-: ਸਭ ਤੇ ਵਡਾ ਸਤਿਗੁਰੁ ਨਾਨਕੁ :-
ਅੱਜ ਕਲ੍ਹ ਦੇ ਕੁਝ ਵਿਦਵਾਨਾਂ ਨੂੰ ਗੁਰਬਾਣੀ/ ਗੁਰਮਤਿ ਦੇ ਕੁਝ ਸੰਕਲਪ ਮਨਜ਼ੂਰ ਨਹੀਂ। ਇਸ ਲਈ ਅਰਥਾਂ/ ਭਾਵਾਰਥਾਂ ਦੇ ਨਾਮ ਤੇ ਆਪਣੀ ਹੀ ਸੋਚ ਗੁਰਬਾਣੀ ਵਿੱਚ ਵਾੜਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਪਰ ਇਸ ਮਕਸਦ ਲਈ ਪ੍ਰੋ: ਸਾਹਿਬ ਸਿੰਘ ਜੀ ਦਾ ਗੁਰਬਾਣੀ ਦਰਪਣ ਇਹਨਾਂ ਦੇ ਰਾਹ ਵਿੱਚ ਵੱਡੀ ਰੁਕਾਵਟ ਬਣਿਆ ਹੋਇਆ ਹੈ।ਉਪਰੋਂ ਉਪਰੋਂ ਤਾਂ ਇਹ ਲੋਕ ਪ੍ਰੋ: ਸਾਹਿਬ ਸਿੰਘ ਜੀ ਦੇ ਕੰਮ ਦੀ ਬੜੀ ਸਰਾਹਨਾ ਕਰਦੇ ਹਨ।ਪਰ ਅਸਲ ਵਿੱਚ ਇਕ ਇਕ ਕਰਕੇ ਉਹਨਾਂ ਦੇ ਸਾਰੇ ਅਰਥਾਂ ਨੂੰ ਰੱਦ ਕਰੀ ਜਾਂਦੇ ਹਨ। ਗੁਰੂ ਅਰਜੁਨ ਦੇਵ ਜੀ ਦਾ ਇਕ ਸ਼ਬਦ ਹੈ:-
“ਸੂਹੀ ਮਹਲਾ ੫ ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750} ਹਨ।
ਪ੍ਰੋ: ਸਾਹਿਬ ਸਿੰਘ ਜੀ ਨੇ ਸ਼ਬਦ ਦੇ ਅਰਥ ਕੀਤੇ ਹਨ- ਅਰਥ:
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)। ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।
ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ)।੪।੧੦।੫੭।”
ਸਾਰੇ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਗਈ ਹੈ ਅਤੇ ਅਖੀਰਲੇ ਬੰਦ ਵਿੱਚ ਕਿਹਾ ਹੈ ਕਿ ਜਦੋਂ ਤੱਕ ਮੈਨੂੰ ਗੁਰੂ ਦਾ ਸੰਗ ਨਹੀਂ ਸੀ ਮਿਲਿਆ, ਮੈਂ ਇਹਨਾਂ ਗੁਣਾਂ ਤੋਂ ਅਨਜਾਣ ਸੀ।ਪਰ ਹੁਣ ਮੈਨੂੰ ਸਭ ਤੋਂ ਵੱਡਾ ‘ਨਾਨਕ ਗੁਰੂ’ ਮਿਲ ਗਿਆ ਹੈ।ਉਸ ਨੇ ਮੇਰੀ ਲਾਜ ਰੱਖ ਲਈ ਹੈ।ਉਸਨੇ ਮੈਨੂੰ ਤੇਰੇ ਚਰਨਾਂ ਨਾਲ ਜੋੜ ਦਿੱਤਾ ਹੈ।
ਚਮਕੌਰ ਸਿੰਘ ਬਰਾੜ ਨੂੰ ‘ਗੁਰੂ ਨਾਨਕ’ ਨੂੰ ‘ਸਭ ਤੋਂ ਵੱਡਾ ਗੁਰੂ’ ਕਹਿਣਾ ਪਸੰਦ ਨਹੀਂ।ਇਸ ਲਈ ਲੰਬੀਆਂ ਚੌੜੀਆਂ ਦਲੀਲਾਂ ਦੀ ਭੁਮਿਕਾ ਵਿੱਚ ਉਲਝਾ ਕੇ ਸ਼ਬਦ ਦੇ ਅਰਥ ਬਦਲਣ ਦੀ ਕਸ਼ਿਸ਼ ਕਰ ਰਹੇ ਹਨ।ਹੇਠਾਂ ਚਮਕੌਰ ਸਿੰਘ ਦੀਆਂ ਦਲੀਲਾਂ ਸਹਿਤ ਸ਼ਬਦ ਦੇ ਅਰਥ ਪੇਸ਼ ਕੀਤੇ ਗਏ ਹਨ। ਪਾਠਕ ਦੇਖ ਸਕਦੇ ਹਨ ਕਿ ਜਿਹਨਾਂ ਦਲੀਲਾਂ ਦਾ ਚਮਕੌਰ ਸਿੰਘ ਸਹਾਰਾ ਲੈ ਰਹੇ ਹਨ ਉਹਨਾ ਦਾ ਕੋਈ ਵੀ ਮਤਲਬ ਨਹੀਂ ਬਣਦਾ। ਮੁੱਦੇ ਦੀ ਗੱਲ ਇਹ ਹੈ ਕਿ ਸ਼ਬਦ ਦੀ ਵਿਚਾਰ-ਅਧੀਨ ਅਖੀਰਲੀ ਤੁਕ “ਸਭ ਤੇ ਵਡਾ ਸਤਿਗੁਰੁ ਨਾਨਕੁ” ਵਿੱਚ ਕਿਤੇ ਵੀ ‘ਨਾਨਕੁ ਆਖੈ” ਜਾਂ ‘ਨਾਨਕ ਆਖਦਾ ਹੈ’ ਦਾ ਜ਼ਿਕਰ ਨਹੀਂ ਹੈ ਪਰ ਚਮਕੌਰ ਸਿੰਘ ਨੇ ਤਾਂ ਸਤਿਗੁਰੁ ਨਾਲੋਂ ਨਾਨਕੁ ਸ਼ਬਦ ਨੂੰ ਨਿਖੇੜਨਾ ਹੈ। ਇਸ ਲਈ ਆਪਣੇ ਕੋਲੋਂ ਹੀ ‘ਨਾਨਕ ਆਖਦਾ ਹੈ’ ਸ਼ਬਦ ਜੋੜ ਕੇ ‘ਨਾਨਕੁ’ ਨੂੰ ਕਰਤਾ ਕਾਰਕ ਬਣਾਈ ਜਾ ਰਹੇ ਹਨ। ਜਦਕਿ ਸਤਿਗੁਰੁ ‘ਨਾਨਕੁ’ ਦਾ ਵਿਸ਼ੇਸ਼ਣ ਹੈ। ਦੇਖੋ ਚਮਕੌਰ ਸਿੰਘ ਆਪਣਾ ਪੱਖ ਸਹੀ ਸਾਬਤ ਕਰਨ ਲਈ ਕਿਵੇਂ ਬੇ-ਸਿਰ-ਪੈਰ ਦੀਆਂ ਦਲੀਲਾਂ ਪੇਸ਼ ਕਰ ਰਹੇ ਹਨ, ਜਿਹਨਾਂ ਦਾ ਕੋਈ ਖਾਸ ਆਧਾਰ ਨਹੀਂ ਬਣਦਾ।
ਚਮਕੌਰ ਸਿੰਘ ਬਰਾੜ:-
ਸਾਰੇ ਸਿਰੀ ਗੁਰੂ ਗ੍ਰੰਥ ਸਾਹਿਬ ਵਿਚ “ਸਤਿਗੁਰੁ” ਸ਼ਬਦ 761 ਵਾਰੀ ਆਇਆ ਹੈ। ਸੂਹੀ ਰਾਗ ਦੇ ਇਸ ਸ਼ਬਦ ਤੋਂ ਬਿਨਾ ਕਿਤੇ ਵੀ ਨਾਨਕੁ ਸ਼ਬਦ ਦੇ ਨਾਲ ਇਹ ਸਤਿਗੁਰੁ ਨਹੀਂ ਆਇਆ। ਹਾਂ ਜਿਸ ਤਰਾਂ ਸਾਰੇ ਪ੍ਰਚਲਤ ਟੀਕਿਆ ਵਿਚ ਅਰਥ ਕੀਤੇ ਗਏ ਹਨ ਕਿ ਸਤਿਗੁਰੁ ਨਾਨਕੁ ਦਾ ਵਿਸ਼ੇਸ਼ਣ ਵਿਆਕਰਨ ਤੌਰ ਤੇ ਠੀਕ ਲਗਦੇ ਹਨ ਪਰ ਇਹ ਓਪਰੇ ਹਨ ਕਿਉਂਕਿ ਸਤਿਗੁਰੁ ਸ਼ਬਦ ਨੂੰ ਦੋਹਾ ਰੂਪਾ ਵਿਚ ਹੀ ਵਰਤਿਆ ਹੈ ਗੁਰੂ ਲਈ ਵੀ ਅਤੇ ਪ੍ਰਭੂ ਦੇ ਲਖਾਇਕ ਵਜੋਂ ਵੀ। ਪਰ ਏਥੇ ਗੁਰੂ ਦੇ ਲਖਾਇਕ ਵਜੋਂ ਵਰਤਣ ਲਈ ਏਥੇ ਅਰਥ ਠੀਕ ਨਹੀਂ ਜਾਪਦੇ।
ਕਾਰਨ
(1) ਸਾਰੇ ਗੁਰੂ ਗਰੰਥ ਸਾਹਿਬ ਵਿਚ ਸਤਿਗੁਰੁ ਕਿਤੇ ਵੀ ਨਾਨਕੁ ਦਾ ਵਿਸ਼ੇਸ਼ਣ ਬਣਾਕੇ ਨਹੀਂ ਵਰਤਿਆ।
(2) ਸਾਰੇ ਗੂਰੂ ਗਰੰਥ ਸਾਹਿਬ ਵਿਚ ਕਿਤੇ ਵੀ ਕਿਸੇ ਗੁਰੂ ਨੂੰ ਸਭ ਤੋਂ ਵੱਡਾ ਸਤਗੁਰੂ ਕਹਿਕੇ ਵਿਸ਼ੇਸ਼ਣ ਤੌਰ ਤੇ ਨਹੀਂ ਵਰਤਿਆ। ਨਾ ਹੀ ਗੁਰੂ ਅੰਗਦੁ ਦੇਵ ਜੀ ਲਈ, ਨਾ ਹੀ ਗੁਰੂ ਅਮਰਦਾਸ ਜੀ ਲਈ, ਨਾ ਹੀ ਰਾਮਦਾਸ ਜੀ ਲਈ, ਨਾਹੀ ਗੁਰੂ ਅਰਜਨ ਦੇਵ ਜੀ ਲਈ ਅਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਲਈ। ਹਾਂ ਗੋਵਿੰਦੁ, ਗੁਬਿੰਦੁ ਨਾਲ ਲਗਾਕੇ ਵਰਤਿਆ ਹੈ। ਜਿਥੇ ਗੁਬਿੰਦੁ ਅਤੇ ਗੋਵਿੰਦੁ ਪ੍ਰਭੂ ਦੇ ਲਖਾਇਕ ਵਜੋਂ ਹਨ ਨਾ ਕਿ ਗੁਰੂ ਗੋਬੰਦ ਸਿੰਘ ਜੀ ਲਈ ਵਰਤੇ ਹਨ। ਹਾ ਇਕ ਥਾਂ ਸਵੈਯਾ ਵਿਚ ਹੇਠ ਲਿਖੇ ਮੁਤਾਬਕ ਹੈ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ਗੁਰੂ ਗ੍ਰੰਥ ਸਾਹਿਬ - ਅੰਗ ੧੪੦੮ ਜਿਸਦਾ ਮਤਲਬ ਬਣਦਾ ਹੈ ਕਿ (ਗੁਰੂ) ਅੰਗਦ ਦੇਵਜੀ ਨੇ ਮਿਹਰ ਕਰਕੇ ਗੁਰੂ ਅਮਰਦਾਸ ਜੀ ਨੂੰ ਸਤਿਗੁਰੂ ਥਾਪ ਦਿਤਾ। ਪਰ ਏਥੇ ਵੀ ਇਹ ਨਹੀਂ ਕਿਹਾ ਕਿ ਸਭਤੋਂ ਵੱਡੇ ਅਮਰ ਦਾਸ ਜੀ ਹਨ।ਏਥੇ ਸਤਿਗੁਰੂ ਗੁਰੂ ਦਾ ਲਖਾਇਕ ਹੈ। ਹਾਂ ਗੁਰੁ ਸਤਿਗੁਰੁ ਇੱਕਠਾ 23 ਵਾਰ ਆਇਆ ਹੈ। ਹੇਠਾ ਕੁਝ ਉਦਾਹਰਣਾ ਹਨ। ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥ ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੪੧ ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥ ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੪੪੯ ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ ਰੇ ॥ ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੫੭੪ ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥ ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੬੧੯ ਇੰਨਾ ਸਾਰਿਆ 23 ਪੰਗਤੀਆ ਵਿਚ ਕਿਤੇ ਵੀ ਖਾਸ ਨਾਵ ( proper Noun) ਦੇ ਨਾਲ ਵਡਾ ਸਤਿਗੁਰੁ ਨਹੀਂ ਲੀਕਆ ਹੈ। ਹਾਂ ਇਹ ਆਮ ਨਾਵ ( common Noun) ਨਾਲ ਲਗਾਇਆ ਹੈ ਜਿਸਦਾ ਮਤਲਬ ਬਣਦਾ ਗੁਰ ਸਚਾ ਗੁਰ। ਕਿਸੇ ਵੀ ਭਗਤ ਦੇ ਨਾਮ ਨਾਲ ਵਿਸ਼ੇਸ਼ਣ ਦੇ ਤੌਰ ਤੇ ਨਹੀਂ ਵਰਤਿਆ।
( 3) ਸਾਰੇ ਸ਼ਬਦ ਦੀ ਚਾਲ ਹੈ ਕਿ ਰਹਾਓ ਵਾਲੀ ਪੰਗਤੀ ਵਿਚ ਮੇਰੇ ਰਾਮ ਰਾਏ, ਜੋ ਕਿ ਪ੍ਰਭੂ ਦਾ ਲਖਾਇਕ ਹੈ, ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਹੈ। ਪਹਿਲੇ ਅਤੇ ਦੂਜੇ ਪਦ ਵਿਚ ਵੀ ਮੇਰੇ ਸੁਆਮੀ ਜੋ ਪ੍ਰਭੂ ਦਾ ਲਖਾਇਕ ਹੈ ਨੂੰ, ਸੰਬੋਧਨ ਕਰਕੇ ਪਦ ਉਚਾਰਿਆ ਹੈ॥ ਅਤੇ ਤੀਜੇ ਪਦ ਵਿਚ ਤੇਰੀ ਸਰਣਿ ਜਿਸ ਵਿਚ ਪੜਨਾਵ “ਤੇਰੀ” ਪ੍ਰਭੁ ਲਈ ਵਰਤੀ ਹੈ । ਭਾਵ ਗੁਰੂ ਅਰਜਨ ਦੇਵ ਜੀ ਨੇ ਸਾਰਾ ਸ਼ਬਦ ਪ੍ਰਭੂ ਨੂੰ ਸੰਬੋਧਨ ਕੀਤਾ ਹੈ। ਹੋਰ ਤਾਂ ਹੋਰ ਚੌਥੇ ਪਦ ਵਿਚ ਸਾਰੁ ਨਾ ਜਾਣੀ ਤੇਰੀ। “ਤੇਰੀ” ਪੜਨਾਵ ਵੀ ਪ੍ਰਭੂ ਲਈ ਵਰਤਿਆ ਹੈ। ਸੋ ਕਹਿਣ ਦਾ ਭਾਵ ਕਿ ਸਾਰੇ ਸ਼ਬਦ ਵਿਚ ਹੀ ਗੁਰੂ ਸਾਹਿਬ ਪ੍ਰਭੂ ਨੂੰ ਸੰਬੌਧਨ ਹੋਕੇ ਸ਼ਬਦ ਦਾ ਉਚਾਰਨ ਕਰਦੇ ਹਨ। ਏਸ ਲਈ “ਸਤਿਗੁਰੁ” ਵੀ ਪ੍ਰਭੂ ਦਾ ਲਖਾਇਕ ਹੈ॥ ***ਨਾਨਕੁ ਕਰਤਾ ਕਾਰਕ ਹੈ । ਨਾਨਕ ਕਹਿੰਦਾ ਹੈ*** ਕਿ ਪ੍ਰਭੁ ਸਭ ਤੋਂ ਵੱਡਾ ਹੈ ਜਿਸਨੇ ਮੇਰੀ (ਉਸਦੀ ਸ਼ਰਣ ਵਿਚ ਆਣ ਕਰਕੇ) ਇਜਤ ਰੱਖ ਲਈ ਹੈ ( ਮੇਨੂੰ ਆਪਣਾ ਬਣਾਕੇ ਜਮ ਦਾ ਭਉ ਦੂਰ ਕਰ ਦਿਤਾ ਹੈ ਰਹਾਉ ਵਾਲੀ ਪੰਗਤੀ)
ਸੂਹੀ ਮਹਲਾ ੫ ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥
ਅਰਥ--
-ਹੇ ਮੇਰੇ ਪ੍ਰਭੂ ਰਾਜੇ !ਉਹ ਮਨੁੱਖ ਜਿੰਨਾ ਨੇ ਤੇਰੀ ਸ਼ਰਨ ਲੈਕੇ ਤੇਰੇ ਗੁਣ ਆਪਣੀ ਜੀਵਨ ਵਿੱਚ ਅਪਣਾਏ ਹੋਏ ਹਨ ਉਹ ਸਦਾ ਵਾਸਤੇ ਤੇਰੇ ਬਣ ਗਏ ਹਨ ਅਤੇ ਤੂੰ ਉਨਾਂ ਮਨੁੱਖਾਂ ਦਾ ਸਦਾ ਦਾ ਤੂੰ ਆਸਰਾ ਬਣ ਗਿਆਂ ਹੈਂ॥ ਉਨਾਂ ਨੂੰ ਮੌਤ ਦੇ ਦੂਤ( ਦਾ ਜੋ ਡਰ ਪਾਇਆ ਗਿਆ ਹੈ ਉਹ ਡਰ) ਉਨਾਂ ਦੇ ਨੇੜੇ ਵੀ ਨਹੀ ਢੁਕਦਾ। ॥ 1॥ ਰਹਾਉ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
ਹੇ ਪ੍ਰਭੂ ! ਜਿਹੜਾ ਮਨੁੱਖ ਤੇਰਾ ਦਾਸ ਬਣ ਗਿਆ ਹੈ ਅਤੇ ਉਸਨੂੰ ਤੇਰਾ ਆਸਰਾ ਹੋ ਗਿਆ ਹੈ ਉਸ ਨੂੰ ਦੁਖ ( ਆਤਮਿਕ) ਕਿਵੇਂ ਹੋ ਸਕਦਾ ਹੈ ਭਾਵ ਨਹੀ ਹੋ ਸਕਦਾ। ਪਰ ਇਹ ਮਨੁੱਖ ਦੁਨੀਆਂ ਦੀ ਮਾਇਆ ( ਚਮਕ ਦਮਕ ਨੇ)ਇਸ ਦੀ ਬੋਲਤੀ ਬੰਦ ਕੀਤੀ ਹੋਈ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਨੂੰ ਮਰਨਾ ਯਾਦ ਨਹੀਂ ਹੈ ਭਾਵ ਇਸ ਨੂੰ ਇੰਨਾ ਯਾਦ ਕਤਾਰੇ ਵੀ ਨਹੀ ਕਿ ਇਹ ਜੀਵਨ ਬਹੁਤ ਛੋਟਾ ਹੈ ਅਤੇ ਸਭ ਨੇ ਏਥੌਂ ਚਲੇ ਜਾਣਾ ਹੈ॥ 1॥
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥
ਅਰਥ=
= ਹੇ ਮਾਲਕ ! ਜੋ ਤੇਰੇ ਦਾਸ ਤੇਰੇ ਗੁਣਾਂ ਵਿੱਚ ਰੱਤੇ ਹੋਏ ਹਨ, ਉਨਾਂ ਦਾ ਜਨਮ ਮਰਨ ਦੇ ਡਰ ਦਾ ਦੁੱਖ ਹਮੇਸ਼ਾ ਵਾਸਤੇ ਦੂਰ ਹੋ ਗਇਆ ਹੈ। { ਇਹ ਉਹ ਡਰ ਹੈ ਜਿਹੜਾ ਲੋਕ ਕਹਿੰਦੇ ਹਨ ਕਿ ਮਰਨ ਤੋਂ ਪਿਛੌਂ ਮਨੁੱਖ ਨੂੰ ਕਈ ਤਰਾਂ ਦੇ ਤਸੀਹੇ ਜਾਂ ਦੁਖ ਝੱਲਣੇ ਪੈਂਦੇ ਹਨ । ((ਨੋਟ:- ਚਮਕੌਰ ਸਿੰਘ ਨੂੰ ਗੁਰਬਾਣੀ/ ਗੁਰਮਤਿ ਦਾ ਜਨਮ ਮਰਨ ਅਰਥਾਤ ਆਵਾ ਗਵਣ ਵਾਲਾ ਸੰਕਲਪ ਮਨਜ਼ੂਰ ਨਹੀਂ ਇਸ ਲਈ ਇਥੇ ਆਪਣੇ ਕੋਲੋਂ ਹੀ ਭਾਵਾਰਥ ਦਾ ਨੋਟ ਵਿੱਚ ਵਾੜ ਦਿੱਤਾ ਹੈ)) } ਤੇਰੇ ਦਾਸਾਂ ਨੂੰ ਸੱਚੇ ਗੁਰੂ ਦਾ ਪੂਰਾ ਯਾਕੀਨ ਹੁੰਦਾ ਹੈ ਕਿ ਤੇਰੇ ਮਿਲਾਪ ਦੀ ਬਖਸ਼ਸ਼ ਨੂੰ ਕੋਈ ਮਿਟਾ ਨਹੀ ਸਕਦਾ। 2॥
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪੂਰੀ ਤਰਾਂ ਅਪਣਾ ਲੈਂਦੇ ਹਨ ਜਾਂ ਤੇਰੇ ਨਾਮ ਨੂੰ ਧਿਅਉਂਦੇ ਹਨ ਉਨਾ ਦੇ ਮਨ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ। ਅਤੇ ਅੱਠੇ ਪਹਿਰ ਉਨਾਂ ਦੇ ਹਿਰਦੇ ਵਿੱਚ ਤੇਰੀ ਯਾਦ ਜੁੜੀ ਰਹਿੰਦੀ ਹੈ। ਉਹ ਜੀਵ ਤੇਰੇ ਤੇ ਪੂਰੀ ਤਰਾਂ ਯਾਕੀਨ ਕਰਕੇ ਤੇਰੀ ਕਹੀ ਹੋਈ ਗੱਲ ਨੂੰ ਆਪਣੇ ਜੀਵਨ ਵਿੱਚ ਪੂਰੀ ਤਰਾਂ ਅਪਣਾ ਲੈਂਦੇ ਹਨ ਭਾਵ ਤੇਰੀ ਸ਼ਰਨ ਵਿੱਚ ਆ ਜਾਂਦੇ ਹਨ। ਇਸ ਤਰਾਂ ਕਰਨ ਨਾਲ ਤੇਰੇ ਆਸਰੇ ਉਹ ਆਪਣੇ ਜੀਵਨ ਦੇ ਦਸ਼ਮਨ ਵਿਕਾਰਾਂ ਨੂੰ ਪੂਰੀ ਤਰਾਂ ਸੋਧ ਲੈਂਦੇ ਹਨ। ॥ 3॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥ ੪॥੧੦॥੫੭॥
ਹੇ ਪ੍ਰਭੂ ! ਮੈਂਨੂੰ ਨਾਂ ਤਾਂ ਬਹੁਤੀ ਸਮਝ ਹੈ, ਨਾ ਹੀ ਮੇਰੀ ਸੁਰਤ ਬਹੁਤ ਉਚੀ ਹੈ, ਨਾ ਹੀ ਮੈਨੂੰ ਬਹੁਤੇ ਧਾਰਮਿਕ ਕਰਮ ਆਉਂਦੇ ਹਨ ਨਾ ਹੀ ਮੈਨੂੰ ਤੇਰੀ ਗਿਣਤੀ ਮਿਣਤੀ ਦਾ ਪਤਾ ਹੈ ਕਿ ਤੂੰ ਕਿੱਡਾ ਵੱਡਾ ਹੈ। ਨਾਨਕ ਕਹਿੰਦਾ ਹੈ ਕਿ (ਮੈਨੂੰ ਤਾਂ ਇੱਕ ਗਲੱ ਦਾ ਪਤਾ ਹੈ) ਕਿ ਮੇਰੀ ਇੱਜਤ ਤਾਂ ਮੇਰੇ ਸੱਚੇ ਪ੍ਰਭੂ ਨੇ (ਇਸ ਵਿਕਾਰਾ ਭਰੇ ਸੰਸਾਰ ਵਿੱਚ ਮੇਰੀ ਇਜਤ ਰੱਖੀ ਹੈ ਜਿਸਨੇ ਮੈਨੂੰ ਤੇਰੇ ਗੁਣ ਅਪਣਾਉਣ ਦਾ ਰਸਤਾ ਦੱਸ ਕੇ ਤੇਰੀ ਸ਼ਰਨ ਵਿੱਚ ਲਿਆਦਾ ਹੈ।) ਮੇਰੀ ਇਜਤ ਰੱਖ ਲਈ ਹੈ। ਮੇਰੇ ਲਈ ਤਾਂ ਉਹੋ ਸੱਚਾ ਪ੍ਰਭੂ ਹੀ ਸਭ ਤੋਂ ਵੱਡਾ ਹੈ। ॥ 4॥ 10॥ 57॥
((ਨੋਟ ਕੀਤਾ ਜਾਵੇ, ਜਦੋਂ ਇਹ ਅਖੀਰਲੀ ਤੁਕ ਪ੍ਰਭੂ ਨੂੰ ਸੰਬੋਧਨ ਕਰਕੇ ਹੈ ਅਤੇ ਤੁਕ ਵਿੱਚ ‘ਸਤਿਗੁਰੂ’ ਲਫਜ਼ ਵੀ ਪਰਮਾਤਮਾ ਲਈ ਹੀ ਆਇਆ ਹੈ ਤਾਂ-- “(ਮੈਨੂੰ ਤਾਂ ਇਕ ਗੱਲ ਦਾ ਪਤਾ ਹੈ) ਕਿ ਮੇਰੀ ਇੱਜਤ ਤਾਂ ਮੇਰੇ ਸੱਚੇ ਪ੍ਰਭੂ ਨੇ (ਇਸ ਵਿਕਾਰਾਂ ਭਰੇ ਸੰਸਾਰ ਵਿੱਚ ਮੇਰੀ ਇੱਜਤ ਰੱਖੀ ਹੈ…” ਦੀ ਬਜਾਏ ਲਫਜ਼ ਹੋਣੇ ਚਾਹੀਦੇ ਸੀ ਕਿ-- “…ਤੂੰ ਹੀ ਵਿਕਾਰਾਂ ਭਰੇ ਸੰਸਾਰ ਵਿੱਚ ਮੇਰੀ ਇੱਜਤ ਰੱਖੀ ਹੈ…। ਅਰਥਾਤ **ਪ੍ਰਭੂ ਨੇ** ਦੀ ਬਜਾਏ ਲਫਜ਼ ਹੋਣੇ ਸੀ **ਤੂੰ ਹੀ**))
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਸਭ ਤੇ ਵਡਾ ਸਤਿਗੁਰੁ ਨਾਨਕੁ :-
Page Visitors: 7901