"-: ਇਸੇ ਜਨਮ ਵਿੱਚ ਜੂਨਾਂ ਭੋਗਣੀਆਂ :-
ਇਕ ਸੱਜਣ ਦਾ ਸਵਾਲ:-
“ਅੰਕਲ ਜੀ ਮੇਰੇ ਵਿਚਾਰ ਅਨੁਸਾਰ ਹਰ ਇੱਕ ਬੰਦਾ ਜਿਹੋ ਜਿਹੀ ਉਸਦੀ ਸੋਚ ਹੁੰਦੀ ਹੈ ਉਹੋ ਜਿਹਾ ਹਰ ਇੱਕ ਬੰਦਾ ਏਸੇ ਜੀਵਨ ਵਿਚ ਉਹ ਜਿੰਦਗੀ ਜਿਉਂਦਾ ਹੈ।”
ਅੰਕਲ ਜੀ ਤੇ ਤੁਹਾਡਾ ਪ੍ਰਸ਼ਨ ਹੈ- ਜੇ ਹਰ ਬੰਦਾ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਂਦਾ ਹੈ ਅਤੇ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਂ ਕੇ ਚਲਾ ਜਾਂਦਾ ਹੈ।ਇਸ ਜੀਵਨ ਵਿੱਚ ਕੀਤੇ ਚੰਗੇ ਮਾੜੇ ਕੰਮਾਂ ਦਾ ਕਦੇ ਕੋਈ ਲੇਖਾ ਨਹੀਂ ਹੁੰਦਾ ਜਾਂ ਹੋਣਾ, ਤਾਂ ਫੇਰ ਬੰਦੇ ਨੂੰ ਹੋਰ ਕੀ ਚਾਹੀਦਾ ਹੈ, ਉਸ ਨੂੰ ਗੁਰਬਾਣੀ ਜਾਂ ਕੋਈ ਉਪਦੇਸ਼ ਸੁਣਨ, ਮੰਨਣ ਦੀ ਕੀ ਜਰੂਰਤ ਹੈ? ਅੰਕਲ ਜੀ ਦੁਨੀਆ ਉਪਰ ਬਹੁਤ ਲੋਕ ਹਨ ਜੋ ਗੁਰਬਾਣੀ ਨਹੀ ਪੜਦੇ ਜਾਂ ਜਿਹਨਾ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ ਜਾਂ ਕੇ ਅੱਜ ਤੋ 500 ਸਾਲ ਪਹਿਲਾ ਵੀ ਲੋਕ ਸਨ ਜਦ ਇਹ ਗੁਰਬਾਣੀ ਨਹੀਂ ਸੀ । ਸੋ ਇਹ ਜਰੂਰੀ ਨਹੀਂ ਹੈ ਪਰ ਜੇ ਇਸ ਦੇ ਦੱਸੇ ਰਸਤੇ ਤੇ ਚੱਲਾਂਗੇ ਜੀਵਨ ਇਕ ਓਟ ਵਿਚ ਬਤੀਤ ਹੁੰਦਾ ਹੈ ਤੇ ਚੰਗੇ ਕੰਮ ਕਰਨ ਲਈ ਉਤਸ਼ਾਹ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਜੋ ਜਾਣਿਆ ਉਸ ਨੂੰ ਬਾਣੀ ਦਾ ਰੂਪ ਦਿੱਤਾ।ਭਾਵ ਜਾਨਣ ਤੋ ਬਾਦ ਲਿਖੀ। ਪੜਕੇ ਨਹੀਂ ਜਾਣਿਆ ? ਲਿਖਿਆ ਤਾਂ ਕੀ ਸਾਨੂੰ ਅਸਾਨੀ ਹੋ ਸਕੇ ।”
ਜਵਾਬ:- ਵੀਰ ਜੀ! ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਜਿਸ ਦੀ ਸੋਚ ਹੁੰਦੀ ਹੈ, ਉਸੇ ਤਰ੍ਹਾਂ ਆਪਣੀ ਸੋਚ ਮੁਤਾਬਕ ਹੀ ਹਰ ਬੰਦਾ ਜੀਵਨ ਬਤੀਤ ਕਰਦਾ ਹੈ।ਪਰ ਗੁਰਮਤਿ ਇਸ ਤੋਂ ਅੱਗੇ ਦੀ ਵੀ ਗੱਲ ਕਰਦੀ ਹੈ ਕਿ, ਨੀਵੀਂ/ ਪਸ਼ੂ ਬਿਰਤੀ ਵਾਲੀ ਸੋਚ ਨਾਲ ਬਿਤਾਇਆ ਜੀਵਨ ਮੁੜ ਮੁੜ ਜੂਨਾਂ ਵਿੱਚ ਜਨਮ ਲੈਣ ਦਾ ਕਾਰਣ ਬਣਦਾ ਹੈ। ਗੁਰਬਾਣੀ ਅਨੁਸਾਰ ‘ਇਹ ਮਨੁੱਖਾ ਜੀਵਨ’- ਕਰਮਾਂ ਸੰਦੜਾ ਖੇਤ ਹੈ।ਇਸ ਜੀਵਨ ਵਿੱਚ ਆਪਾਂ ਚੰਗੇ ਮਾੜੇ ਕਰਮਾਂ ਦੇ ਬੀਜ ਬੀਜਣੇ ਹਨ (/ ਬੀਜਦੇ ਹਾਂ)।ਆਪਣੇ ਕੀਤੇ ਕਰਮਾਂ ਦਾ ਫਲ ਕਦੋਂ ਅਤੇ ਕੀ ਮਿਲਣਾ ਜਾਂ ਭੁਗਤਣਾ ਹੈ, ਇਹ ਉਹ ਫਲ-ਪ੍ਰਦਾਤਾ ਪ੍ਰਭੂ ਹੀ ਜਾਣਦਾ ਹੈ।
ਰਹੀ ਗੱਲ ਫਲ਼ ਇਸੇ ਜਨਮ ਵਿੱਚ ਭੁਗਤਣ ਜਾਂ ਮਿਲਣ ਦੀ-
ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਹਨਾਂ ਵਿੱਚ ਬੰਦੇ ਨੂੰ ਸਮਝਾਇਆ ਹੈ ਕਿ ਤੇਰੀ ਸਾਰੀ ਉਮਰ ਬੀਤ ਗਈ, ਦਾਹੜੀ ਕਾਲੀ ਤੋਂ ਚਿੱਟੀ ਹੋ ਗਈ, ਸਰੀਰਕ ਅੰਗ ਸਾਥ ਛੱਡ ਗਏ, ਸੁਣਨ, ਬੋਲਣ, ਚੱਲਣ ਦੀ ਸ਼ਕਤੀ ਖਤਮ ਹੋ ਗਈ, ਕਬਰ’ ਚ ਜਾਣ ਦੀ ਤਿਆਰੀ ਹੈ, ਪਰ ਤੂੰ ਫੇਰ ਵੀ ਵਿਕਾਰਾਂ ਵੱਲੋਂ ਨਹੀਂ ਮੁੜਦਾ-
“ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥
ਅਜਹੂ ਜਿਉ ਨ ਛੋਡਈ ਰੰਕਾਈ ਨੈਨਾਹ॥(ਪੰਨਾ 1370)।
“ਅੰਧੇ ਖਾਵਹਿ ਬਿਸੂ ਕੇ ਗਟਾਕ ॥
ਨੈਨ ਸ੍ਰਵਨ ਸਰੀਰ ਸਭੁ ਹੁਟਿਓ ਸਾਸੁ ਗਇਓ ਤਤ ਘਾਟ॥…
.. ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥” (ਪੰਨਾ 1224)
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥
ਕਹੁ ਨਾਨਕ ਇਹੁ ਬਿਧਿ ਭਈ ਤਉ ਨ ਹਰਿ ਰਸੁ ਲੀਨ॥” (ਪੰਨਾ 1428)।
ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ (ਸਲੋਕ 12)
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆ॥” ਪੰਨਾ 1380)।
ਇਸੇ ਤਰ੍ਹਾਂ ਵਿਕਾਰੀ ਜੀਵਨ ਬਿਤਾ ਕੇ ਬੰਦਾ ਸੰਸਾਰ ਤੋਂ ਤੁਰ ਜਾਂਦਾ ਹੈ।ਅਤੇ ਅੰਤ ਨੂੰ ਪਛਤਾਂਦਾ ਹੈ-
“ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥”
“ ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥”
“ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥”
ਵੀਰ ਜੀ! ਕਈ ਲੋਕ ਜਿਹੜੇ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਏਸੇ ਜਨਮ ਵਿਚਲੇ ਵਿਕਾਰੀ ਜੀਵਨ ਨੂੰ ਜੂਨਾਂ ਭੋਗਣੀਆਂ ਕਿਹਾ ਹੈ। ਦੇਖੋ ਇਸ ਅਖੀਰਲੀ ਉਦਾਹਰਣ ਵਿੱਚ *ਲੋਭੀ ਸੁਭਾਵ ਵਾਲੇ ਨੂੰ* (ਇਸੇ ਜਨਮ ਵਿੱਚ) *ਕੁੱਤੇ ਨਾਲ ਤੁੱਲਣਾ* ਦਿੱਤੀ ਹੈ।ਪਰ ਇਸ ਜਨਮ ਵਿੱਚ ਕੁੱਤੇ ਵਰਗੇ ਲਾਲਚੀ ਜੀਵਨ ਜਿਉਣ ਵਾਲੇ ਲਈ ਅੱਗੇ ਕਿਹਾ ਹੈ-
“ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥” (ਗਇਆ= ਗਇਆਂ, ਅਰਥਾਤ ਜਾਣ ਤੇ)
ਸੋਚਣ ਵਾਲੀ ਗੱਲ ਹੈ ਕਿ ਜੇ ਬੰਦੇ ਦੀ ਸਾਰੀ ਉਮਰ ਵਿਕਾਰਾਂ ਵਿੱਚ ਗੁਜ਼ਰ ਗਈ, ਹਾਲੇ ਵੀ ਉਸ ਨੂੰ ਖੁਦ ਨੂੰ ਸੋਝੀ ਨਹੀਂ ਆ ਰਹੀ। ਹਾਲੇ ਵੀ ਇਸ ਨੂੰ ਕਿਤੋਂ ਬਾਹਰੋਂ ਸਿਖਿਆ ਦਿੱਤੀ ਜਾ ਰਹੀ ਹੈ, ਜਿਸ ਨੂੰ ਕਿ ਹਾਲੇ ਵੀ ਉਹ ਮੰਨਣ ਲਈ ਤਿਆਰ ਨਹੀਂ, ਤਾਂ ਇਸ ਦਾ ਮਤਲਬ ਸਾਫ ਹੈ ਕਿ ਬੰਦਾ ਆਪਣੀ ਖੁਸ਼ੀ, ਆਪਣੀ ਮਰਜ਼ੀ ਨਾਲ ਵਿਕਾਰਾਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਦਾ ਜੀਵਨ ਇਸ ਨੂੰ ਚੰਗਾ ਲੱਗਦਾ ਹੈ-
“ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥”
“ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥
ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥”
ਅਰਥ- ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ)। ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ)” ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬੰਦੇ ਦੀ ਹੁਣ ਤੱਕ ਦੀ ਸਾਰੀ ਉਮਰ ਵਿਕਾਰਾਂ ਵਿੱਚ (ਜੋ ਕਿ ਉਸ ਦੀ ਆਪਣੀ ਮਨ ਮਰਜ਼ੀ ਮੁਤਾਬਕ ਹੀ ਸੀ) ਗੁਜ਼ਰ ਗਈ ਤਾਂ ਜ਼ਿੰਦਗ਼ੀ ਦੇ ਬਾਕੀ ਦੇ ਚਾਰ ਦਿਨ ਵੀ ਇਸੇ ਤਰ੍ਹਾਂ ਬੀਤ ਜਾਣਗੇ, ਫੇਰ ਇਸ ਨੂੰ ਕਿਸੇ ਸਿੱਖਿਆ ਦੀ ਕੀ ਜਰੂਰਤ ਹੈ?
ਜੇ ਲੇਖਾ ਇਸੇ ਜੀਵਨ ਵਿੱਚ ਹੀ ਭੁਗਤਿਆ ਜਾ ਰਿਹਾ ਹੈ, ਫੇਰ ਤਾਂ ਗੁਰਮੀਤ ਰਾਮ ਰਹੀਮ ਵਰਗਿਆਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਉਹ ਵੀ ਆਪਣੀ ਮਨ ਮਰਜ਼ੀ ਦਾ ਜੀਵਨ ਬਿਤਾ ਹੀ ਰਹੇ ਹਨ (ਕੋਈ ਉਸ ਨੂੰ ਕਿਸੇ ਵੀ ਜਾਨਵਰ ਨਾਲ ਤੁੱਲਣਾ ਦੇਈ ਜਾਵੇ। ਜੇ ਉਸ ਦੇ ਕੀਤੇ ਕਰਮਾਂ ਦਾ ਕਦੇ ਲੇਖਾ ਹੀ ਨਹੀਂ ਹੋਣਾ ਤਾਂ, ਉਸ ਨੂੰ ਕੀ ਫਰਕ ਪੈਂਦਾ ਕਿ ਕੋਈ ਉਸ ਨੂੰ ਕੀ ਕਹਿੰਦਾ ਹੈ?) ਕਿਸੇ ਦੂਸਰੇ ਨੂੰ ਸਮਝਾਉਣਾ ਕਿ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ, ਤੂੰ ਜਿਹੜਾ ਪਰਾਇਆ ਹੱਕ ਮਾਰ ਕੇ ਆਪਣੀ ਐਸ਼ ਦੀ ਜ਼ਿੰਦਗ਼ੀ ਬਸਰ ਕਰ ਰਿਹਾ ਹੈਂ, ਇਹ ਇਸੇ ਜੀਵਨ ਵਿੱਚ ਜੂਨਾਂ ਭੋਗ ਰਿਹਾ ਹੈਂ।ਸਮਝਾਉਣ ਵਾਲੇ ਦੀ ਇਸ ਗੱਲ (ਸਮਝ) ਤੇ ਅਗਲਾ ਹੱਸ ਛੱਡੇਗਾ। ?- ਜਿਹੜੇ ਗੁਰਬਾਣੀ ਸੁਣਦੇ, ਪੜ੍ਹਦੇ ਨਹੀਂ ਜਾਂ ਜਿਹਨਾਂ ਨੂੰ ਗੁਰਬਾਣੀ ਬਾਰੇ ਪਤਾ ਹੀ ਨਹੀਂ ਜਾਂ ਅੱਜ ਤੋਂ 500 ਸਾਲ ਪਹਿਲਾਂ ਗੁਰਬਾਣੀ ਹੈ ਹੀ ਨਹੀਂ ਸੀ…. ਵੀਰ ਜੀ! ਗੁਰਬਾਣੀ ਕਿਸੇ ਨੇ ਪੜ੍ਹੀ ਜਾਂ ਨਹੀਂ, ਜਾਂ ਜਦੋਂ ਗੁਰਬਾਣੀ ਹਾਲੇ ਹੈ ਹੀ ਨਹੀਂ ਸੀ …, ਇਹਨਾਂ ਗੱਲਾਂ ਦਾ ਪ੍ਰਭੂ ਦੇ ਨਿਜ਼ਾਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਉਸ ਦਾ ਨਿਜ਼ਾਮ ਜਿਵੇਂ ਹੈ ਉਸੇ ਤਰ੍ਹਾਂ ਅਜ਼ਲ (ਸ਼ੁਰੂ ਤੋਂ) ਹੀ ਚੱਲਿਆ ਆ ਰਿਹਾ ਹੈ ਅਤੇ ਹਮੇਸ਼ਾਂ ਚੱਲੀ ਜਾਣਾ ਹੈ।ਜੇ ਗੁਰਬਾਣੀ ਕਹਿੰਦੀ ਹੈ-
“ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥”
ਇਹ ਗੱਲ 500 ਸਾਲਾਂ ਤੋਂ ਪਹਿਲਾਂ ਕਿਤੇ ਲਿਖੀ ਨਹੀਂ ਸੀ ਹੋਈ, ਜਾਂ ਹੁਣ ਵੀ ਕਿਸੇ ਨੇ ਪੜ੍ਹੀ ਜਾਂ ਨਹੀਂ ਪੜ੍ਹੀ, ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਨਿਬੇੜਾ ਤਾਂ ਹਰ ਇੱਕ ਦੇ ਕਰਮਾਂ ਅਨੁਸਾਰ ਹੀ ਹੋਣਾ ਹੈ। ਅਜੋਕੇ ਕੁੱਝ ਗੁਰਮਤਿ ਪ੍ਰਚਾਰਕ ਇਕੋ ਗੱਲ ਦਾ ਰੋਣਾ ਰੋਈ ਜਾਂਦੇ ਹਨ, ਕਿ ਗੁਰਬਾਣੀ ਸਾਨੂੰ ਇਸੇ ਜੀਵਨ ਵਿੱਚ ਸਚਿਆਰਾ ਬਣਨ ਦਾ ਉਪਦੇਸ਼ ਦਿੰਦੀ ਹੈ। ਪਰ ਇਹ ਨਹੀਂ ਦੱਸਦੇ ਕਿ ਕੀ ਗੁਰਬਾਣੀ ਵਿੱਚ ਲਿਖੇ ਹੋਣ ਨਾਲ ਹੀ ਸਾਰੀ ਦੁਨੀਆਂ ਦੇ ਲੋਕ ਸਚਿਆਰੇ ਬਣ ਗਏ? ਇਹ ਨਹੀਂ ਦੱਸਦੇ ਕਿ ਜੇ ਕੋਈ ਸਾਰੀ ਉਮਰ ਸਚਿਆਰਾ ਨਹੀਂ ਬਣਦਾ ਤਾਂ ਫੇਰ ਕੀ? ਕੀ ਗੁਰਬਾਣੀ ਇਹ ਕਹਿੰਦੀ ਹੈ ਕਿ ਸਚਿਆਰਾ ਤਾਂ ਬਣਨਾ ਹੈ, ਪਰ ਜੇ ਕੋਈ ਸਚਿਆਰਾ ਨਹੀਂ ਬਣਦਾ ਤਾਂ ਵੀ ਕੋਈ ਗੱਲ ਨਹੀਂ, ਹਰ ਇੱਕ ਦੀ ਆਪਣੀ ਮਰਜ਼ੀ ਹੈ, ਜਿਵੇਂ ਜਿਸ ਨੂੰ ਚੰਗਾ ਲੱਗਦਾ ਹੈ, ਆਪਣਾ ਜੀਵਨ ਬਿਤਾ ਕੇ ਸਭ ਨੇ ਚਲੇ ਜਾਣਾ ਹੈ?
ਵੀਰ ਜੀ! ਸ਼ਾਇਦ ਇਹਨਾਂ ਲੋਕਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੋਣਾ ਕਿ ਅਨਜਾਣੇ ਵਿੱਚ ਹੀ ਇਹ ਲੋਕ ਗੁਰਮਤਿ ਪ੍ਰਚਾਰ ਦੇ ਨਾਂ ਤੇ ‘ਰਿਸ਼ੀ ਚਾਰਵਾਕ ਦੇ ਲੋਕਾਇਤ ਧਰਮ’ ਅਤੇ ‘ਸਤਯਾਨੰਦ ਅਗਨੀਹੋਤ੍ਰੀ ਦੇ ਦੇਵ ਧਰਮ’ ਦਾ ਪ੍ਰਚਾਰ ਕਰ ਰਹੇ ਹਨ। ਰਿਸ਼ੀ ਚਾਰਵਾਕ ਦੀ ਫਲੌਸਫੀ ਕਹਿੰਦੀ ਹੈ- ਇਸ ਭੌਤਿਕ ਸਰੀਰ ਤੋਂ ਵੱਖਰੀ ਕੋਈ ਆਤਮਾ ਨਹੀਂ। ਪ੍ਰਤੱਖ ਦਿਸਦੇ ਸੰਸਾਰ ਤੋਂ ਇਲਾਵਾ ਹੋਰ ਕੋਈ ਅਪ੍ਰਤੱਖ ਜਾਂ ਅਦ੍ਰਿਸ਼ ਕੁਝ ਵੀ ਨਹੀਂ ਹੈ। ਰਿਸ਼ੀ ਚਾਰਵਾਕ ਅਨੁਸਾਰ, ਚਾਰ ਤੱਤਾਂ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਮਰ ਜਾਣਾ ਹੀ ਮੁਕਤੀ ਹੈ। ਸੰਸਾਰ ਵਿੱਚ ਸੁਖ ਭੋਗਣਾ ਹੀ ਪੁਰੁਸ਼ਾਰਥ ਹੈ। ਜਿੰਨਾ ਚਿਰ ਜਿਉਣਾ ਹੈ, ਖੁਸ਼ੀਆਂ ਮਾਣਦੇ ਹੋਏ ਸੁਖ ਭੋਗਦੇ ਹੋਏ ਜੀਵੋ। ਗੁੰਜਾਇਸ਼ ਨਹੀਂ ਹੈ ਤਾਂ ਕਰਜਾ ਚੁੱਕ ਕੇ ਵੀ ਘਿਉ ਪੀਵੋ। ਕਰਜਾ ਮੋੜਨ ਦੀ ਚਿੰਤਾ ਨਾ ਕਰੋ। ਕਿਉਂਕਿ ਇਸ ਜੀਵਨ ਤੋਂ ਬਾਅਦ ਜਨਮ ਨਹੀਂ ਹੈ। ਕਿਸੇ ਨੇ ਕਰਜਾ ਵਾਪਸ ਮੰਗਣ ਤੁਹਾਡੇ ਪਿੱਛੇ ਨਹੀਂ ਆਉਣਾ। ਤੁਸੀਂ ਵੀ ਕਰਜਾ ਮੋੜਨ ਲਈ ਜੱਗ ਤੇ ਵਾਪਸ ਨਹੀਂ ਆਉਣਾ। (ਰਿਸ਼ੀ ਚਾਰਵਾਕ, ਪੰਜਵਾਂ ਅਕਾਸ਼ੀ ਤੱਤ ਨਹੀਂ ਮੰਨਦਾ ਅਤੇ ਅਜੋਕੇ ਕੁਝ ਗੁਰਮਤਿ ਪ੍ਰਚਾਰਕ ਵੀ, ਆਕਾਸ਼ੀ ਤੱਤ ਨੂੰ ਨਹੀਂ ਮੰਨਦੇ, ਸਿਰਫ ਉਪਰੋਂ ਉਪਰੋਂ ਹੀ ਪੰਜ ਤੱਤਾਂ ਦੀ ਗੱਲ ਕਰਦੇ ਹਨ)
ਜਾਂ ਫੇਰ ਇਹ ਲੋਕ, ‘ਸਤਯਾਨੰਦ ਅਗਨੀ ਹੋਤ੍ਰੀ’ ਦੇ ‘ਦੇਵ ਸਮਾਜ ਧਰਮ’, ਜਿਸਨੂੰ ‘ਵਿਗਿਆਨ ਮੂਲ ਧਰਮ’ ਵੀ ਕਿਹਾ ਜਾਂਦਾ ਹੈ, ਦਾ ਪ੍ਰਚਾਰ ਕਰ ਰਹੇ ਹਨ- ਦੇਵ ਸਮਾਜ ਧਰਮ ਮੁਤਾਬਕ- ਇਹ ਦਿਸਦਾ ਸੰਸਾਰ ਹੀ ਸਭ ਕੁਝ ਹੈ। ਇਸ ਦਿਸਦੇ ਸੰਸਾਰ ਤੋਂ ਬਿਨਾ ਕੋਈ ਹੋਰ ਸ਼ਕਤੀ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ, ਦੀ ਕੋਈ ਹੋਂਦ ਨਹੀਂ। ਰੱਬ ਦੀ ਹੋਂਦ ਵਰਗੀਆਂ ਸਭ ਮਨ ਘੜਤ ਗੱਲਾਂ ਹਨ। ਦੇਵ ਧਰਮ ਮੁਤਾਬਕ, ‘ਨੇਚਰ, ਕੁਦਰਤ’ ਦੇ ਆਧਾਰ ਤੇ ਜੋ ਸਹੀ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਉਹੀ ਧਰਮ ਦਾ ਸੱਚਾ ਗਿਆਨ ਹੈ…..। ਅਜੋਕੇ ਗੁਰਮਤਿ ਪ੍ਰਚਾਰਕਾਂ ਦੀਆਂ ਗੁਰਬਾਣੀ ਵਿਆਖਿਆਵਾਂ ਵਿੱਚੋਂ ਵੀ ਇਹੀ ਸੋਚ ਝਲਕਾਂ ਮਾਰਦੀ ਸਾਫ ਨਜ਼ਰ ਆਉਂਦੀ ਹੈ। ਜੇ ਬੰਦੇ ਨੂੰ ਪੜ੍ਹਾਇਆ ਗਿਆ ਹੋਵੇ ਕਿ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ ਹੈ, ਤਾਂ ਇਸ ਨਾਲ ਚੰਗੇ ਕੰਮ ਕਰਨ ਦਾ ਉਤਸ਼ਾਹ ਨਹੀਂ ਮਿਲਦਾ, ਬਲਕਿ ਇਹ ਉਤਸ਼ਾਹ ਮਿਲਦਾ ਹੈ ਕਿ ਕਿਹੜਾ ਇਸ ਜਨਮ ਵਿੱਚ ਕੀਤੇ ਕੰਮਾਂ ਦਾ ਅੱਗੇ ਕਿਤੇ ਕੋਈ ਲੇਖਾ ਹੋਣਾ ਹੈ। ਇਸ ਲਈ ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਤੋਂ ਅੱਖ ਬਚਾ ਕੇ, ਕਿਸੇ ਨਾਲ ਗ਼ਰੀਬ-ਮਾਰ ਹੁੰਦੀ ਹੈ ਜਾਂ ਬੇਇਨਸਾਫੀ ਹੁੰਦੀ ਹੈ ਇਸ ਦੀ ਚਿੰਤਾ ਨਾ ਕਰੋ, ਆਪਣਾ ਸੁਖ, ਆਰਾਮ ਦੇਖੋ। ਦੂਜੇ ਦਾ ਭਲਾ ਸੋਚਣ ਦੀ ਬਜਾਏ ਆਪਣਾ ਭਲਾ ਸੋਚੋ। ?- ਕੀਤੇ ਕੰਮਾਂ ਦਾ ਲੇਖਾ ਇਸੇ ਜਨਮ ਵਿੱਚ ਭੁਗਤੇ ਜਾਣ ਬਾਰੇ---- ਆਪਾਂ ਆਪਣੇ ਜੀਵਨ ਵਿੱਚ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਐਸੇ ਹਨ, ਜਿਹਨਾਂ ਨੇ ਕਿਸੇ ਨਾਲ ਗਰੀਬ-ਮਾਰ ਤਾਂ ਕੀ ਕਰਨੀ ਹੈ ਕਿਸੇ ਨੂੰ ਮਾੜਾ ਵਚਨ ਵੀ ਨਹੀਂ ਬੋਲਦੇ ਪਰ ਫੇਰ ਵੀ ਦੁਖਾਂ ਵਿੱਚ ਆਪਣਾ ਜੀਵਨ ਬਿਤਾ ਕੇ ਚਲੇ ਜਾਂਦੇ ਹਨ ਅਤੇ ਦੂਜੇ ਪਾਸੇ ਬਹੁਤ ਸਾਰੇ ਲੋਕ ਐਸੇ ਵੀ ਹਨ ਜਿਹੜੇ ਸਾਰੀ ਉਮਰ ਵਿਕਾਰਾਂ ਵਿੱਚ ਹੀ ਗੁਜ਼ਾਰ ਦਿੰਦੇ ਹਨ ਅਤੇ ਐਸ਼ ਵਾਲਾ ਜੀਵਨ ਬਿਤਾ ਕੇ ਸੰਸਾਰ ਤੋਂ ਜਾਂਦੇ ਹਨ। ਕਦੇ ਕਿਸੇ ਨੇ ਨਹੀਂ ਦੇਖਿਆ ਕਿ ਕਿਸੇ ਨੇ ਗਰੀਬ-ਮਾਰ ਕੀਤੀ ਅਤੇ ਉਸੇ ਵਕਤ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੋਵੇ। ਜੇ ਇਸੇ ਜਨਮ ਵਿੱਚ ਸਭ ਦੇ ਕੀਤੇ ਕੰਮਾਂ ਦਾ ਲੇਖਾ ਨਿਬੜੀ ਜਾਂਦਾ ਹੁੰਦਾ ਤਾਂ ਇਹ ਸਭ ਕੁਝ ਆਪਣੇ ਸਭ ਦੇ ਸਾਹਮਣੇ ਨਜ਼ਰ ਆਉਣਾ ਚਾਹੀਦਾ ਸੀ। ਪਰ ਐਸਾ ਕਿਤੇ ਨਜ਼ਰ ਨਹੀਂ ਆਉਂਦਾ।
ਇਸ ਸਵਾਲ ਦੇ ਜਵਾਬ ਵਿੱਚ ਇਹਨਾਂ ਲੋਕਾਂ ਨੇ ਇੱਕ ਗੱਲ ਘੜ ਰੱਖੀ ਹੈ ਕਿ ਵਿਕਾਰੀ ਬੰਦੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਸੁਖ ਦੀ ਨੀਂਦ ਨਹੀਂ ਸੌਂ ਸਕਦਾ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਸ ਨੂੰ ਵਿਕਾਰੀ ਜੀਵਨ ਜਿਉਣ ਦੀ ਕਿਸੇ ਨੇ ਸਜ਼ਾ ਦਿੱਤੀ ਹੋਈ ਹੈ, ਕਿ ਬਈ ਤੈਨੂੰ ਵਿਕਾਰੀ ਜੀਵਨ ਤਾਂ ਜਿਉਣਾ ਹੀ ਪੈਣਾ ਹੈ? ਵਿਕਾਰੀ ਜੀਵਨ ਉਹ ਆਪ ਆਪਣੀ ਮਰਜ਼ੀ ਨਾਲ ਜਿਉਂਦਾ ਹੈ। ਜੇ ਉਸ ਦੀ ਆਤਮਾ ਉਸ ਨੂੰ ਨਹੀਂ ਕੋਸਦੀ ਜਾਂ ਉਹ ਆਤਮਾ ਦੀ ਆਵਾਜ਼ ਦੀ ਪਰਵਾਹ ਹੀ ਨਹੀਂ ਕਰਦਾ, ਤਾਂ ਹੀ ਉਹ ਨਿੱਤ ਦਿਹਾੜੀ ਵਿਕਾਰਾਂ ਵਾਲਾ ਜੀਵਨ ਜਿਉਂ ਰਿਹਾ ਹੈ। ਜੇ ਵਿਕਾਰੀ ਜੀਵਨ ਜਿਉਣ ਕਰਕੇ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਵਿਕਾਰੀ ਜੀਵਨ ਛੱਡ ਵੀ ਸਕਦਾ ਹੈ। ਕਿਸੇ ਨੇ ਵਿਕਾਰੀ ਜੀਵਨ ਜਿਉਣ ਲਈ ਉਸ ਨੂੰ ਮਜਬੂਰ ਨਹੀਂ ਕੀਤਾ ਹੋਇਆ। ਬਲਕਿ, ਲੱਖ ਸਮਝਾਉਣ ਦੇ ਬਾਵਜੂਦ ਵੀ ਬੰਦਾ ਵਿਕਾਰੀ ਜੀਵਨ ਛੱਡਣ ਲਈ ਤਿਆਰ ਨਹੀਂ, ਇਸ ਦਾ ਮਤਲਬ ਉਸ ਨੂੰ ਵਿਕਾਰੀ ਜੀਵਨ ਜਿਉਣਾ ਚੰਗਾ ਲੱਗਦਾ ਹੈ। ਇਸ ਹਾਲਤ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਬੰਦਾ ਵਿਕਾਰੀ ਜੀਵਨ ਜਿਉਣ ਕਰਕੇ, ਸਜ਼ਾ ਵਜੋਂ, ਰਾਤ ਨੂੰ ਸੁਖ ਦੀ ਨੀਂਦ ਸੌਂ ਨਹੀਂ ਸਕਦਾ।
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
"-: ਇਸੇ ਜਨਮ ਵਿੱਚ ਜੂਨਾਂ ਭੋਗਣੀਆਂ :-
Page Visitors: 2803