ਪਾਕਿਸਤਾਨ ਵਿੱਚ ਗੁਰਦੁਆਰੇ ਦੀ ਕੰਧ ਉੱਤੇ ਕਲਮਾ ਲਿਖਣ ‘ਤੇ ਸਿੱਖਾਂ ਵੱਲੋਂ ਰੋਸ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਦੀਆਂ ਕੰਧਾਂ ‘ਤੇ ਕਲਮਾ ਲਿਖ ਦਿੱਤਾ ਗਿਆ ਹੈ। ਪਾਕਿਸਤਾਨ ਓਕਾਫ ਬੋਰਡ ਦੀ ਮਦਦ ਨਾਲ ਪੁਲਸ ਸੁਰੱਖਿਆ ਵਿੱਚ ਕੰਧ ‘ਤੇ ਕਲਮਾ ਲਿਖਣ ਤੋਂ ਰੋਸ ਹੈ। ਗੁਰਦੁਆਰਾ ਬਾਬੇ ਦੀ ਬੇਰ ਦੇ ਨਿਗਰਾਨ ਜਸਕਰਨ ਸਿੰਘ ਅੱਜਕੱਲ੍ਹ ਭਾਰਤ ਵਿੱਚ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਹ ਕੰਮ ਕੀਤਾ ਹੈ। ਇਸ ਬਾਰੇ ਚੇਅਰਮੈਨ ਜਨਾਬ ਸਦੀਕ ਅਲ ਫਾਰੂਕ ਮੰਨਦੇ ਹਨ ਕਿ ਸਖਤ ਸੁਰੱਖਿਆ ਹੇਠ ਕੰਧਾਂ ‘ਤੇ ਕਲਮਾ-ਇ-ਪਾਕਿ ਲਿਖਿਆ ਗਿਆ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਗੁਰਦੁਆਰੇ ਦੇ ਨਾਲ ਸੂਫੀ ਫਕੀਰ ਹਮਜ਼ਾ ਗੌਂਸ ਦੀ ਮਜ਼ਾਰ ਹੈ। ਗੁਰਦੁਆਰੇ ਦੀ ਮੁਰੰਮਤ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਵੀ ਗੁਰਦੁਆਰੇ ਦੀਆਂ ਕੰਧਾਂ ‘ਤੇ ਕਲਮਾ ਲਿਖਿਆ ਹੋਇਆ ਸੀ। ਗੁਰੁਦਆਰੇ ਦੀਆਂ ਸਾਰੀਆਂ ਕੰਧਾਂ ਰੰਗ ਰੋਗਨ ਹੋਣ ਕਾਰਨ ਕਲਮਾ ਫਿੱਕਾ ਪੈ ਗਿਆ ਸੀ। ਸਥਾਨਕ ਲੋਕਾਂ ਦੀ ਮੰਗ ਸੀ ਕਿ ਕੰਧਾਂ ‘ਤੇ ਮੁੜ ਕਲਮਾ ਲਿਖਿਆ ਜਾਵੇ। ਸਦੀਕ ਅਲ ਫਾਰੂਕ ਦੱਸਦੇ ਹਨ ਕਿ ਗੁਰਦੁਆਰਾ ਤੇ ਮਜ਼ਾਰ ਦੋਵੇਂ ਨਾੋ-ਨਾਲ ਹਨ, ਇਸ ਲਈ ਇੰਝ ਲੱਗਦਾ ਹੈ। ਫਾਰੂਕ ਦਾ ਦਾਅਵਾ ਹੈ ਕਿ ਇਲਾਕੇ ਵਿੱਚ ਅਮਨ-ਅਮਾਨ ਹੈ। ਗੁਰਦੁਆਰਾ ਸੁਧਾਰ ਲਹਿਰ ਦੀ ਨੀਂਹ ਇਸੇ ਗੁਰਦੁਆਰੇ ਵਿੱਚ ਰੱਖੀ ਗਈ ਸੀ। ਉਦੋਂ ਇਸ ਗੁਰਦੁਆਰੇ ਉੱਤੇ ਮਹੰਤ ਹਰਨਾਮ ਦੀ ਵਿਧਵਾ ਦਾ ਕਬਜ਼ਾ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀ ਆਗੂ ਕਰਤਾਰ ਸਿੰਘ ਝੱਬਰ ਸਭ ਤੋਂ ਪਹਿਲਾਂ ਜਥਾ ਲੈ ਕੇ ਇਸੇ ਗੁਰੁਦਆਰੇ ਵਿੱਚ ਆਏ ਸਨ। ਪਾਕਿਸਤਾਨ ਓਕਾਫ ਬੋਰਡ ਨੇ ਇਸ ਗੁਰਦੁਆਰੇ ਨੂੰ ਛੇਤੀ ਹੀ ਸਿੱਖ ਸ਼ਰਧਾਲੂਆਂ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਹੈ।