ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀ ਮੂਲ ਦੀ ਪੱਤਰਕਾਰ ਦਾ ਸਨਮਾਨ
ਵਾਸ਼ਿੰਗਟਨ, 1 ਮਈ, (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਇਕ ਭਾਰਤੀ-ਅਮਰੀਕੀ ਪੱਤਰਕਾਰ ਦਾ ਸਨਮਾਨ ਕੀਤਾ। ਵਾਈਟ ਹਾਊਸ ਵਿੱਚ ਹੋਏ ਸਮਾਰੋਹ ਦੌਰਾਨ ਨੀਲਾ ਬੈਨਰਜੀ ਤੇ ਕਲਾਈਮੇਟ ਨਿਊਜ਼ ਵਿੱਚ ਉਸ ਦੇ ਤਿੰਨ ਸਾਥੀਆਂ ਜੌਹਨ ਕਸ਼ਮੈਨ ਜੂਨੀਅਰ, ਡੇਵਿਡ ਹਸੇਮਰ ਅਤੇ ਲਿਜ਼ਾ ਸਾਂਗ ਨੂੰ ਐਡਗਰ ਏ ਪੋ ਐਵਾਰਡ ਦਿੱਤਾ ਗਿਆ। ਵ੍ਹਾਈਟ ਹਾਊਸ ਕੋਰਸਪੌਡੈਂਟਸ ਐਸੋਸੀਏਸ਼ਨ (ਡਬਲਯੂਐਚਸੀਏ) ਵੱਲੋਂ ਦਿੱਤਾ ਜਾਂਦਾ ਇਹ ਸਾਲਾਨਾ ਐਵਾਰਡ ਕੌਮੀ ਜਾਂ ਖੇਤਰੀ ਮਹੱਤਵ ਲਈ ਕੀਤੀ ਵਧੀਆ ਪੱਤਰਕਾਰੀ ਬਦਲੇ ਦਿੱਤਾ ਜਾਂਦਾ ਹੈ। ਵਾਸ਼ਿੰਗਟਨ ਡੀਸੀ ਆਧਾਰਤ ਪੱਤਰਕਾਰ ਨੀਲਾ ਬੈਨਰਜੀ ਨੇ ਕਲਾਈਮੇਟ ਨਿਊਜ਼ ਨਾਲ ਜੁਡ਼ਨ ਤੋਂ ਪਹਿਲਾਂ ‘ਲਾਸ ਏਂਜਲਸ ਟਾਈਮਜ਼’ ਦੇ ਵਾਸ਼ਿੰਗਟਨ ਬਿਊਰੋ ਲਈ ਊਰਜਾ ਤੇ ਵਾਤਾਵਰਣਕ ਮਾਮਲਿਆਂ ਬਾਰੇ ਪੱਤਰਕਾਰੀ ਕੀਤੀ। ਉਸ ਨੇ ‘ਦਿ ਨਿਊਯਾਰਕ ਟਾਈਮਜ਼’ ਲਈ ਆਲਮੀ ਊਰਜਾ, ਇਰਾਕ ਜੰਗ ਅਤੇ ਹੋਰ ਮਸਲਿਆਂ ਉਤੇ ਵੀ ਕਲਮ ਚਲਾਈ। ਯੇਲ ਯੂਨੀਵਰਸਿਟੀ ਤੋਂ ਗਰੈਜੂਏਟ ਨੀਲਾ ਨੇ ‘ਦਿ ਵਾਲ ਸਟਰੀਟ ਜਰਨਲ’ ਲਈ ਮਾਸਕੋ ਵਿੱਚ ਵੀ ਕੰਮ ਕੀਤਾ।