ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਗੜੀਧਾਰੀ ਮੋਟਰਕਸਾਈਲ ਸਵਾਰਾਂ ਵੱਲੋਂ ਨਾਮਧਾਰੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ
ਪਗੜੀਧਾਰੀ ਮੋਟਰਕਸਾਈਲ ਸਵਾਰਾਂ ਵੱਲੋਂ ਨਾਮਧਾਰੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ
Page Visitors: 2946

ਪਗੜੀਧਾਰੀ ਮੋਟਰਕਸਾਈਲ ਸਵਾਰਾਂ ਵੱਲੋਂ ਨਾਮਧਾਰੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ

Posted On 04 Apr 2016

5
ਭੈਣੀ ਸਾਹਿਬ ’ਚ ਸੋਗ ਤੇ ਤਣਾਅ; ਦੁਕਾਨਾਂ ਰਹੀਆਂ ਬੰਦ; ਸ਼ਰਧਾਲੂਆਂ ਵੱਲੋਂ ਦੂਜੇ ਧੜੇ ਦੇ ਆਗੂ ਖ਼ਿਲਾਫ਼ ਨਾਅਰੇਬਾਜ਼ੀ
ਲੁਧਿਆਣਾ/ ਮਾਛੀਵਾੜਾ, 4 ਅਪ੍ਰੈਲ (ਪੰਜਾਬ ਮੇਲ)- ਨਾਮਧਾਰੀ ਸੰਪਰਦਾਇ ਦੇ ਮਰਹੂਮ ਮੁਖੀ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਅੱਜ ਭੈਣੀ ਸਾਹਿਬ ’ਚ ਸਵੇਰੇ ਕਰੀਬ ਸਾਢੇ 10 ਵਜੇ ਦੋ ਪਗੜੀਧਾਰੀ ਮੋਟਰਕਸਾਈਲ ਸਵਾਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਗੋਲੀਆਂ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾਉਣ ’ਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਦਾ ਸਸਕਾਰ ਮੰਗਲਵਾਰ ਨੂੰ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਭੈਣੀ ਸਾਹਿਬ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਹੱਤਿਆ ਦੀ ਖਬਰ ਸੁਣ ਕੇ ਪੂਰੇ ਨਾਮਧਾਰੀ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਬਾਅਦ ਦੁਪਹਿਰ ਉਨ੍ਹਾਂ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਪਿੱਛੋਂ ਦੇਹ ਭੈਣੀ ਸਾਹਿਬ ਲਿਜਾਈ ਗਈ, ਜਿਥੇ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕੇਗੀ। ਨਾਮਧਾਰੀ ਸੰਸਥਾ ਦੇ ਮੌਜੂਦਾ ਮੁਖੀ ਠਾਕੁਰ ਉਦੈ ਸਿੰਘ ਘਟਨਾ ਸਮੇਂ ਬੰਗਲੌਰ ’ਚ ਸਨ ਤੇ ਸੂਚਨਾ ਮਿਲਦਿਆਂ ਹੀ ਉਹ ਉਥੋਂ ਭੈਣੀ ਸਾਹਿਬ ਲਈ ਰਵਾਨਾ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਚੰਦ ਕੌਰ ਨਾਮਧਾਰੀ ਦਰਬਾਰ ਦੇ ਪਿੱਛੇ ਬਣੀ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ’ਚ ਬੱਚਿਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਮਾਗਮ ’ਚ ਹਿੱਸਾ ਲੈਣ ਲਈ ਆਪਣੀ ਬੈਟਰੀ ਨਾਲ ਚੱਲਣ ਵਾਲੀ ਕਲੱਬ ਕਾਰ ’ਚ ਗਏ ਸਨ। ਬਾਅਦ ਵਿੱਚ ਉਹ ਗਊਸ਼ਾਲਾ ਵੱਲ ਜਾਣ ਲਈ ਜਿਉਂ ਹੀ ਅਕੈਡਮੀ ਤੋਂ ਬਾਹਰ ਨਿਕਲੇ ਤਾਂ ਬਾਹਰ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਖੜ੍ਹੇ ਦੋ ਕੇਸਧਾਰੀ ਨੌਜਵਾਨਾਂ ਨੇ ਉਨ੍ਹਾਂ ਨੂੰ ਪਹਿਲਾਂ ਮੱਥਾ ਟੇਕਿਆ ਤੇ ਫਿਰ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਉਨ੍ਹਾਂ ਸਿਰ ਅਤੇ ਦੂਜੀ ਦਿਲ ਦੇ ਥੱਲੇ ਵੱਜੀ, ਜਦੋਂਕਿ ਤੀਜੀ ਕੋਲੋਂ ਨਿਕਲ ਗਈ। ਰੌਲਾ ਪੈਣ ’ਤੇ ਹਤਿਆਰੇ ਫ਼ਰਾਰ ਹੋ ਗਏ। ਅਕੈਡਮੀ ’ਚ ਮੌਜੂਦ ਲੋਕ ਬਾਹਰ ਆਏ ਅਤੇ ਉਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਲੈ ਕੇ ਗਏ।
ਘਟਨਾ ਦੀ ਖ਼ਬਰ ਸੁਣਦੇ ਹੀ ਭੈਣੀ ਸਾਹਿਬ ’ਚ ਤਣਾਅ ਪੈਦਾ ਹੋ ਗਿਆ। ਪਿੰਡ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਚਾਰੇ ਪਾਸੇ ਸੁੰਨਸਾਨ ਅਤੇ ਰੋਸ ਪੱਸਰ ਗਿਆ। ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਅਣਪਛਾਤੇ ਕਾਤਲਾਂ ਖਿਲਾਫ਼ ਕਤਲ ਕੇਸ ਦਰਜ ਕਰ ਕੇ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ’ਚ ਕਈ ਪਹਿਲੂਆਂ ’ਤੇ ਕੰਮ ਕਰ ਰਹੀ ਹੈ। ਕਾਤਲਾਂ ਦੀ ਭਾਲ ’ਚ ਟੀਮਾਂ ਛਾਪੇ ਮਾਰ ਰਹੀਆਂ ਹਨ ਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਿਸੇ ਰੰਜਿਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਨਹੀਂ ਕਿਹਾ ਜਾ ਸਕਦਾ।
ਗ਼ੌਰਤਲਬ ਹੈ ਕਿ ਚੰਡੀਗੜ੍ਹ ਰੋਡ ਸਥਿਤ ਭੈਣੀ ਸਾਹਿਬ ਦੀ ਗੱਦੀ ਨੂੰ ਲੈ ਕੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ‘ਖੂਨੀ ਜੰਗ’ ਚੱਲ ਰਹੀ ਹੈ। ਮਾਤਾ ਚੰਦ ਕੌਰ ਦੇ ਪਤੀ ਅਤੇ ਨਾਮਧਾਰੀ ਸਮੁਦਾਇ ਦੇ ਮੁਖੀ ਜਗਜੀਤ ਸਿੰਘ 13 ਦਸੰਬਰ, 2012 ਨੂੰ ਅਕਾਲ ਚਲਾਣਾ ਕਰ ਗਏ ਸਨ। ਉਦੋਂ ਤੋਂ ਹੀ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅੱਜ ਦੀ ਇਸ ਘਟਨਾ ਕਾਰਨ ਭੈਣੀ ਸਾਹਿਬ ਵਿਖੇ ਨਾਮਧਾਰੀ ਸ਼ਰਧਾਲੂਆਂ ’ਚ ਦੂਜੇ ਧੜੇ ਖ਼ਿਲਾਫ਼ ਰੋਸ ਹੈ। ਸੈਂਕੜੇ ਸ਼ਰਧਾਲੂਆਂ ਨੇ ਦੂਜੇ ਧੜੇ ਦੇ ਆਗੂ ਠਾਕੁਰ ਦਲੀਪ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰੀ ਗਿਣਤੀ ’ਚ ਤਾਇਨਾਤ ਪੁਲੀਸ ਨੇ ਸਮਰਥਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ।
ਦੱਸਣਯੋਗ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਗੱਦੀ ਲਈ ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਵਿਚਕਾਰ ਵਿਵਾਦ ਸ਼ੁਰੂ ਹੋਇਆ, ਤਾਂ ਨਾਮਧਾਰੀ ਸੰਗਤਾਂ ਨੇ ਗੱਦੀਨਸ਼ੀਨ ਦਾ ਨਾਂ ਤੈਅ ਕਰਨ ਦਾ ਅਧਿਕਾਰ ਮਾਤਾ ਨੂੰ ਦਿੱਤਾ ਸੀ, ਜਿਨ੍ਹਾਂ ਠਾਕੁਰ ਉਦੈ ਸਿੰਘ ਨੂੰ ਮੁਖੀ ਬਣਾਇਆ ਸੀ। ਉਦੋਂ ਤੋਂ ਹੀ ਦੋਵੇਂ ਧੜਿਆਂ ’ਚ ਟਕਰਾਅ ਚਲਿਆ ਆ ਰਿਹਾ ਹੈ। ਇਸੇ ਦੌਰਾਨ 12 ਅਪਰੈਲ, 2011 ਨੂੰ ਸਤਿਗੁਰੂ ਜਗਜੀਤ ਸਿੰਘ ਦੇ ਸਮਰਥਕ ਅਵਤਾਰ ਸਿੰਘ ਤਾਰੀ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।
ਨਾਮਧਾਰੀ ਦਰਬਾਰ ਭੈਣੀ ਸਾਹਿਬ ਦੇ ਪ੍ਰੈਸ ਸਕੱਤਰ ਲਖਬੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ 11 ਅਗਸਤ, 2013 ਵਿੱਚ ਇੰਗਲੈਂਡ ਵਿੱਚ ਸਮਾਗਮ ਦੌਰਾਨ ਠਾਕੁਰ ਉਦੈ ਸਿੰਘ ’ਤੇ ਕੁੱਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ। ਬੀਤੇ ਦਸੰਬਰ ਵਿੱਚ ਤਾਂ ਜਲੰਧਰ ਵਿਖੇ ਖ਼ੁਦਕੁਸ਼ ਬੰਬ ਵੱਲੋਂ ਠਾਕੁਰ ਉਦੈ ਸਿੰਘ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਘੜੇ ਜਾਣ ਦਾ ਪਤਾ ਲੱਗਾ ਸੀ, ਪਰ ਬੰਬ ਪਹਿਲਾਂ ਹੀ ਕਾਰ ਵਿੱਚ ਫਟ ਗਿਆ। ਬਾਅਦ ਵਿੱਚ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਨਾਮਧਾਰੀ ਸਮਾਜ ਨਾਲ ਦੇਸ਼-ਵਿਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ, ਜਿਸ ਵਿੱਚ ਮਾਤਾ ਚੰਦ ਕੌਰ ਨੂੰ ਲੈ ਕੇ ਖਾਸਾ ਲਗਾਅ ਸੀ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭੈਣੀ ਸਾਹਿਬ ਦੇ ਸਮਾਜਿਕ ਕੰਮ ਮਾਤਾ ਚੰਦ ਕੌਰ ਹੀ ਕਰਦੀ ਸੀ। ਸਮਾਜ ਦੀ ਦੇਸ਼-ਵਿਦੇਸ਼ ਵਿੱਚ ਅਰਬਾਂ ਰੁਪਏ ਦੀ ਜਾਇਦਾਦ ਹੈ। ਚਰਚਾ ਹੈ ਕਿ ਇਸ ਜਾਇਦਾਦ ਲਈ ਵੀ ਵਿਵਾਦ ਚੱਲ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.