ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੇਗੀ ਮਹਿਬੂਬਾ
ਸ਼੍ਰੀਨਗਰ, 25 ਮਾਰਚ (ਪੰਜਾਬ ਮੇਲ)- ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਹੋਵੇਗੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ। ਕੱਲ੍ਹ ਸ਼੍ਰੀਨਗਰ ‘ਚ ਪੀਡੀਪੀ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਗਿਆ ਹੈ। ਉਹ ਅੱਜ ਸ਼ਾਮ 4 ਵਜੇ ਰਾਜਪਾਲ ਨਾਲ ਮੁਲਾਕਾਤ ਕਰ ਸਰਕਾਰ ਬਣਾਉਣ ਬਾਰੇ ਗੱਲਬਾਤ ਕਰਨਗੇ। ਜੰਮੂ ਕਸ਼ਮੀਰ ‘ਚ ਪੀਡੀਪੀ-ਬੀਜੇਪੀ ਗੱਠਜੋੜ ਸਰਕਾਰ ਦਾ ਸਹੁੰ ਚੁੱਕ ਸਮਾਗਮ 29 ਮਾਰਚ ਨੂੰ ਹੋ ਸਕਦਾ ਹੈ।
ਜੰਮੂ ਕਸ਼ਮੀਰ ‘ਚ ਹੁਣ ਇੱਕ ਵਾਰ ਫਿਰ ਤੋਂ ਬੀਜੇਪੀ ਤੇ ਪੀਡੀਪੀ ਦੀ ਗਠਬੰਧਨ ਸਰਕਾਰ ਬਣਨ ਜਾ ਰਹੀ ਹੈ। ਸਰਕਾਰ ਬਣਾਉਣ ਲਈ ਪੀਡੀਪੀ ਪ੍ਰਧਾਨ ਤੇ ਮਰਹੂਮ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਦੀ ਧੀ ਮਹਿਬੂਬਾ ਮੁਫਤੀ ਤੇ ਪੀਐਮ ਮੋਦੀ ਵਿਚਕਾਰ ਹੋਈ 22 ਮਾਰਚ ਦੀ ਮੀਟਿੰਗ ਤੋਂ ਬਾਅਦ ਰਾਸਤਾ ਸਾਫ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਤੋਂ ਸਰਕਾਰ ਬਣਾਉਣ ਦਾ ਮਸਲਾ ਲਟਕਦਾ ਆ ਰਿਹਾ ਸੀ।
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਦੀ 7 ਜਨਵਰੀ ‘ਚ ਮੌਤ ਤੋਂ ਬਾਅਦ ਸੂਬੇ ‘ਚ ਗਵਰਨਰ ਰਾਜ ਲਾਗੂ ਕੀਤਾ ਗਿਆ ਸੀ। ਪਰ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਪੀਡੀਪੀ ਤੇ ਬੀਜੇਪੀ ‘ਚ ਸਹਿਮਤੀ ਨਹੀਂ ਬਣ ਸਕੀ ਹੈ। ਪਿਛਲੇ ਸਾਲ ਦੋਨਾਂ ਪਾਰਟੀਆਂ ਦੀ ਗਠਬੰਧਨ ਸਰਕਾਰ ਬਣਨ ਵੇਲੇ ਵੀ ਕਾਫੀ ਲੰਬੀ ਗੱਲਬਾਤ ਤੇ ਮੀਟਿੰਗਾ ਦੇ ਦੌਰ ਤੋਂ ਬਾਅਦ ਫੈਸਲਾ ਲਿਆ ਜਾ ਸਕਿਆ ਸੀ। ਬੀਜੇਪੀ ਨੇ ਐਲਾਨ ਕੀਤਾ ਹੈ ਕਿ ਉਹ ਪੀਡੀਪੀ ਦੀਆਂ ਸ਼ਰਤਾਂ ਦੇ ਆਧਾਰ ‘ਤੇ ਸਰਕਾਰ ਨਹੀਂ ਬਣਾਏਗੀ। ਪੀਡੀਪੀ ਵੱਲੋਂ ਮਹਿਬੂਬਾ ਮੁਫਤੀ ਨੂੰ ਆਪਣੀ ਸੀਐਮ ਉਮੀਦਵਾਰ ਐਲਾਨਿਆ ਗਿਆ ਹੈ। ਜੰਮੂ ਕਸ਼ਮੀਰ ‘ਚ ਕੁੱਲ 87 ਸੀਟਾਂ ਦੀ ਵਿਧਾਨ ਸਭਾ ‘ਚ ਪੀਡੀਪੀ ਦੇ 25 ਤੇ ਬੀਜੇਪੀ ਦੇ 27 ਵਿਧਾਇਕ ਹਨ।