ਐਚ.ਐਸ. ਫੂਲਕਾ ਦੀ ਵੀਡੀਓ ਨੇ ਪੰਜਾਬ ਆਪ ਦੀ ਰਾਜਨੀਤੀ ‘ਚ ਮਚਾਈ ਤਰਥੱਲੀ
ਚੰਡੀਗੜ੍ਹ, 30 ਅਪਰੈਲ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਵਕੀਲ ਐਚ.ਐਸ. ਫੂਲਕਾ ਦੀ ਇੱਕ ਵੀਡੀਓ ਨੇ ਪਾਰਟੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਐਚ.ਐਸ. ਫੂਲਕਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਵੀਡੀਓ ਅੱਪਲੋਡ ਕੀਤੀ ਹੈ ਜਿਸ ਵਿੱਚ ਉਨ੍ਹਾਂ ਟਿਕਟਾਂ ਦੇ ਚਾਹਵਾਨ ਲੋਕਾਂ ਨੂੰ ਉਨ੍ਹਾਂ ਤੱਕ ਕੋਈ ਪਹੁੰਚ ਨਾ ਕਰਨ ਲਈ ਆਖਿਆ ਹੈ। ਫੂਲਕਾ ਨੇ ਆਖਿਆ ਹੈ ਕਿ ਟਿਕਟਾਂ ਵੰਡਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਵਿੱਚ ਚਾਹਵਾਨ ਸਿਰਫ਼ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਹੀ ਸੰਪਰਕ ਕਰਨ। ਇਹ ਵੀਡੀਓ ਏਨੀ ਤੇਜ਼ੀ ਨਾਲ ਵਾਇਰਲ ਹੋਈ ਹੈ ਕਿ ਇਸ ਨੇ ਵਿਦੇਸ਼ਾਂ ਵਿੱਚ ਵੀ ‘ਆਪ’ ਦੇ ਸਮਰਥਕਾਂ ਵਿਚ ਤਰਥੱਲੀ ਮਚਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ‘ਆਪ’ ਵੱਲੋਂ ਬਣਾਈ ਗਈ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਵਿਚ ਵੀ ਐਚ.ਐਸ. ਫੂਲਕਾ ਨੂੰ ਸ਼ਾਮਲ ਨਾ ਕੀਤੇ ਜਾਣ ’ਤੇ ਪਾਰਟੀ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਸਨ ਕਿ ਸ੍ਰੀ ਫੂਲਕਾ ਨੂੰ ‘ਆਪ’ ਨੇ ਪੰਜਾਬ ਦੀ ਸਿਆਸਤ ਤੋਂ ਹਾਸ਼ੀਏ ’ਤੇ ਧੱਕ ਦਿੱਤਾ ਹੈ। ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਚੋਣ ਮੁਹਿੰਮ ਕਮੇਟੀ ਦੇ ਮੈਂਬਰ ਹਨ ਤੇ ਨਾ ਹੀ ਚੋਣ ਮੈਨੀਫੈਸਟੋ ਕਮੇਟੀ, ਪੀ.ਏ.ਸੀ. ਦੇ ਮੈਂਬਰ ਹਨ। ਨਾ ਹੀ ਉਹ ਸਕਰੀਨਿੰਗ ਕਮੇਟੀ ਦੇ ਮੈਂਬਰ ਹਨ ਤੇ ਹਾਲ ਹੀ ਵਿੱਚ ਬਣਾਈ ਗਈ ਨੈਸ਼ਨਲ ਐਗਜ਼ੈਕਟਿਵ ਕਮੇਟੀ ਦੇ ਵੀ ਉਹ ਮੈਂਬਰ ਨਹੀਂ ਹਨ।
ਇਸ ਲਈ ਜਿਹੜੇ ਆਗੂ ‘ਆਪ’ ਦੀਆਂ ਟਿਕਟਾਂ ਲੈਣਾ ਚਾਹੁੰਦੇ ਹਨ ਉਹ ਉਨ੍ਹਾਂ ਦੇ ਲੁਧਿਆਣਾ ਜਾਂ ਦਿੱਲੀ ਵਿਚਲੇ ਦਫ਼ਤਰ ਗੇੜੇ ਨਾ ਮਾਰਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ‘ਆਪ’ ਦੇ ਵਲੰਟੀਅਰਾਂ ਜਾਂ ਆਗੂਆਂ ਨੂੰ ਘੁਮੰਡ ਕਰ ਕੇ ਨਹੀਂ ਮਿਲ ਰਹੇ ਸਗੋਂ ਉਹ ਵੀ ਪਾਰਟੀ ਵਿੱਚ ਇੱਕ ਆਮ ਵਰਕਰ ਵਜੋਂ ਹੀ ਵਿਚਰ ਰਹੇ ਹਨ।
ਉਨ੍ਹਾਂ ਸਪਸ਼ਟ ਕੀਤਾ ਕਿ ਸੁੱਚਾ ਸਿੰਘ ਛੋਟੇਪੁਰ ਹੀ ਪੰਜਾਬ ਵਿੱਚ ‘ਆਪ’ ਦੇ ਸੁਪਰੀਮ ਲੀਡਰ ਹਨ, ਜਿਨ੍ਹਾਂ ਨੇ ਚੋਣ ਲੜਨੀ ਹੈ ਉਹ ਉਨ੍ਹਾਂ ਤੱਕ ਹੀ ਪਹੁੰਚ ਕਰਨ। ਫੂਲਕਾ ਦੀ ਵੀਡੀਓ ਤੋਂ ਬਾਅਦ ਇਸ ਥੱਲੇ ਦੇਸ਼ ਵਿਦੇਸ਼ ਦੇ ਸਮਰਥਕਾਂ ਵੱਲੋਂ ਕੈਮੇਟ ਵੀ ਦਿੱਤੇ ਜਾ ਰਹੇ ਹਨ । ਕੁੱਝ ਲੋਕਾਂ ਦਾ ਕਹਿਣਾ ਹੈ ਕਿ ਫੁਲਕਾ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਸੀ।