ਕਿਸਾਨ ਦੇ ਘਰੋਂ 150 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ, 14 ਅਪ੍ਰੈਲ (ਹਮਦਰ ਨਿਊਜ਼ ਸਰਵਿਸ) ਭਾਰਤੀ ਸਰਹੱਦੀ ਫੋਰਸ ਨੇ ਫਿਰੋਜ਼ਪੁਰ ਜਿਲ੍ਹਾ ਦੇ ਪਿੰਡ ਬਾਰੇਕੇ ‘ਚ ਇੱਕ ਘਰ ‘ਚੋਂ 150 ਕਰੋੜ ਦੀ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਬੀ ਐਸ ਐਫ ਦੇ ਇਕ ਬੁਲਾਰੇ ਨੇ ਦੱਸਿਆ ਕਿ ਫੋਰਸ ਨੇ ਪਿੰਡ ਵਿਚ ਇਕ ਕਿਸਾਨ ਦੇ ਘਰ ਨੂੰ ਸਵੇਰ ਤੋਂ ਘੇਰਾ ਪਾਇਆ ਸੀ। ਕਿਸਾਨ ਦੇ ਘਰ ਅੰਦਰੋਂ 30 ਪੈਕੇਟ ਹੈਰੋਇਨ ਮਿਲੀ ਹੈ। ਇਸ ਦੇ ਇਲਾਵਾ ਨਕਲੀ ਕਰੰਸੀ ਬਰਾਮਦ ਹੋਈ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਬੀ ਐਸ ਐਫ ਤੇ ਖੂਫੀਆ ਏਜੰਸੀਆਂ ਦੀ ਟੀਮ ਨੇ ਇਹ ਸਾਂਝਾ ਅਪ੍ਰੇਸ਼ਨ ਚਲਾਇਆ ਹੈ। ਆਈ.ਜੀ. ਬੀ.ਐਸ.ਐਫ ਅੰਮ੍ਰਿਤਸਰ ਰਾਜੇਸ਼ ਕਟਾਰੀਆ ਮੁਤਾਬਕ ਗੁਪਤ ਸੂਚਨਾ ਸੀ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਤੇ ਜਾਅਲੀ ਕਰੰਸੀ ਪਿੰਡ ਬਾਰੇਕੇ ਦੇ ਇੱਕ ਘਰ ਵਿੱਚ ਰੱਖੀ ਹੋਈ ਹੈ। ਜਿਥੋਂ ਇਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਜਦ ਇਸ ਸਬੰਧ ਵਿਚ ਡੀ.ਆਰ.ਆਈ ਅੰਮ੍ਰਿਤਸਰ ਤੇ ਬੀ.ਐਸ.ਐਫ ਟੀਮ ਨੇ ਉਕਤ ਘਰ ‘ਚ ਛਾਪੇਮਾਰੀ ਕੀਤੀ ਤਾਂ ਕਿੱਲੋ-ਕਿੱਲੋ ਦੇ 30 ਪੈਕੇਟ ਟਿਊਬ ਵਿੱਚ ਲੁਕੋ ਕੇ ਰੱਖੇ ਹੋਏ ਸਨ। ਇਕ ਦੋਸ਼ੀ ਦੀ ਪਛਾਣ ਮਿੰਟੂ ਵਜੋਂ ਹੋਈ ਹੈ।