ਅੰਮ੍ਰਿਤਧਾਰੀ ਸਿੱਖ ਲੜਕੀ ਨਿਊਯਾਰਕ ਵਿਚ ਬਣੀ ਪੁਲਸ ਅਫਸਰ
ਨਿਊਯਾਰਕ, 24 ਅਪਰੈਲ (ਪੰਜਾਬ ਮੇਲ)- ਨਿਊਯਾਰਕ ਦੀ ਤਰਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਪੰਜਾਬੀ ਸਿੱਖ ਪਰਿਵਾਰ ਦੀ ਅੰਮ੍ਰਿਤਧਾਰੀ ਲੜਕੀ ਦਾ ਬੀਤੇ ਦਿਨ ਨਿਊਯਾਰਕ ਦੇ ਗੁਰੂਘਰ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਅਤੇ ਇਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਤਰਨਦੀਪ ਕੌਰ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਨਿਊਯਾਰਕ ਪੁਲਸ ਵਿਚ ਪੁਲਸ ਅਫਸਰ ਬਣੀ। ਇਹ ਲੜਕੀ ਗੁਰੂਘਰ ‘ਚ ਕੀਰਤਨ ਕਰਨ ਦੇ ਨਾਲ ਗੱਤਕੇ ਦੀ ਕਲਾਸ ‘ਚ ਵੀ ਹਿੱਸਾ ਲੈਂਦੀ ਹੈ ਤੇ ਜਦੋਂ ਪੁਲਸ ਦੀ ਵਰਦੀ ਪਾ ਕੇ ਨੌਕਰੀ ‘ਤੇ ਜਾਂਦੀ ਹੈ ਤਾਂ ਉਹ ਸਿੱਖ ਗੁਰਮਰਿਆਦਾ ਅਨੁਸਾਰ ਆਪਣੇ ਕੇਸ ਵੀ ਉਸੇ ਤਰ੍ਹਾਂ ਹੀ ਸਜਾਉਂਦੀ ਹੈ। ਤਰਨਦੀਪ ਕੌਰ ਦਾ ਕਹਿਣਾ ਹੈ ਕਿ ਪੰਜ ਸਿੱਖੀ ਕਕਾਰ ਸਾਡੇ ਧਰਮ ਦੀ ਪਛਾਣ ਦੇ ਨਾਲ ਕਦੇ ਵੀ ਸਾਡੀ ਤਰੱਕੀ ‘ਚ ਰੁਕਾਵਟ ਨਹੀਂ ਪਾਉਂਦੇ ਸਗੋਂ ਵਿਦੇਸ਼ਾਂ ‘ਚ ਆਪਣੇ ਧਰਮ ਦੀ ਪਛਾਣ ਕਰਵਾਉਣ ਬਾਰੇ ਇਥੋਂ ਦੇ ਲੋਕਾਂ ਨੂੰ ਜਾਣੂ ਕਰਵਾਉਣ ਵਿਚ ਸਹਾਈ ਹੁੰਦੇ ਹਨ। ਉਸ ਨੇ ਭਾਵੇਂ ਆਪਣੀ ਮੁੱਢਲੀ ਵਿਦਿਅਕ ਯੋਗਤਾ ਅਮਰੀਕਾ ‘ਚ ਹਾਸਲ ਕੀਤੀ ਪਰ ਉਹ ਸਿੱਖ ਇਤਿਹਾਸ ਬਾਰੇ ਪੂਰਾ ਗਿਆਨ ਰੱਖਦੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਪੁਲਸ ਦੀ ਨੌਕਰੀ ਦਾ ਟੈਸਟ ਦੇਣ ਗਈ ਤਾਂ ਲਗਭਗ 1400 ਬੱਚਿਆਂ ‘ਚੋਂ 10 ਬੱਚੇ ਟਾਪ ‘ਤੇ ਸਨ, ਉਨ੍ਹਾਂ ‘ਚੋਂ ਉਹ ਪਹਿਲੇ ਨੰਬਰ ‘ਤੇ ਸੀ। ਸਾਰਿਆਂ ਬੱਚਿਆਂ ਨੂੰ ਨਿਯੁਕਤੀ ਸਮੇਂ ਸਰਟੀਫਿਕੇਟ ਦਿੱਤੇ ਗਏ ਪਰ ਉਸ ਨੂੰ ਇਕ ਹਜ਼ਾਰ ਡਾਲਰ ਨਾਲ ਵਿਸ਼ੇਸ਼ ਟਰਾਫੀ ਦੇ ਕੇ ਸਨਮਾਨ ਦਿੱਤਾ ਗਿਆ ਸੀ।