ਖਾਲਸਾ ਆਈ.ਐਸ ਦੇ ਗੜ੍ਹ ‘ਚ ਪਹੁੰਚਿਆ
ਖਾਲਸਾ ਆਈ.ਐਸ ਦੇ ਗੜ੍ਹ ‘ਚ ਪਹੁੰਚਿਆ
ਖਾਲਸਾ ਆਈ.ਐਸ ਦੇ ਗੜ੍ਹ ‘ਚ ਪਹੁੰਚਿਆ
Posted On 15 Apr 2016
By : Punjab Mail USA
ਚੰਡੀਗੜ੍ਹ, 15 ਅਪਰੈਲ (ਪੰਜਾਬ ਮੇਲ)-ਇਸਲਾਮਿਕ ਸਟੇਟ (ਆਈ.ਐਸ.) ਨੇ ਇਰਾਕ ਦੇ ਕਾਫ਼ੀ ਵੱਡੇ ਹਿੱਸਾ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਆਈ.ਐਸ. ਦੇ ਡਰ ਕਾਰਨ ਜਿੱਥੇ ਆਮ ਲੋਕ ਇਰਾਕ ਜਾਣ ਤੋਂ ਗੁਰੇਜ਼ ਕਰਦੇ ਹਨ, ਉੱਥੇ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਦਹਿਸ਼ਤਗਰਦ ਸੰਗਠਨ ਦੇ ਗੜ੍ਹ ਵਿੱਚ ਵਿਸਾਖੀ ਵਾਲੇ ਦਿਨ ਰਫ਼ਿਊਜੀ ਕੈਂਪ ਵਿੱਚ ਲੋਕਾਂ ਦੀ ਮਦਦ ਕਰਕੇ ਆਪਣੀ ਮਾਨਵਤਾਵਾਦੀ ਸੋਚ ਦੀ ਉਦਾਹਰਨ ਦਿੱਤੀ।
ਅਸਲ ਵਿੱਚ ਆਈ.ਐਸ. ਵੱਲੋਂ ਇਰਾਕ ਦੇ ਇਲਾਕੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਮ ਲੋਕਾਂ ਦਾ ਉੱਥੇ ਬੁਰਾ ਹਾਲ ਹੈ। ਖ਼ਾਸ ਤੌਰ ਉੱਤੇ ਯਹੂਦੀ ਭਾਈਚਾਰੇ ਨੂੰ ਸਭ ਤੋਂ ਵੱਧ ਆਈ.ਐਸ. ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਯਹੂਦੀ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਅਜਿਹੇ ਵਿੱਚ ਇੰਗਲੈਂਡ ਦੀ ਸੰਸਥਾ ਖ਼ਾਲਸਾ ਏਡ ਦੇ ਵਲੰਟੀਅਰ ਪਿਛਲੇ ਦੋ ਸਾਲਾਂ ਤੋਂ ਇਰਾਕ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ।
ਇਰਾਕ ਵਿੱਚੋਂ ਫ਼ੋਨ ਉੱਤੇ ਗੱਲਬਾਤ ਕਰਦਿਆਂ ਖ਼ਾਲਸਾ ਏਡ ਨਾਲ ਜੁੜੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਬਾਵਜੂਦ ਖ਼ਤਰੇ ਦੇ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਰਵਿੰਦਰ ਸਿੰਘ ਅਨੁਸਾਰ ਯਹੂਦੀ ਭਾਈਚਾਰੇ ਦਾ ਇਰਾਕ ਵਿੱਚ ਕਾਫ਼ੀ ਬੁਰਾ ਹਾਲ ਹੈ। ਖ਼ਾਸ ਤੌਰ ਉੱਤੇ ਮਹਿਲਾਵਾਂ ਨੂੰ ਸਭ ਤੋਂ ਵੱਧ ਆਈ.ਐਸ. ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬੱਚਿਆਂ ਦੀ ਹਾਲਤ ਕਾਫ਼ੀ ਬਦਤਰ ਹੈ। ਅਜਿਹੇ ਵਿੱਚ ਉਨ੍ਹਾਂ ਵੱਲੋਂ ਜਿੱਥੇ ਬੱਚਿਆਂ ਤੇ ਮਹਿਲਾਵਾਂ ਨੂੰ ਡਾਕਟਰੀ ਮਦਦ ਦਿੱਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਵੀ ਸਪਲਾਈ ਕੀਤਾ ਜਾਂਦਾ ਹੈ।
ਰਵਿੰਦਰ ਸਿੰਘ ਅਨੁਸਾਰ ਇਰਾਕ ਵਿੱਚ ਆਈ.ਐਸ. ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਕਈ ਵਾਰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲੀਆਂ ਹਨ ਪਰ ਬਾਵਜੂਦ ਇਸ ਦੇ ਉਹ ਖ਼ਾਲਸੇ ਦੀ ਸੋਚ ਮੁਤਾਬਕ ਲੋਕਾਂ ਦੀ ਮਦਦ ਕਰ ਰਹੇ ਹਨ। ਰਵਿੰਦਰ ਸਿੰਘ ਅਨੁਸਾਰ ਇਰਾਕ ਵਿੱਚ ਉਨ੍ਹਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨੀ ਪੈਂਦੀ ਹੈ। ਖ਼ਾਸ ਤੌਰ ਉੱਤੇ ਜਦੋਂ ਲਈ ਉਹ ਇਰਾਕ-ਸੀਰੀਆ ਸੀਮਾ ਨੇੜੇ ਜਾਂਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਕੋਈ ਸੈਨਿਕ ਮਦਦ ਨਹੀਂ ਮਿਲਦੀ।
ਇਰਾਕ ਦੇ ਮੌਸੂਲ ਸ਼ਹਿਰ ਵਿੱਚ ਲਾਪਤਾ 39 ਭਾਰਤੀਆਂ ਦੀ ਗੱਲ ਕਰਦਿਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਹ ਸ਼ਹਿਰ ਆਈ.ਐਸ. ਦੇ ਕਬਜ਼ੇ ਵਿੱਚ ਹੈ। ਉਨ੍ਹਾਂ ਨੇ ਕਈ ਵਾਰ ਉਸ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਤੇ ਹੋਰ ਤਰੀਕਿਆਂ ਰਾਹੀਂ ਇਨ੍ਹਾਂ ਪੰਜਾਬੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਮਰੀਕਾ ਦੀ ਅਗਵਾਈ ਵਿੱਚ ਛੇਤੀ ਹੀ ਗੱਠਜੋੜ ਸੈਨਾਵਾਂ ਵੱਲੋਂ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
.........................................
Comment:- ਸ਼ਾਬਾਸ਼ ! ਇਹੀ ਸਿਖੀ ਦਾ ਕਿਰਦਾਰ ਹੈ ! ਅਮਰ ਜੀਤ ਸਿੰਘ ਚੰਦੀ