-: ਗੁਰਬਾਣੀ ਵਿੱਚ ਕਰਾਮਾਤਾਂ ਦਾ ਜ਼ਿਕਰ :-
ਇਕ ਸੱਜਣ ਦਾ ਸਵਾਲ-- ਅੰਕਲ ਜੀ ਗੁਰਬਾਣੀ ਚਮਤਕਾਰਾਂ ਬਾਰੇ ਕੀ ਕਹਿੰਦੀ ਹੈ ? ਨਾਲੇ ਹੇਠਲੇ ਸ਼ਲੋਕਾਂ ਦਾ ਕੀ ਕੋਈ ਚਮਤਕਾਰੀ ਭਾਵ ਹੈ ? ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਦੇ ਸ਼ਬਦ ਜਿਹਨਾਂ ਵਿੱਚ ਗਾਂ ਜ਼ਿੰਦੀ ਹੋਈ।ਹੋਰ ਵੀ ਅਨੇਕਾਂ ਸ਼ਬਦ ਹਨ।ਗੁਰੂ ਅਰਜੁਨ ਦੇਵ ਜੀ ਦਾ ‘ਸੁਲਹੀ ਤੇ ਨਾਰਾਇਣੁ ਰਾਖ’ ਸ਼ਬਦ ਚਮਤਕਾਰ ਤੋਂ ਘੱਟ ਨਹੀਂ ਕਿ ਸੁਲਹੀ ਜਲਦੇ ਹੋਏ ਭੱਠੇ ਵਿੱਚ ਡਿੱਗਕੇ ਸਵਾਹ ਹੋ ਗਿਆ ਸੀ।
ਜਵਾਬ-- ਬੀ. ਸਿੰਘ! ਮੈਨੂੰ ਕੋਈ ਜਿਆਦਾ ਸਮਝ ਤਾਂ ਨਹੀਂ ਹੈ।ਮੈਂ ਵੀ ਤੇਰੀ ਤਰ੍ਹਾਂ ਸਿੱਖਣ ਵਾਲਿਆਂ ਵਿੱਚੋਂ ਹੀ ਹਾਂ।ਆਪਣੀ ਸਮਝ ਮੁਤਾਬਕ ਵਿਚਾਰ ਸਾਂਝੇ ਕਰ ਰਿਹਾ ਹਾਂ।
ਪਰਮਾਤਮਾ ਸਭ ਕੁਝ ਕਰਨ-ਕਰਾਉਣ ਦੇ ਸਮਰੱਥ ਹੈ।ਸੁੰਨ (ਸ਼ੂਨਯ, ਜ਼ੀਰੋ, ਕੁਝ ਵੀ ਨਹੀਂ) ਤੋਂ ਏਨਾ ਵਿਸ਼ਾਲ ਫਿਜ਼ੀਕਲ ਬ੍ਰਹੰਮਡ ਦਾ ਹੋਂਦ ਵਿੱਚ ਆਉਣਾ ਹੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਕਰਾਮਾਤ ਹੈ।ਸਾਡੇ ਜੀਵਨ ਵਿੱਚ ਕੁਝ ਘਟਨਾਵਾਂ ਐਸੀਆਂ ਵਾਪਰ ਜਾਂਦੀਆਂ ਹਨ ਜਿਹਨਾਂ ਦੇ ਵਾਪਰਨ ਦੀ ਸਾਨੂੰ ਉਮੀਦ ਵੀ ਨਹੀਂ ਹੁੰਦੀ, ਉਹਨਾਂ ਨੂੰ ਆਪਾਂ ਕਰਾਮਾਤ ਕਹਿ ਦਿੰਦੇ ਹਾਂ।ਕਈ ਵਾਰੀਂ ਉਹ ਹਾਲਾਤ ਕੁਝ ਐਸੇ ਪੈਦਾ ਕਰ ਦਿੰਦਾ ਹੈ ਜਿਹਨਾਂ ਨੂੰ ਆਪਾਂ ਕੁਦਰਤ ਦਾ ਕ੍ਰਿਸ਼ਮਾ ਜਾਂ ਕਰਾਮਾਤ ਕਹਿ ਦਿੰਦੇ ਹਾਂ।
ਮਿਸਾਲ ਦੇ ਤੌਰ ਤੇ ਕੁਦਰਤ ਦੇ ਨਿਯਮਾਂ ਅਨੁਸਾਰ ਬਿਨਾਂ ਬੱਦਲਾਂ ਤੋਂ ਬਰਸਾਤ ਨਹੀਂ ਹੋ ਸਕਦੀ।ਪਰ ਜੇ ਪਰਮਾਤਮਾ ਚਾਹੇ ਤਾਂ ਉਹ ਕੁਝ ਐਸੇ ਹਾਲਾਤ ਪੈਦਾ ਕਰ ਸਕਦਾ ਹੈ ਕਿ ਕਿਤੋਂ ਬੱਦਲ ਆਉਣ ਜਿਨ੍ਹਾਂ ਦੀ ਉਮੀਦ ਵੀ ਨਾ ਹੋਵੇ, ਅਤੇ ਬਰਸਾਤ ਹੋ ਜਾਵੇ।ਗੁਰਬਾਣੀ ਵਿੱਚ ਭਗਤਾਂ ਦੇ ਕੁਝ ਸ਼ਬਦਾਂ ਵਿੱਚ ਕਰਾਮਾਤਾਂ ਵਰਗੀਆਂ ਗੱਲਾਂ ਦਾ ਜ਼ਿਕਰ ਜਰੂਰ ਹੈ।ਪਰ ਭਗਤਾਂ ਨੇ ਖੁਦ ਕਰਾਮਾਤ ਕਰਨ ਦਾ ਦਾਅਵਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਸ਼ਬਦ ਵਿੱਚ ਐਸਾ ਜ਼ਿਕਰ ਹੈ ਕਿ ਕਿਸੇ ਭਗਤ ਨੇ ਕਰਾਮਾਤ ਕਰ ਦਿਖਾਈ ਹੋਵੇ।
“ਸੁਲਤਾਨੁ ਪੂਛੈ ਸੁਨੁ ਬੇ ਨਾਮਾ…॥” ਵਾਲੇ ਸ਼ਬਦ ਵਿੱਚ ਸੁਲਤਾਨ ਨਾਮਦੇਵ ਜੀ ਨੂੰ ਮਰੀ ਗਾਂ ਜਿਉਂਦੀ ਕਰਨ ਲਈ ਕਹਿੰਦਾ ਹੈ ਅਤੇ ਐਸਾ ਨਾ ਕਰਨ ਦੀ ਸੂਰਤ ਵਿੱਚ ਉਸ ਦੀ ਗਰਦਨ ਕੱਟ ਦੇਣ ਦੀ ਧਮਕੀ ਦਿੰਦਾ ਹੈ।ਪਰ ਨਾਮਦੇਵ ਅੱਗੋਂ ਇਹੀ ਕਹਿੰਦਾ ਹੈ ਕਿ-- ਮੇਰਾ ਕੀਆ ਕਛੂ ਨ ਹੋਇ॥ਕਰਹੈ ਰਾਮੁ ਹੋਇ ਹੈ ਸੋਇ॥” ਪੈਰਾਂ’ਚ ਬੇੜੀਆਂ ਪਈਆਂ ਹਨ ਪਰ ਫੇਰ ਵੀ ਨਾਮਦੇਵ ਜੀ ਹਰਿ ਦੇ ਹੀ ਗੁਣ ਗਾ ਰਿਹੇ ਹਨ।ਸੱਤ ਘੜੀਆਂ ਬੀਤਣ ਤੇ ਵੀ ਨਾਮਦੇਵ ਜੀ ਇਹ ਦਾਅਵਾ ਨਹੀਂ ਕਰ ਰਹੇ ਕਿ ਉਹ ਮਰੀ ਗਾਂ ਜਿਉਂਦੀ ਕਰ ਸਕਦੇ ਹਨ।ਬਲਕਿ ਉਹਨਾਂ ਨੂੰ ਆਪਣੇ ਹਰੀ ਤੇ ਹੀ ਇੱਜਤ ਰੱਖਣ ਦੀ ਆਸ ਹੈ।ਸ਼ਬਦ ਦੇ 16ਵੇਂ ਬੰਦ ਵਿੱਚ ਨਾਮਦੇਵ ਜੀ ਇਹੀ ਕਹਿ ਰਹੇ ਹਨ ਕਿ ਗੋਬਿੰਦ, ਗੋਪਾਲ ਨੇ ਆਪਣੇ ਭਗਤ (ਨਾਮਦੇਵ) ਦੀ ਰੱਖਿਆ ਕੀਤੀ।ਸੋ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਕੋਈ ਕਰਾਮਾਤ ਕਰ ਦਿਖਾਈ ਐਸਾ ਜ਼ਿਕਰ ਨਹੀਂ ਹੈ, ਬਲਕਿ ਇਹੀ ਕਿਹਾ ਹੈ ਕਿ, ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
ਗੁਰੂ ਅਰਜੁਨ ਦੇਵ ਜੀ ਦੇ ਸੁਲਹੀ ਵਾਲੇ ਸ਼ਬਦ ਵਿੱਚ ਵੀ ਗੁਰੂ ਸਾਹਿਬ ਨੇ ਨਾਰਾਇਣ ਅੱਗੇ ਰੱਖਿਆ ਲਈ ਅਰਦਾਸ ਕੀਤੀ ਹੈ।ਅਤੇ ਪ੍ਰਭੂ ਨੇ ਜਨ ਕਾ ਵਾਕ ਪੂਰਨ ਕਰ ਦਿੱਤਾ ਅਰਥਾਤ ਅਰਦਾਸ ਸੁਣੀ ਅਤੇ ਪੂਰੀ ਕਰ ਦਿੱਤੀ।
ਇਸ ਸ਼ਬਦ ਵਿੱਚ ਵੀ ਕਰਾਮਾਤ ਦਾ ਨਹੀਂ ਬਲਕਿ ਅਨੁਕੂਲ ਹਾਲਾਤ ਪੈਦਾ ਹੋ ਕੇ ਸੇਵਕ ਦੀ ਅਰਦਾਸ, ਅਰਜੋਈ ਪੂਰੀ ਹੋਣ ਦੀ ਗੱਲ ਹੀ ਕੀਤੀ ਗਈ ਹੈ।
ਗੁਰਬਾਣੀ ਵਿੱਚ ਵੀ ਅਤੇ ਗੁਰ-ਇਤਿਹਾਸ ਵਿੱਚ ਵੀ ਕਈ ਘਟਨਾਵਾਂ ਦਾ ਜ਼ਿਕਰ ਹੈ ਜਿਹਨਾਂ ਵਿੱਚ ਲੱਗਦਾ ਹੈ ਕਿ ਕੁਦਰਤ ਦਾ ਨਿਯਮ ਟੁੱਟ ਕੇ, ਕਰਾਮਾਤ ਹੋਈ ਹੈ।ਪਰ ਦਰਅਸਲ ਬੰਦਾ ਉਸ ਦੀ ਕੁਦਰਤ ਨੂੰ ਪੂਰੀ ਤਰ੍ਹਾਂ ਕਦੇ ਵੀ ਨਹੀਂ ਸਮਝ ਸਕਦਾ।ਜਿਹੜੀਆਂ ਗੱਲਾਂ ਸਾਨੂੰ ਕੁਦਰਤ ਦਾ ਉਲੰਘਣ ਲਗਦੀਆਂ ਹਨ, ਉਹਨਾਂ ਪਿੱਛੇ ਪ੍ਰਭੂ ਦਾ ਕੋਈ ਕ੍ਰਿਸ਼ਮਾ ਕੰਮ ਕਰ ਰਿਹਾ ਹੁੰਦਾ ਹੈ।ਜੋ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੁੰਦੀ ਹੈ।ਪਰ ਐਸੇ ਸ਼ਬਦਾਂ ਵਿੱਚ ਕੋਈ ਕਰਾਮਾਤ ਹੋਈ ਦਿਖਾੳਣਾ ਮਕਸਦ ਨਹੀਂ ਬਲਕਿ ਮੁਖ ਸੰਦੇਸ਼ ਇਹ ਹੁੰਦਾ ਹੈ ਕਿ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ, ਸੇਵਕ ਨੇ ਕਿਸੇ ਕਿਸਮ ਦੀ ਔਖਿਆਈ ਵੇਲੇ ਪ੍ਰਭੂ ਦਾ ਹੀ ਆਸਰਾ ਤੱਕਣਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਗੁਰਬਾਣੀ ਵਿੱਚ ਕਰਾਮਾਤਾਂ ਦਾ ਜ਼ਿਕਰ :-
Page Visitors: 3863