ਓਬਾਮਾ ਬੱਚਤ ਕੀਤੇ ਪੈਸਿਆਂ ਨਾਲ ਖਰੀਦਣਗੇ ਨਵਾਂ ਘਰ
ਵਾਸ਼ਿੰਗਟਨ, 18 ਅਪਰੈਲ (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਸੇਵਾ ਮੁਕਤੀ ਤੋਂ ਪਹਿਲਾਂ ਬੱਚਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਸੱਚ ਹੈ। ਓਬਾਮਾ ਪਰਿਵਾਰ ਦੇ ਟੈਕਸ ਰਿਟਰਨ 2015 ਤਾਂ ਘੱਟ ਤੋਂ ਘੱਟ ਇਹੀ ਦੱਸਦਾ ਹੈ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਰਿਟਰਨ ਨੂੰ ਜਾਰੀ ਕੀਤਾ। ਬਰਾਕ ਅਤੇ ਮਿਸ਼ੇਲ ਓਬਾਮਾ ਨੇ ਅਪਣੇ ਨਿਵੇਸ਼ ਵਿਚ ਕਰੀਬ ਇਕ ਮਿਲੀਅਨ ਡਾਲਰ ਯਾਨੀ ਸਾਢੇ ਛੇ ਕਰੋੜ ਰੁਪਏ ਕੱਢੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਰਕਮ ਨਾਲ ਉਹ ਸੇਵਾ ਮੁਕਤੀ ਤੋਂ ਬਾਅਦ ਅਪਣੇ ਲਈ ਵਾਸ਼ਿੰਗਟਨ ਦੇ ਆਸ ਪਾਸ ਮਕਾਨ ਖਰੀਦਣਗੇ।
ਓਬਾਮਾ ਨੇ ਇਸ ਬਾਰੇ ਵਿਚ ਕੁਝ ਦਿਨ ਪਹਿਲਾਂ ਸੰਕੇਤ ਵੀ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਛੋਟੀ ਬੇਟੀ ਸਾਸ਼ਾ ਦੇ ਹਾਈ ਸਕੂਲ ਪਾਸ ਕਰਨ ਤੱਕ ਉਹ ਵਾਸ਼ਿੰਗਟਨ ਇਲਾਕੇ ਵਿਚ ਹੀ ਰਹਿਣਗੇ। ਓਬਾਮਾ ਜਨਰਵੀ 2017 ਵਿਚ ਵਾਈਟ ਹਾਊਸ ਛੱਡਣਗੇ। ਟੈਕਸ ਰਿਟਰਨ ਦੇ ਅਨੁਸਾਰ ਓਬਾਮਾ ਪਰਿਵਾਰ ਨੇ 2015 ਵਿਚ 436,065 ਡਾਲਰ ਕਮਾਏ। ਇਸ ਵਿਚ 81,472 ਡਾਲਰ ਟੈਕਸ ਦਿੱਤਾ। ਪਰਿਵਾਰ ਨੇ 9,94941 ਡਾਲਰ ਦੇ ਟਰੇਜਰੀ ਨੋਟ ਦਿੱਤੇ। ਵਾਈਟ ਹਾਊਸ ਨੇ ਇਸ ਦੀ ਵਜ੍ਹਾ ਨਹੀਂ ਦੱਸੀ। ਓਬਾਮਾ ਨੂੰ ਅਗਲੇ ਸਾਲ ਨਵੇਂ ਮਕਾਨ ਤੋਂ ਇਲਾਵਾ ਵੱਡੀ ਬੇਟੀ ਮਾਲਿਆ ਦੇ ਕਾਲਜ ਦਾ ਖ਼ਰਚਾ ਚੁੱਕਣਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਸਟੇਨਫੋਰਡ ਅਤੇ ਹਾਵਰਡ ਦੇ ਬਾਰੇ ਵਿਚ ਸੋਚ ਰਹੀ ਹੈ। ਇਸ ‘ਤੇ ਕਰੀਬ 43 ਲੱਖ ਰੁਪਏ ਦਾ ਖ਼ਰਚਾ ਆਵੇਗਾ।