ਅਫਗਾਨਿਸਤਾਨ ‘ਚ ਬੱਚਿਆਂ ਨੂੰ ਬਣਾਇਆ ਜਾ ਰਿਹਾ ਮਾਨਵ ਬੰਬ
ਕਾਬੁਲ (ਅਫਗਾਨਿਸਤਾਨ), 25 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਨੂੰ ਟੱਕਰ ਦੇਣ ਲਈ ਬੱਚਿਆਂ ਨੂੰ ਆਤਮਘਾਤੀ ਬੰਬ ਬਣਾਇਆ ਜਾ ਰਿਹਾ ਹੈ। ਅਫਗਾਨ ਫੌਜਾਂ ਦੁਆਰਾ ਬੀਤੇ ਕਈ ਸਾਲਾਂ ਵਿੱਚ ਫੜ੍ਹੇ ਗਏ ਬੱਚਿਆਂ ਨੇ ਪੁੱਛਗਿੱਛ ਵਿੱਚ ਆਪਣੇ ਆਤਮਘਾਤੀ ਬੰਬ ਬਣਨ ਦੀ ਇੱਕੋ ਜਿਹੀ ਕਹਾਣੀ ਸੁਣਾਈ ਹੈ। ਜ਼ਿਆਦਾਤਰ ਬੱਚਿਆਂ ਨੇ ਦੱਸਿਆ ਕਿ ਅੱਤਵਾਦੀ ਉਨ੍ਹਾਂ ਨੂੰ ਅਫਗਾਨ ਸਰਕਾਰ ਅਤੇ ਅਮਰੀਕਾ ਵਿਰੁੱਧ ਭੜਕਾਅ ਕੇ ਬਰੇਨਵਾਸ਼ ਕਰਦੇ ਹਨ। ਕਹਿੰਦੇ ਸਨ, ”ਧਮਾਕੇ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਹੋਵੇਗਾ, ਦੁਸ਼ਮਣ ਮਾਰੇ ਜਾਣਗੇ।”
ਜਨਵਰੀ 2012 ਵਿੱਚ ਸੁਰੱਖਿਆ ਫੌਜਾਂ ਨੇ 13 ਸਾਲ ਦੇ ਅਬਦੁਲ ਸਮਤ ਨੂੰ ਆਤਮਘਾਤੀ ਬੈਲਟ ਸਮੇਤ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਬੰਬ ਬਣਾ ਕੇ ਭੇਜਿਆ ਗਿਆ ਸੀ। ਅਬਦੁਲ ਪਾਕਿਸਤਾਨ ਦੇ ਕਵੇਟਾ ਦਾ ਰਹਿਣ ਵਾਲਾ ਸੀ। ਧਮਾਕੇ ਤੋਂ ਪਹਿਲਾਂ ਅੱਤਵਾਦੀ ਉਸ ਦੇ ਚੇਹਰੇ ‘ਤੇ ਕਾਲੀ ਪੱਟੀ ਬੰਨ੍ਹ ਕੇ ਚਲੇ ਗਏ ਸਨ। ਉਸ ਨੂੰ ਦੱਸਿਆ ਗਿਆ ਸੀ ਕਿ ਧਮਾਕਾ ਹੋਣ ਜਾਣ ਬਾਅਦ ਵੀ ਉਹ ਜ਼ਿੰਦਾ ਰਹੇਗਾ, ਪਰ ਉਸ ਦੇ ਸਾਰੇ ਦੁਸ਼ਮਣ ਮਾਰੇ ਜਾਣਗੇ। ਅਬਦੁਲ ਦੇ ਮੁਤਾਬਕ, ”ਧਮਾਕਾ ਕਰਨ ਤੋਂ ਕੁਝ ਮਿੰਟ ਪਹਿਲਾਂ ਮੈਨੂੰ ਸਮਝ ਆਇਆ ਕਿ ਰਿਕਰੂਟਸ ਨੇ ਮੇਰੇ ਨਾਲ ਮਜ਼ਾਕ ਕੀਤਾ ਹੈ। ਇਸ ਤੋਂ ਬਾਅਦ ਮੈਂ ਆਪਣੀਆਂ ਅੱਖਾਂ ਦੀ ਪੱਟੀ ਖੋਲ੍ਹੀ ਤਾਂ ਦੇਖਿਆ ਕਿ ਮੇਰੇ ਸਰੀਰ ‘ਤੇ ਕਾਲੇ ਰੰਗ ਦੀ ਬੈਲਟ ਬੰਨ੍ਹੀ ਹੋਈ ਸੀ। ਮੈਂ ਰੌਲਾ ਪਾਇਆ ਤਾਂ ਨੇੜੇ-ਤੇੜੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਉਨ੍ਹਾਂ ਨੇ ਮੇਰੇ ਲੱਕ ‘ਤੇ ਆਤਮਘਾਤੀ ਬੈਲਟ ਬੰਨ੍ਹੀ ਹੋਈ ਦੇਖੀ ਤਾਂ ਸਾਰੇ ਲੋਕ ਡਰ ਗਏ ਅਤੇ ਦੂਰ ਭੱਜ ਗਏ। ਇਸ ਤੋਂ ਬਾਅਦ ਪੁਲਿਸ ਆਈ ਅਤੇ ਬੰਬ ਵਾਲੀ ਬੈਲਟ ਉਤਾਰ ਦਿੱਤੀ ਗਈ।” ਅਫਗਾਨ ਫੌਜ ਦੇ ਅਧਿਕਾਰੀਆਂ ਨੇ ਦੱਸਿਆ, ”ਅਬਦੁਲ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਇਸ ਵਿੱਚ ਧੱਕੇ ਜਾ ਰਹੇ ਹਨ। ਦਰਅਸਲ, ਬੱਚਿਆਂ ‘ਤੇ ਫੌਜ ਸ਼ੱਕ ਨਹੀਂ ਕਰਦੀ ਅਤੇ ਉਹ ਕਿਸੇ ਵੀ ਚੈਕ ਪੁਆਇੰਟ ‘ਚੋਂ ਅਸਾਨੀ ਨਾਲ ਨਿਕਲ ਜਾਂਦੇ ਹਨ।
ਡਾਇਚੇ ਵੇਲੇ ਦੀ ਇੱਕ ਰਿਪੋਰਟ ਮੁਤਾਬਕ, ਤਾਲਿਬਾਨ ਆਪਣੇ ਟ੍ਰੇਨਿੰਗ ਸੈਂਟਰਾਂ ਵਿੱਚ ਬੱਚਿਆਂ ਨੂੰ ਆਤਮਘਾਤੀ ਹਮਲੇ ਦੇ ਸਬੰਧ ਵਿੱਚ ਸਿਖਲਾਈ ਦਿੰਦਾ ਹੈ। ਨਾਰਥ-ਵੈਸਟਰਨ ਬਗਦੀਸ ਪ੍ਰਾਵਿਨਸ ਦੇ ਘੋਰਮਾਸ਼ ਜ਼ਿਲ੍ਹੇ ਵਿੱਚ ਤਾਲਿਬਾਨ ਦਾ ਕੈਂਪ ਹੈ। ਇਸ ਨੂੰ ਮੁੱਲਾ ਕੱਯੂਮ ਚਲਾਉਂਦਾ ਹੈ। ਇਸ ਵਿੱਚ ਜ਼ਿਆਦਾਤਰ ਬੱਚੇ ਅਗਵਾ ਕਰਕੇ ਜਾਂ ਮਾਂ-ਪਿਓ ਤੋਂ ਖਰੀਦ ਕੇ ਲਿਆਂਦੇ ਜਾਂਦੇ ਹਨ। ਕੁਝ ਬੱਚਿਆਂ ਨੂੰ ਮਾਰਕਿਟ ਤੋਂ ਇੱਕ ਹਜ਼ਾਰ ਡਾਲਰ ਜਾਂ ਲਗਭਗ 67 ਹਜ਼ਾਰ ਰੁਪਏ ਦੇ ਕੇ ਵੀ ਲਿਆਂਦਾ ਜਾਂਦਾ ਹੈ।