸ਼ਟ ਹੈ ਇਹ ਮਨੁੱਖ ਸੂਝ ਦੇ ਵਿਕਾਸ ਦੇ ਕਈ ਪੜਾਵਾਂ ਉਪਰ ਅਧਾਰਤ ਹੈ। ਜਦੋਂ ਕੁਦਰਤ ਦੇ ਨਿਯਮਾਂ ਨੂੰ ਕੁਦਰਤੀ ਤਾਕਤ ਦੇ ਰੂਪ ਵਿੱਚ ਦੇਖਿਆ ਗਿਆ ਤੇ ਫਿਰ ਉਨ੍ਹਾਂ ਨੂੰ ਦੇਵੀ ਦੇਵਤਿਆਂ ਦੀ ਸ਼ਕਲ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਸਪਸ਼ਟੀਕਰਨ ਤੁਹਾਨੂੰ ਰਿਗ ਵੇਦ ਦੇ ਕਈ ਸੂਤਰਾਂ ਵਿੱਚ ਲੱਭ ਜਾਏਗਾ। ਇਹੋ ਦੇਵੀ ਦੇਵਤਿਆਂ ਦਾ ਜਦੋਂ ਸਮਾਜੀਕਰਨ ਹੋਇਆ ਤਾਂ ਇਹ ਰਾਜੇ ਮਹਾਰਾਜਿਆਂ ਦੇ ਰੂਪ ਵਿੱਚ ਸਮਝਿਆ ਗਿਆ...ਸੰਖੇਪ ਵਿੱਚ, ਚਾਹੇ ਕੋਈ ਵੀ ਹੋਵੇ, ਗੱਲ ਕੁਦਰਤ ਦੇ ਵਰਤਾਰਿਆਂ ਪਿਛੇ ਕੰਮ ਕਰਦੇ ਕੁਦਰਤ ਦੇ ਨਿਯਮਾਂ ਦੀ ਹੀ ਹੋ ਰਹੀ ਹੈ। ਇਹ ਗੱਲ ਸਮਝ ਵੀ ਆਉਂਦੀ ਹੈ ਤਰਕਸੰਗਤ ਵੀ ਜਾਪਦੀ ਹੈ। ਜੇ ਕੁਦਰਤ ਦੇ ਨਿਯਮਾਂ ਦੀ ਗੱਲ ਨਹੀਂ ਹੋ ਰਹੀ ਤਾਂ ਗਾਵੈ ਕੋਤਾਣੁ.... ਕੀ ਹੈ? ਸੋਦਰੁ ਰਾਗ ਵਿੱਚ ਉਚਾਰਿਆ ਸ਼ਬਦ ਸੋਦਰਿ ਤੇਰਾ ਕੇਹਾ... ਸ਼ਬਦ ਕੀ ਹੈ, ਧਨਾਸਰੀ ਰਾਗ ਦੀ ਆਰਤੀ ਕੀ ਹੈ.?...ਪਾਤੀ ਤੋਰੈ ਮਾਲਿਨੀ... ਵਿੱਚ ਕਬੀਰ ਜੀ ਕੀ ਸਮਝਾ ਰਹੇ ਹਨ...? ਰਹੀ ਗੱਲ ਗੁਰਬਾਣੀ ਦੀ.... ਤੁਹਾਡੀ ਆਪਣੀ ਖੋਜ ਹੋਣੀ ਚਾਹਿਦੀ ਹੈ। ਜੁਟ ਜਾਓ ਤੇ ਲੱਭ ਲਿਆਓ ਸੱਭ ਕੁਝ ਤਰਕੀਬ ਬਾਰੇ ਮੈਂ ਜਪੁ ਦੀ ਆਖਰੀ ਪਉੜੀ ਦਾ ਹਵਾਲਾ ਦਿਤਾ ਹੈ। ਪਹਿਲਾਂ ਉਸ ਨੂੰ ਸਮਝੋ ਤੇ ਫਿਰ ਗੁਰਬਾਣੀ ਉਪਰ ਕੰਮ ਕਰਨਾ ਸ਼ੁਰੂ ਕਰੋ। ਮੇਰਾ ਇਹ ਸੰਕੇਤ ਕਾਫੀ ਹੈ ਸਮਝਣ ਵਾਸਤੇ।
ਜਸਬੀਰ ਸਿੰਘ ਵਿਰਦੀ:-
ਗੁਰਦੀਪ ਜੀ ਡੀ ਜੀ! ਜਿਹੜੇ ਅਰਥ ਤੁਸੀਂ ਆਪ ਖੋਜੇ ਹਨ, ਪਰ ਇਹਨਾਂ ਅਰਥਾਂ ਤੋਂ ਉਠੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀਂ ਹਨ ਤਾਂ ਮਿਹਰਬਾਨੀ ਕਰਕੇ ਇਹਨਾਂ ਅਰਥਾਂ ਨੂੰ ਆਪਣੇ ਤੱਕ ਹੀ ਸੀਮਿਤ ਰੱਖੋ। ਇਹਨਾਂ ਅਰਥਾਂ ਨੂੰ ਪਬਲਿਕ ਮੀਡੀਆ ਤੇ ਪਾ ਕੇ ਸਿੱਖ ਸੱਜਣਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਗੁਰਬਾਣੀ ਨੂੰ ਅਪਣੇ ਨਵੇਂ ਢੰਗ, ਨਵੇਂ ਅਰਥਾਂ ਨਾਲ ਪਬਲਿਕ ਮੀਡੀਆ ਤੇ ਪੇਸ਼ ਕਰਦੇ ਹੋ ਅਤੇ ਉਹਨਾਂ ਤੋਂ ਉਠੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਇਸ ਦਾ ਮਤਲਬ ਤੁਸੀਂ ਧੋਖੇ ਨਾਲ ਪਾਠਕਾਂ ਨੂੰ ਗੁਮਰਾਹ ਕਰ ਰਹੇ ਹੋ। ਮੇਰੇ ਸਵਾਲ ਸਿਰਫ ਬਹਿਸ ਕਰਨ ਲਈ ਨਹੀਂ ਬਲਕਿ ਪਾਠਕਾਂ ਦੇ ਸਾਹਮਣੇ ਤੁਹਾਡੀਆਂ ਗ਼ਲਤ-ਬਿਆਨੀਆਂ ਦਾ ਪੜਦਾ-ਫਾਸ਼ ਕਰਨ ਲਈ ਕਰ ਰਿਹਾ ਹਾਂ। ਤੁਸੀਂ ਮੇਰੀਆਂ ਸਮੱਸਿਆਵਾਂ ਅਤੇ ਗੁਰਬਾਣੀ ਨੂੰ ਸਮਝਣ ਦੀ ਚਿੰਤਾ ਨਾ ਕਰੋ, ਬਲਕਿ ਆਪਣੀ ਲਿਖਤ ਤੋਂ ਉਠੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ।
ਤੁਸੀਂ ਕੁਦਰਤ ਦੇ ਨਿਯਮਾਂ ਦੀ ਰੱਟ ਲਗਾ ਰੱਖੀ ਹੈ, ਦੱਸਣ ਦੀ ਖੇਚਲ ਕਰੋਗੇ ਕਿ ਕਿਸੇ ਨਾਲ ਠੱਗੀ, ਚੋਰੀ, ਧੋਖਾ, ਪਰਾਇਆ ਹੱਕ ਮਾਰਨਾ, ਕਿਸੇ ਦਾ ਦਿਲ ਦੁਖਾਉਣਾ, ਗ਼ਰੀਬ-ਮਾਰ ਕਰਨੀ ਇਹ ਕਿਹੜੇ ਕੁਦਰਤੀ ਨਿਯਮਾਂ ਅਧੀਨ ਆਉਂਦੇ ਹਨ? ਕਿਸੇ ਵਿਗਿਆਨਕ ਨੇ ਇਹਨਾਂ ‘ਕੁਦਰਤੀ ਨਿਯਮਾਂ(?)’ ਬਾਰੇ ਖੋਜ ਕਰਕੇ ਕਿਤੇ ਚਾਨਣਾ ਪਾਇਆ ਹੈ, ਜਾਂ ਕਿਸੇ ਸਾਇੰਸ ਦੀ ਕਲਾਸ ਵਿੱਚ ਇਹਨਾਂ ਔਗੁਣਾਂ ਸੰਬੰਧੀ ਥਿਉਰੀ ਜਾਂ ਪ੍ਰੈਕਟੀਕਲ ਕਰਕੇ ਕੁਝ ਸਿੱਧ ਕਰਕੇ ਦਿਖਾਇਆ ਹੈ? ਰਿਗ ਵੇਦ ਆਦਿ ਦੀਆਂ ਬੇਕਾਰ ਦੀਆਂ ਗੱਲਾਂ, ਜਿਹਨਾਂ ਦਾ ਇਸ ਚੱਲਦੀ ਵਿਚਾਰ ਨਾਲ ਕੋਈ ਸੰਬੰਧ ਨਹੀਂ, ਨੂੰ ਛੱਡਕੇ ਆਪਣੀ ਲਿਖਤ ਸੰਬੰਧੀ ਉਠੇ ਸਵਾਲਾਂ ਬਾਰੇ ਆਪਣਾ ਸਪੱਸ਼ਟੀਕਰਣ ਦੇਣ ਦੀ ਖੇਚਲ ਕਰੋ ਤਾਂ ਬਿਹਤਰ ਹੋਵੇਗਾ। -----
-- ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਕੁਦਰਤੀ ਨਿਯਮ ਜਾਂ ਰੱਬੀ ਹੁਕਮ (/ਦੈਵੀ ਪਰਮਾਤਮਾ)? :-
Page Visitors: 2809