ਖ਼ਬਰਾਂ
ਐਚ.1 ਬੀ ਵੀਜ਼ੇ ਲਈ ਸਭ ਤੋਂ ਵੱਧ ਭਾਰਤੀ ਕੰਪਨੀਆਂ ਨੇ ਕੀਤਾ ਅਪਲਾਈ
Page Visitors: 2526
ਐਚ.1 ਬੀ ਵੀਜ਼ੇ ਲਈ ਸਭ ਤੋਂ ਵੱਧ ਭਾਰਤੀ ਕੰਪਨੀਆਂ ਨੇ ਕੀਤਾ ਅਪਲਾਈ
Posted On 09 Apr 2016
ਵਾਸ਼ਿੰਗਟਨ, 8 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸਰਕਾਰ ਨੂੰ ਐਚ-1ਬੀ ਵੀਜ਼ੇ ਦੀਆਂ ਢਾਈ ਲੱਖ ਅਰਜ਼ੀਆਂ ਮਿਲੀਆਂ ਹਨ। ਅਮਰੀਕੀ ਵਰਕ ਵੀਜ਼ੇ ਲਈ ਭਾਰਤੀ ਕੰਪਨੀਆਂ ਨੇ ਸਭ ਤੋਂ ਵੱਧ ਦਰਖ਼ਾਸਤਾਂ ਦਿੱਤੀਆਂ ਹਨ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਐਚ-1ਬੀ ਵੀਜ਼ੇ ਆਮ ਵਰਗ ’ਚੋਂ ਦਿੱਤੇ ਜਾਣਗੇ ਅਤੇ 20 ਹਜ਼ਾਰ ਵੀਜ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੇ ਜਿਨ੍ਹਾਂ ਉਚੇਰੀ ਸਿੱਖਿਆ ਅਮਰੀਕਾ ਤੋਂ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ ਅਤੇ ਮੈਥਸ ’ਚ ਹਾਸਲ ਕੀਤੀ ਹੈ।
ਉਨ੍ਹਾਂ ਇਸ ਵੀਜ਼ੇ ਲਈ ਮਿਲੀਆਂ ਦਰਖ਼ਾਸਤਾਂ ਦੀ ਗਿਣਤੀ ਨਹੀਂ ਦੱਸੀ ਪਰ ਇਹ ਜ਼ਰੂਰ ਕਿਹਾ ਕਿ ਵੀਜ਼ੇ ਦੇ ਹੱਕਦਾਰਾਂ ਲਈ ਕੰਪਿਊਟਰ ਰਾਹੀਂ ਡਰਾਅ ਕੱਢਿਆ ਜਾਏਗਾ। ਅਮਰੀਕਨ ਇਮੀਗਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਭਾਵੀ ਪ੍ਰਧਾਨ ਬਿਲ ਸਟਾਕ ਨੇ ਕਿਹਾ ਕਿ ਪਿਛਲੇ ਸਾਲ ਦੋ ਲੱਖ 30 ਹਜ਼ਾਰ ਵੀਜ਼ਾ ਦਰਖ਼ਾਸਤਾਂ ਆਈਆਂ ਸਨ ਅਤੇ ਇਸ ਵਰ੍ਹੇ ਇਹ ਢਾਈ ਲੱਖ ਦੇ ਨੇੜੇ ਢੁੱਕਣ ਦੀ ਸੰਭਾਵਨਾ ਹੈ।
ਇੱਕ ਸਵਾਲ ਦੇ ਜਵਾਬ ’ਚ ਬਿਲ ਸਟਾਕ ਨੇ ਕਿਹਾ ਕਿ ਟੀਸੀਐਸ ਵਰਗੀਆਂ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਜਾਂ ਆਈਬੀਐਮ ਵਰਗੀਆਂ ਕੰਪਨੀਆਂ, ਜਿਨ੍ਹਾਂ ਦੇ ਭਾਰਤ ’ਚ ਸੈਂਟਰ ਹਨ, ਨੂੰ ਐਚ-1ਬੀ ਵੀਜ਼ੇ ਦੀ ਤਰਜੀਹ ਦਿੱਤੀ ਜਾਏਗੀ।
ਅਮਰੀਕਨ ਇਮੀਗਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਵਿਕਟਰ ਨਿਬਲਾਸ ਪ੍ਰਾਦੀਸ ਨੇ ਕਿਹਾ ਕਿ ਦੇਸ਼ ਦੀ ਵੀਜ਼ਾ ਪ੍ਰਣਾਲੀ ਪੁਰਾਣੀ ਪੈ ਗਈ ਹੈ ਅਤੇ ਕਾਂਗਰਸ ਨੂੰ ਐਚ-1ਬੀ ਪ੍ਰੋਗਰਾਮ ’ਚ ਸੁਧਾਰ ਲਿਆਉਣਾ ਚਾਹੀਦਾ ਹੈ ਜੋ ਅਮਰੀਕੀ ਕਾਰੋਬਾਰੀਆਂ, ਵਰਕਰਾਂ ਅਤੇ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰ ਸਕੇ।