251 ਰੁਪਏ ‘ਚ ਸਮਾਰਟਫੋਨ ਦੇਣ ਵਾਲੀ ਕੰਪਨੀ ਦੇ ਖਿਲਾਫ 420 ਦਾ ਕੇਸ ਦਰਜ
ਨਵੀਂ ਦਿੱਲੀ, 26 ਮਾਰਚ (ਪੰਜਾਬ ਮੇਲ)-251 ਰੁਪਏ ‘ਚ ਸਮਾਰਟਫੋਨ ਦੇਣ ਦਾ ਦਾਅਵਾ ਕਰਨ ਵਾਲੀ ਕੰਪਨੀ ਰਿੰਗਿੰਗ ਬੈਲਜ਼ ਦੇ ਮਾਲਕ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮੁਕੱਦਮਾ ਬੀਜੇਪੀ ਨੇਤਾ ਕੀਰੀਟ ਸੋਮਈਆ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ।
ਰਿੰਗਿਗ ਬੈਲਜ਼ ਦੇ ਮਾਲਕ ਮੋਹਿਤ ਅਗਰਵਾਲ ਤੇ ਕੰਪਨੀ ਦੇ ਪ੍ਰਧਾਨ ਅਸ਼ੋਕ ਚੱਡਾ ਖਿਲਾਫ ਆਈਪੀਸੀ ਦੀ ਧਾਰਾ 420 ਤਹਿਤ ਕੇਸ ਦਰਜ ਹੋਇਆ ਹੈ। ਕਿਰੀਟ ਸੋਮਈਆ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ 251 ਰੁਪਏ ‘ਚ ਸਮਾਰਟਫੋਨ ਬਣਾਉਣਾ ਕਿਸੇ ਵੀ ਤਰ੍ਹਾਂ ਮੁਮਕਿਨ ਨਹੀਂ ਹੈ। ਕੰਪਨੀ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ, “ਸ਼ੁਰੂਆਤੀ ਜਾਂਚ ਤੋਂ ਲਗਦਾ ਹੈ ਕਿ ਮਾਮਲੇ ‘ਚ ਐਫਆਈਆਰ ਦਰਜ ਹੋਣੀ ਚਾਹੀਦੀ। ਅਸੀਂ ਕੇਸ ਦਰਜ ਕਰ ਲਿਆ ਹੈ ਤੇ ਹੁਣ ਇੱਕ ਟੀਮ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਅਸੀਂ ਕੰਪਨੀ ਤੋਂ ਜਾਂਚ ਲਈ ਲੋੜੀਂਦੇ ਦਸਤਾਵੇਜ਼ ਵੀ ਉਪਲਬਧ ਕਰਾਉਣ ਲਈ ਕਿਹਾ ਹੈ”। ਉੱਧਰ, ਕੰਪਨੀ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਜਾਂਚ ‘ਚ ਸਹਿਯੋਗ ਲਈ ਪੂਰੀ ਤਰ੍ਹਾਂ ਤਿਆਰ ਹੈ।