ਪ੍ਰੋ. ਭੁੱਲਰ ਦੇ ਉਦਾਸ ਘਰ ਦਾ ਤਾਲਾ ਹੁਣ ਖੁੱਲ੍ਹੇਗਾ
ਬਠਿੰਡਾ, 24 ਅਪਰੈਲ (ਪੰਜਾਬ ਮੇਲ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲੀ ਪੈਰੋਲ ਤੋਂ ਬਾਅਦ ਬਠਿੰਡਾ ਦੇ ਦਿਆਲਪੁਰਾ ਭਾਈਕਾ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਜੱਦੀ ਪਿੰਡ ਵਿੱਚ ਉਹਨਾਂ ਦੇ ਪੈਰੋਲ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਰਿਹਾਈ ਤੋਂ ਬਾਅਦ ਦਿਆਲਪੁਰਾ ਭਾਈਕਾ ਵਿਖੇ ਪਿਛਲੇ ਢਾਈ ਦਹਾਕਿਆਂ ਤੋਂ ਬੰਦ ਪਏ ਉਦਾਸ ਘਰ ਦਾ ਤਾਲਾ ਹੁਣ ਖੁੱਲ੍ਹੇਗਾ।
ਪਿੰਡ ਵਾਸੀਆਂ ਅਨੁਸਾਰ ਪ੍ਰੋ. ਭੁੱਲਰ ਦੇ ਪਿਤਾ ਬਲਵੰਤ ਸਿੰਘ ਜੋ ਕਿ ਪੰਚਾਇਤ ਵਿਭਾਗ ਵਿਚ ਕਰਮੀਂ ਸਨ, ਨੇ ਪਿੰਡ ਦੇ ਬਾਹਰਵਾਰ ਢਾਣੀਆਂ ਵਿਚ ਇਹ ਘਰ ਬਣਾਇਆ ਸੀ। ਜਦੋਂ ਪ੍ਰੋ. ਭੁੱਲਰ ਦੀ ਰਿਹਾਈ ਦੀ ਖ਼ਬਰ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨੇ ਸੁਣੀ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਚਚੇਰੇ ਭਾਈ ਗੁਰਮੇਜ ਸਿੰਘ ਭੁੱਲਰ ਅਤੇ ਮੁਖ਼ਤਿਆਰ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਪਿਛਲੇ 24 ਸਾਲਾਂ ਤੋਂ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਇਹ ਰਿਹਾਈ ਉਨ੍ਹਾਂ ਲਈ ਵੱਡਾ ਸੁੱਖ ਹੈ। ਪਿੰਡ ਵਾਸੀਆਂ ਨੂੰ ਹੁਣ ਉਡੀਕ ਹੈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ। ਲੋਕਾਂ ਅਨੁਸਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪਿੰਡ ਆਉਣ ਅਤੇ ਇੱਥੇ ਹੀ ਰਹਿਣ।