ਨੀਤਾ ਅੰਬਾਨੀ ‘ਤੇ ਸਰਕਾਰ ਮੇਹਰਬਾਨ
ਨਵੀਂ ਦਿੱਲੀ, 2 ਮਈ (ਪੰਜਾਬ ਮੇਲ)- ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵੀ ਹੁਣ Y ਸ਼੍ਰੇਣੀ ਦੀ ਸੁਰੱਖਿਆ ਮਿਲੇਗੀ। ਸੀ.ਆਰ.ਪੀ.ਐਫ. ਦੇ 20 ਜਵਾਨ ਆਪਣੀਆਂ ਗੱਡੀਆਂ ‘ਚ ਉਨ੍ਹਾਂ ਨੂੰ ਐਸਕਾਰਟ ਕਰਨਗੇ। ਹਾਲਾਂਕਿ ਇਸ ਸੁਰੱਖਿਆ ਲਈ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਤਨਖਾਹ ਸਮੇਤ ਪੂਰਾ ਖਰਚ ਖੁਦ ਚੁੱਕਣਾ ਪਏਗਾ। ਕੇਂਦਰ ਦੀ ਮੋਦੀ ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਕੇਂਦਰ ਸਰਕਾਰ ਵੱਲੋਂ Z ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੋਈ ਹੈ। ਇਸ ਬਦਲੇ ਮੁਕੇਸ਼ ਵੀ ਹਰ ਮਹੀਨੇ 20 ਲੱਖ ਦਾ ਖਰਚ ਚੁੱਕਦੇ ਹਨ। ਜਾਣਕਾਰੀ ਮੁਤਾਬਕ ਸੀ.ਆਰ.ਪੀ.ਐਫ. ਦੇ 40 ਜਵਾਨ ਅੰਬਾਨੀ ਦੇ ਘਰ ਤੇ ਦਫਤਰ ਦੀ ਸੁਰੱਖਿਆ ‘ਚ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੇ ਬਾਹਰ ਜਾਂਦੇ ਸਮੇਂ ਵੀ ਇੱਕ ਸੁਰੱਖਿਆ ਦਸਤਾ ਉਨ੍ਹਾਂ ਦੇ ਨਾਲ ਚੱਲਦਾ ਹੈ। ਗ੍ਰਹਿ ਮੰਤਰਾਲੇ ਦੇ ਇੱਕ ਅਫਸਰ ਮੁਤਾਬਕ, “ਕਿਉਂਕਿ ਨੀਤਾ ਅੰਬਾਨੀ ਦੇ ਘਰ ‘ਚ ਪਹਿਲਾਂ ਹੀ ਸੀ.ਆਰ.ਪੀ.ਐਫ. ਤਾਇਨਾਤ ਹੈ, ਇਹ ਸੁਰੱਖਿਆ ਉਨ੍ਹਾਂ ਦੇ ਪਤੀ ਮੁਕੇਸ਼ ਅੰਬਾਨੀ ਨੂੰ ਮਿਲੀ ਹੋਈ ਹੈ। ਅਜਿਹੇ ‘ਚ ਕੋਈ ਵੱਖਰੇ ਪ੍ਰਬੰਧ ਨਹੀਂ ਕਰਨੇ ਪੈਣਗੇ। ਨੀਤਾ ਅੰਬਾਨੀ ਨੂੰ 20 ਸੁਰੱਖਿਆ ਗਾਰਡ ਮਿਲਣਗੇ ਜਿਹੜੇ ਦੇਸ਼ ਭਰ ‘ਚ ਉਨ੍ਹਾਂ ਨੂੰ ਸੁਰੱਖਿਆ ਦੇਣਗੇ।” ਅਧਿਕਾਰੀਆਂ ਮੁਤਾਬਕ ਹਾਲਾਂਕਿ ਨੀਤਾ ਅੰਬਾਨੀ ਨੂੰ ਕੋਈ ਖਤਰਾ ਨਹੀਂ ਪਰ ਕਿਉਂਕਿ ਉਨ੍ਹਾਂ ਦੇ ਪਤੀ ਮੁਕੇਸ਼ ਅੰਬਾਨੀ ਨੂੰ ਖਤਰਾ ਹੈ, ਅਜਿਹੇ ‘ਚ ਟੀਨਾ ਦੀ ਸੁਰੱਖਿਆ ਕਰਨਾ ਵੀ ਜਰੂਰੀ ਹੈ। ਦੇਸ਼ ਵਿਰੋਧੀ ਤੇ ਖਤਰਨਾਕ ਵਿਅਕਤੀਆਂ ਤੋਂ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ।