ਡਰਗ ਤਸਕਰ ਜਗਦੀਸ਼ ਭੋਲੇ ਨੂੰ ਨਾਭਾ ਜੇਲ ‘ਚ ਮਿਲ ਰਹੀਆਂ ‘ਸ਼ਾਹੀ’ ਸਹੂਲਤਾਂ
ਪਟਿਆਲਾ, 11 ਅਪਰੈਲ (ਪੰਜਾਬ ਮੇਲ) – ਨਾਭਾ ਸਥਿਤ ਮੈਕਸੀਮਮ ਸਕਿਊਰਟੀ ਜੇਲ ਵਿਚ ਨਸ਼ਾ ਤਸਕਰੀ ਮਾਮਲੇ ਦੇ ਦੋਸ਼ਾਂ ਵਿਚ ਨਾਮਜ਼ਦ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਸ਼ਾਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਾਈ ਪ੍ਰੋਫਾਇਲ ਮਾਮਲੇ ਵਿਚ ਫਸਿਆ ਭੋਲਾ ਅੱਜਕਲ ਜਿਥੇ ਜੇਲ ਵਿਚ ਸਾਥੀ ਕੈਦੀਆਂ ਲਈ ਸੈਲੀਬ੍ਰਿਟੀ ਬਣਿਆ ਹੋਇਆ ਹੈ, ਉਥੇ ਭੋਲੇ ਦੀ ਉਚੇਚੀ ‘ਆਓ ਭਗਤ’ ਨੂੰ ਲੈ ਕੇ ਹੋਰਾਂ ਕੈਦੀਆਂ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹੀ ਨਹੀਂ ਭੋਲੇ ਨੂੰ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ ਵਿਚ ਮੋਬਾਇਲ ਸਹੂਲਤ ਵੀ ਮੁਹੱਈਆ ਹੈ।
ਜਾਣਕਾਰੀ ਮੁਤਾਬਕ ਭੋਲੇ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਖੁਲਾਸਾ ਸੋਸ਼ਲ ਮੀਡੀਆ ‘ਤੇ ਸ਼ਰੇਆਮ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਜੇਲ ਵਿਚ ਬੰਦ ਇਕ ਕੈਦੀ ਹੀ ਭੋਲੇ ਨਾਲ ਫੋਟੋਜ਼ ਖਿੱਚ ਖਿੱਚ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦਾ ਹੈ। ਫੇਸਬੁਕ ‘ਤੇ ਇਕ ਵਿਅਕਤੀ ਵਲੋਂ ਭੋਲਾ ਨੇ ਜੇਲ ਵਿਚ ਖਿੱਚੀ ਗਈ ਤਸਵੀਰ ਅਪਲੋਡ ਕੀਤੀ ਗਈ ਹੈ। 3 ਅਪ੍ਰੈਲ ਨੂੰ ਅਪਲੋਡ ਕੀਤੀ ਇਸ ਤਸਵੀਰ ਵਿਚ ਭੋਲੇ ਦੇ ਇਕ ਪੈਰ ‘ਤੇ ਲੱਗਿਆ ਪਲੱਸਤਰ ਵੀ ਨਜਰ ਆ ਰਿਹਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਤਸਵੀਰ ਤਾਜ਼ੀ ਖਿੱਚੀ ਗਈ ਹੈ। ਕਿਉਂਕਿ ਬੀਤੇ ਦਿਨੀ ਹੀ ਭੋਲੇ ਦੇ ਪੈਰ ‘ਤੇ ਸੱਟ ਵੱਜੀ ਹੋਣ ਕਾਰਨ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਪਲਸਤਰ ਲਗਵਾਇਆ ਗਿਆ ਸੀ। ਇਸੇ ਸ਼ੱਕ ਕਾਰਨ ਭੋਲੇ ਨੂੰ 4 ਅਪ੍ਰੈਲ ਨੂੰ ਅਦਾਲਤ ਵਿਚ ਇਕ ਕੇਸ ਦੀ ਸੁਣਵਾਈ ਦੌਰਾਨ ਪੇਸ਼ ਵੀ ਨਹੀਂ ਕੀਤਾ ਗਿਆ ਸੀ ਪਰ ਪੇਸ਼ੀ ਤੋਂ ਇਕ ਦਿਨ ਪਹਿਲਾਂ ਭੋਲੇ ਦੀ ਇਹ ਫੋਟੋ ਫੇਸਬੁੱਕ ‘ਤੇ ਅਪਲੋਡ ਜ਼ਰੂਰ ਕਰ ਦਿੱਤੀ ਗਈ ਹੈ। ਏਨਾ ਹੀ ਨਹੀਂ ਇਸ ਰਾਹੀਂ ਭੋਲੇ ਨੂੰ ਜੇਲ ਵਿਚ ਮਿਲ ਰਹੀਆਂ ਸਹੂਲਤਾਂ ਦਾ ਖੁਲਾਸਾ ਵੀ ਹੋ ਰਿਹਾ ਹੈ। ਤਸਵੀਰ ਵਿਚ ਭੋਲੇ ਲਾਗੇ ਪਿਆ ਇਕ ਮੋਬਾਇਲ ਨਜਰ ਆ ਰਿਹਾ ਹੈ ਜਦਕਿ ਜੇਲ ਅੰਦਰ ਮੋਬਾਇਲ ਦੀ ਵਰਤੋਂ ਕੈਦੀ ਤਾਂ ਦੂਰ ਖੁਦ ਜੇਲ ਦਾ ਸੁਰੱਖਿਆ ਮੁਲਾਜ਼ਮ ਵੀ ਨਹੀਂ ਕਰ ਸਕਦਾ ਹੁੰਦਾ। ਅਜਿਹੇ ਹਾਲਾਤ ਵਿਚ ਭੋਲੇ ਕੋਲ ਮੋਬਾਇਲ ਦਾ ਹੋਣਾ ਵੱਧੋ ਵੱਧ ਸੁਰੱਖਿਆ ਵਾਲੀ ਨਾਭਾ ਜੇਲ ਦੀ ਸੁਰੱਖਿਆ ‘ਤੇ ਵੀ ਸਵਾਲ ਖੜੇ ਹੁੰਦੇ ਹਨ।
ਭੋਲੇ ਕੋਲ ਮੋਬਾਇਲ ਸਬੰਧੀ ਜੇਲ ਸੁਪਰੀਟੇਂਡੈਂਟ ਜੀਐਸ ਸਰੋਇਆ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਹੈ। ਕਿਸੇ ਵੀ ਕੈਦੀ ਨੂੰ ਮੋਬਾਇਲ ਰੱਖਣ ਜਾਂ ਵਰਤਣ ਦੀ ਮਨਜ਼ੂਰੀ ਨਹੀਂ ਹੈ, ਇਸ ਸਬੰਧੀ ਉਹ ਖੁਦ ਜਾਂਚ ਕਰਨਗੇ। ਇਸ ਤੋਂ ਇਲਾਵਾ ਭੋਲੇ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਹੋਣ ਸਬੰਧੀ ਜੇਲ ਸੁਪਰਡੈਂਟ ਦਾ ਕਹਿਣਾ ਹੈ ਕਿ ਤਸਵੀਰ ਜੇਲ ਅੰਦਰ ਕਿਸੇ ਵੀ ਸੂਰਤ ਵਿਚ ਨਹੀਂ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਇਹ ਨਹੀਂ ਹੋ ਸਕਦਾ ਹੈ ਕਿ ਕਿਸੇ ਨੇ ਭੋਲੇ ਦੀ ਜੇਲ ਤੋਂ ਬਾਹਰ ਕੋਈ ਤਸਵੀਰ ਖਿੱਚੀ ਹੋਵੇ, ਸਰੋਆ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।