ਟਰੈਵਲ ਏਜੰਟ ਦੋ ਦਰਜ਼ਨ ਨੌਜਵਾਨਾ ਦੇ ਲੱਖਾਂ ਰੁਪਏ ਲੈ ਕੇ ਰਫੂ ਚੱਕਰ
ਮਾਹਿਲਪੁਰ, 22 ਅਪ੍ਰੈਲ (ਸ਼ਿਵ ਕੁਮਾਰ ਬਾਵਾ/ਪੰਜਾਬ ਮੇਲ) – ਥਾਣਾ ਮਾਹਿਲਪੁਰ, ਚੱਬੇਵਾਲ ਅਧੀਨ ਪੈਂਦੇ ਪਿੰਡਾਂ ਦੇ ਦੋ ਦਰਜ਼ਨ ਤੋਂ ਵੱਧ ਨੌਜਵਾਨਾਂ ਨੇ ਮਾਹਿਲਪੁਰ ਸ਼ਹਿਰ ਵਿਚ ਸਥਿਤ ਇੱਕ ਟ੍ਰੈਵਲ ਏਜੰਟ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਚੱਬੇਵਾਲ ਦੇ ਯੂਥ ਆਗੂ ‘ਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਲੱਖਾਂ ਰੁਪਏ ਠਗਣ ਦਾ ਦੋਸ਼ ਲਗਾਇਆ ਹੈ। ਹੱਕੇ ਬੱਕੇ ਨੌਜਵਾਨ ਤੁਰੰਤ ਉਸ ਦੇ ਦਫ਼ਤਰ ਪਹੁੰਚੇ ਜਿੱਥੋਂ ਉਹ ਰਫੂ ਚੱਕਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ, ਅਮਰਜੀਤ ਸਿੰਘ ਵਾਸੀ ਲਲਵਾਣ, ਜੀਵਨ ਸਿੰਘ ਵਾਸੀ ਅਲਾਵਲਪੁਰ, ਸੁਖਜੀਤ ਸਿੰਘ, ਕਰਮਜੀਤ ਸਿੰਘ, ਅਰਵਿੰਦਰ ਸਿੰਘ ਮੱਖਣਗੜ, ਸਤਨਾਮ ਸਿੰਘ ਅਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਡਾਨਸੀਵਾਲ, ਸੁਖਵਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਹਾਰਟਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਮਾਹਿਲਪੁਰ ਸਥਿਤ ਜੱਸੀ ਇੰਟਰਪ੍ਰਾਈਸਜ਼ ਦੇ ਮਾਲਿਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਲਵੀਰ ਸਿੰਘ ਜੱਸੀ ਨੇ ਨਵੰਬਰ 2015 ਵਿਚ ਉਨ੍ਹਾਂ ਨੂੰ ਜਾਰਡਨ ਦੀ ਨੈਸ਼ਨਲ ਕਲਾਸਿਕ ਕੰਪਨੀ ਵਿਚ ਪੈਕਿੰਗ ਦੇ ਕੰਮ ‘ਤੇ ਚੰਗੀ ਤਨਖਾਹ ਰਾਂਹੀ ਭੇਜਣ ਦਾ ਵਾਅਦਾ ਕਰਕੇ ਪਾਸਪੋਰਟ, ਅੱਠ ਅੱਠ ਫ਼ੋਟੋ ਅਤੇ ਪੰਜਾਹ ਪੰਜਾਹ ਹਜ਼ਾਰ ਰੁਪਏ ਲੈ ਲਏ। ਉਨ•ਾਂ ਦੱਸਿਆ ਕਿ ਦਸੰਬਰ 2015 ਵਿਚ ਉਸ ਨੇ ਫ਼ਾਰਸੀ ਭਾਸ਼ਾ ਵਿਚ ਲਿਖੇ ਵੀਜੇ ਦਿਖਾ ਕੇ ਲੱਖ ਲੱਖ ਰੁਪਏ ਹੋਰ ਲੈ ਲਏ। ਉਨ•ਾਂ ਦੱਸਿਆ ਕਿ ਮਾਰਚ 2016 ਵਿਚ ਉਸ ਨੇ ਅਰਬ ਏਅਰ ਲਾਈਨ ਦੀਆਂ ਟਿਕਟਾਂ ਦੇ ਦਿੱਤੀਆਂ ਤੇ ਆਪੋ ਆਪਣੇ ਢੰਗ ਨਾਲ ਖਰੀਦੋ ਫ਼ਰੋਕਤ ਕਰਨ ਲਈ ਆਖ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਖਰੀਦਦਾਰੀ ਕਰ ਲਈ ਅਤੇ ਮਾਰਚ ਦੇ ਆਖਰੀ ਹਫ਼ਤੇ ਵਿਚ ਉਨ੍ਹਾਂ ਨੂੰ ਭੇਜਣ ਲਈ ਕਹਿ ਦਿੱਤਾ। ਉਸ ਨੇ 28 ਮਾਰਚ ਨੂੰ ਫੋਨ ਕਰਕੇ ਉਨ੍ਹਾਂ ਨੂੰ ਆਖ ਦਿੱਤਾ ਕਿ ਟਿਕਟਾਂ ਕੈਂਸਲ ਹੋ ਗਈਆਂ ਹਨ। ਲੁੱਟੇ ਗਏ ਨੌਜਵਾਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਪਿਛਲ ਪੰਦਰਾਂ ਦਿਨਾਂ ਤੋਂ ਦਫ਼ਤਰ ਦੇ ਗੇੜੇ ਮਾਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਦਾ ਡਰ ਦੇ ਕੇ ਏਜੰਟ ਉਨ੍ਹਾਂ ਧਮਕਾ ਰਿਹਾ ਹੈ। ਅੱਜ ਦਫ਼ਤਰ ਵਿਖੇ ਇੱਕਠੇ ਹੋਏ ਨੌਜਵਾਨ ਆਪਣੇ ਪੈਸੇ ਲੈਣ ਲਈ ਪਹੁੰਚੇ ਤਾਂ ਆਮ ਆਦਮੀ ਪਾਰਟੀ ਦਾ ਇਹ ਟਰੈਵਲ ਏਜੰਟ ਆਗੂ ਰਫੂ ਚੱਕਰ ਹੋ ਗਿਆ ਅਤੇ ਆਪਣੇ ਦੋਨੋਂ ਫ਼ੋਨ ਬੰਦ ਕਰ ਲਏ। ਨੌਜਵਾਨਾ ਨੇ ਜਦੋਂ ਉਸ ਵਲੋਂ ਦਿੱਤੇ ਵੀਜਿਆਂ ਦੀਆਂ ਕਾਪੀਆਂ ਅਤੇ ਟਿਕਟਾਂ ਦੀ ਪੜਤਾਲ ਕਰਵਾਈ ਤਾਂ ਉਹ ਜਾਅਲੀ ਨਿੱਕਲੇ। ਨੌਜਵਾਨਾਂ ਨੇ ਦੁਪਹਿਰ ਤੱਕ ਦਫ਼ਤਰ ਦੇ ਅੱਗੇ ਡੇਰਾ ਲਾਈ ਰੱਖਿਆ । ਜਦੋਂ ਦਲਵੀਰ ਸਿੰਘ ਜੱਸੀ ਨਾਲ ਸੰਪਰਕ ਕੀਤਾ ਤਾਂ ਉਸ ਦੇ ਦੋਨੋਂ ਫ਼ੋਨ ਬੰਦ ਆ ਰਹੇ ਸਨ ਅਤੇ ਘਰੋਂ ਵੀ ਗਾਇਬ ਹੋ ਗਿਆ।