ਇਪੋਹ, 15 ਅਪਰੈਲ (ਪੰਜਾਬ ਮੇਲ)- ਇੱਥੇ ਚੱਲ ਰਹੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਮੈਂਟ ਦੇ ਸੈਮੀ ਫਾਈਨਲ ਵਿੱਚ ਭਾਰਤ ਨੇ ਰਮਨਦੀਪ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਮੇਜ਼ਬਾਨ ਮਲੇਸ਼ੀਆ ਨੂੰ ਇੱਕਤਰਫਾ ਮੈਚ ਵਿੱਚ 6-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ। ਫਾਈਨਲ ਵਿੱਚ ਭਾਰਤ ਦੀ ਟੱਕਰ ਵਿਸ਼ਵ ਚੈਂਪੀਅਨ ਆਸਟਰੇਲੀਆ ਦੇ ਨਾਲ ਹੋਵੇਗੀ।ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪਹਿਲੇ ਦੋ ਕੁਆਰਟਰਾਂ ਵਿੱਚ ਹੀ 4-0 ਦੀ ਲੀਡ ਲੈ ਲਈ। ਪੰਜ ਵਾਰ ਦੇ ਚੈਂਪੀਅਨ ਭਾਰਤ ਨੂੰ ਫਾਈਨਲ ਵਿੱਚ ਪੁੱਜਣ ਲਈ ਇਹ ਮੈਚ ਹਰ ਹਾਲਤ ਵਿੱਚ ਜਿੱਤਣਾ ਜ਼ਰੂਰੀ ਸੀ ਅਤੇ ਭਾਰਤੀ ਖਿਡਾਰੀਆਂ ਨੇ ਇਹ ਚੁਣੌਤੀ ਸਹਿਜੇ ਹੀ ਪਾਰ ਕਰ ਲਈ। ਭਾਰਤ ਦੀ ਇਹ ਛੇ ਮੈਚਾਂ ਵਿੱਚ ਚੌਥੀ ਜਿੱਤ ਹੈ ਅਤੇ ਭਾਰਤ ਦੇ ਬਾਰਾਂ ਅੰਕ ਹੋ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਪਿਛਲੇ ਚੈਂਪੀਅਨ ਨਿਊਜ਼ੀਲੈਂਡ (11 ਅੰਕ) ਨੂੰ ਪਿੱਛੇ ਛੱਡ ਕੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾ ਲਈ।ਭਾਰਤ ਦੀ ਇਸ ਸ਼ਾਨਦਾਰ ਜਿੱਤ ਵਿੱਚ ਨਿਕਿਨ ਤਿਮਈਯਾ ਨੇ ਤੀਜੇ ਮਿੰਟ ਵਿੱਚ, ਹਰਜੀਤ ਸਿੰਘ ਨੇ ਸੱਤਵੇਂ ਮਿੰਟ ਵਿੱਚ ਅਤੇ ਰਮਨਦੀਪ ਨੇ 25ਵੇਂ ਅਤੇ 39ਵੇਂ ਮਿੰਟ ਵਿੱਚ , ਦਾਨਿਸ਼, ਮੁਰਤਬਾ ਨੇ 27ਵੇਂ ਮਿੰਟ ਵਿੱਚ ਅਤੇ ਪਰਵਿੰਦਰ ਸਿੰਘ ਨੇ 50ਵੇਂ ਮਿੰਟ ਵਿੱਚ ਗੋਲ ਕੀਤੇ।
ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ 25 ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਕੈਨੇਡਾ ਨੂੰ 3-0 ਨਾਲ ਹਰਾ ਦਿੱਤਾ। ਕਪਤਾਨ ਮਾਰਕ ਨੌਲਜ (16ਵੇਂ ਮਿੰਟ), ਬਲੈਕ ਗੌਵਰਸ (33ਵੇਂ ਮਿੰਟ) ਅਤੇ ਫਿਲਿਨ ਓਗੀਲਵੀ (36ਵੇਂ ਮਿੰਟ) ਨੇ ਆਸਟਰੇਲੀਆ ਦੇ ਲਈ ਗੋਲ ਕੀਤੇ। ਆਸਟਰੇਲੀਆ ਦੇ ਛੇ ਮੈਚਾਂ ਵਿੱਚ 18 ਅੰਕ ਹਨ ਜਦੋਂ ਕਿ ਕੈਨੇਡਾ ਦੇ 5 ਅੰਕ ਰਹੇ। ਪਾਕਿਸਤਾਨ ਨੇ ਅੱਜ ਇੱਕ ਹੋਏ ਮੈਚ ਵਿੱਚ ਜਾਪਾਨ ਨੂੰ 4-1 ਨਾਲ ਹਰਾ ਦਿੱਤਾ। ਪਾਕਿਸਤਾਨ ਦੇ 6 ਅੰਕ ਰਹੇ। ਹੁਣ ਪਾਕਿਸਤਾਨ ਭਲਕੇ ਪਲੇਅ ਆਫ ਵਿੱਚ ਪੰਜਵੇਂ ਅਤੇ ਛੇਵੇਂ ਸਥਾਨ ਲਈ ਕੈਲੇਡਾ ਨਾਲ ਖੇਡੇਗਾ।