ਆਮ ਆਦਮੀ ਪਾਰਟੀ ’ਚੋਂ ਜੱਸੀ ਜਸਰਾਜ ਨੂੰ ਕੱਢਿਆ ਬਾਹਰ
ਦਰਅਸਲ ਜੱਸੀ ਆਪਣੇ ਬੜਬੋਲੇ ਸੁਭਾਅ ਲਈ ਮਸ਼ਹੂਰ ਰਹੇ ਹਨ। ਜਿੱਥੇ ਵੀ ਜੱਸੀ ਨੂੰ ਕੁਝ ਗਲਤ ਲੱਗਾ, ਉਹ ਖੁੱਲ੍ਹ ਕੇ ਬੋਲਣ ਤੋਂ ਨਹੀਂ ਰੁਕੇ, ਫਿਰ ਬੇਸ਼ੱਕ ਆਪਣੀ ਪਾਰਟੀ ਹੋਵੇ, ਪਾਰਟੀ ਦਾ ਕੋਈ ਸੀਨੀਅਰ ਲੀਡਰ ਜਾਂ ਫਿਰ ਕੋਈ ਵੀ ਹੋਵੇ। ਪਿਛਲੇ ਕਾਫੀ ਸਮੇਂ ਤੋਂ ਜੱਸੀ ਤੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਿਚਕਾਰ ਵਿਵਾਦ ਚੱਲ ਰਿਹਾ ਸੀ। ਛੋਟੇਪੁਰ ਵੱਲੋਂ ਕਾਂਗਰਸ ਤੇ ਅਕਾਲੀ ਦਲ ਤੋਂ ਕਈ ਲੀਡਰਾਂ ਨੂੰ ਪਾਰਟੀ ’ਚ ਸ਼ਾਮਲ ਕਰਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਪ੍ਰਚਾਰ ਕੀਤਾ।
‘ਆਪ’ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨਾਲ ਵੀ ਜੱਸੀ ਜਸਰਾਜ ਦਾ ਵਿਵਾਦ ਖੁੱਲ੍ਹ ਕੇ ਸਾਹਮਣੇ ਆਇਆ ਸੀ। ਕੈਨੇਡਾ ਹੁੰਦਿਆਂ ਉਨ੍ਹਾਂ ਮਾਨ ਖਿਲਾਫ ਵੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪਾਇਆ ਸੀ। ਇਸ ਵੀਡੀਓ ’ਚ ਜੱਸੀ ਨੇ ਭਗਵੰਤ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਪਾਰਟੀ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਪੰਜਾਬ ਦੇ ਆਮ ਆਦਮੀ ਨਾਲ ਧੋਖਾ ਹੋਵੇਗਾ। ਹਾਲਾਂਕਿ ਭਗਵੰਤ ਨੇ ਅਜਿਹੀ ਕਿਸੇ ਵੀ ਗੱਲ ਤੋਂ ਸਾਫ ਇਨਕਾਰ ਕੀਤਾ ਸੀ। ਮਨਪ੍ਰੀਤ ਵੀ ਬਾਅਦ ’ਚ ਕਾਂਗਰਸ ਪਾਰਟੀ ਚ ਸ਼ਾਮਲ ਹੋ ਚੁੱਕੇ ਹਨ।
ਜੱਸੀ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ। ਗੱਲਬਾਤ ਨਾਲ ਆਪਸੀ ਵਿਵਾਦ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸੰਜੇ ਸਿੰਘ ਨੇ ਵੀ ਇਸ ਮਾਮਲੇ ’ਤੇ ਕਈ ਵਾਰ ਉਸ ਨੂੰ ਸਮਝਾਇਆ। ਪਰ ਇਸ ਦੇ ਬਾਵਜੂਦ ਜਸਰਾਜ ਨੇ ਕਈ ਵਾਰ ਆਪਣੀ ਪਾਰਟੀ ਤੇ ਲੀਡਰਾਂ ਦੇ ਫੈਸਲਿਆਂ ਖਿਲਾਫ ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਜੱਸੀ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ।