ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਨਾਮ ਸਿਮਰਣ :-
-: ਨਾਮ ਸਿਮਰਣ :-
Page Visitors: 2857

-: ਨਾਮ ਸਿਮਰਣ :-
 ਗੁਰਬਾਣੀ ਵਿੱਚ ਸਿਮਰਣ ਦਾ ਬਹੁਤ ਮਹਤਵ ਦੱਸਿਆ ਗਿਆ ਹੈ। ਸੋ ਪਹਿਲਾਂ ਸਵਾਲ ਇਹ ਉਠਦਾ ਹੈ ਕਿ ਸਿਮਰਣ ਜਾਂ ਨਾਮ ਸਿਮਰਣ ਹੈ ਕੀ।
ਸਿਮਰਣ ਦੇ ਅਖਰੀ ਅਰਥ ਹਨ- ‘ਚੇਤਾ, ਯਾਦਾਸ਼ਤ, ਚਿੰਤਨ, ਸੋਚਣਾ, *ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਵਿ੍ਰਤੀ ਇਕਾਗਰ ਕਰਕੇ ਯਾਦ ਕਰਨਾ*।
 ਫੇਰ ਸਵਾਲ ਪੈਦਾ ਹੁੰਦਾ ਹੈ ਕਿ ਉਸ ਦਾ ਸਿਮਰਣ ਕਰਨਾ ਕਿਉਂ ਹੈ?
ਪ੍ਰੋ: ਸਾਹਿਬ ਸਿੰਘ ਜੀ ਇਕ ਉਦਾਹਰਣ ਦੇ ਕੇ ਸਮਝਾਉਂਦੇ ਹਨ- ਬੱਚੇ ਨੂੰ ਹਨੇਰੇ-ਸਵੇਰੇ ਕਿਸੇ ਦੁਰੇਡੇ ਕਮਰੇ ਵਿੱਚੋਂ ਕੋਈ ਚੀਜ਼ ਲਿਆਉਣ ਲਈ ਆਖੋ, ਤਾਂ ਉਹ ਆਪਣੇ ਅੰਦਰਲੇ ਡਰ-ਸਹਿਮ ਕਰਕੇ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਹੈ।ਜਾਂ ਫੇਰ ਆਪਣੇ ਭੈਣ ਭਰਾ ਨੂੰ ਨਾਲ ਲੈ ਕੇ ਹੀ ਜਾਂਦਾ ਹੈ।ਭਾਵੇਂ ਉਹ ਭੈਣ ਭਰਾ ਉਸ ਤੋਂ ਉਮਰੋਂ ਕਿਤਨਾ ਹੀ ਛੋਟਾ ਹੋਵੇ।ਧੀਰੇ ਧੀਰੇ ਉਸ ਨੂੰ ਧਰਵਾਸ ਬੱਝਣਾ ਸ਼ੁਰੂ ਹੁੰਦਾ ਹੈ, ਫਿਰ ਇਤਨਾ ਹੀ ਕਾਫੀ ਹੋ ਜਾਂਦਾ ਹੈ ਕਿ ਉਸ ਨਾਲ ਉਚੀ ਉਚੀ ਗੱਲਾਂ ਕਰੀ ਜਾਵੋ ਉਸ ਦੇ ਅੰਦਰੋਂ ਡਰ ਮੁੱਕ ਜਾਂਦਾ ਹੈ।ਉਸ ਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਗੱਲਾਂ ਕਰਨ ਵਾਲਾ ਉਸ ਦੇ ਨਾਲ ਹੀ ਹੈ।ਉਸ ਨੂੰ ਇਕੱਲ-ਪੁਣਾ ਮਹਿਸੂਸ ਨਹੀਂ ਹੁੰਦਾ। ਇਸੇ ਤਰ੍ਹਾਂ ਸਿਮਰਨ ਕਰਨ ਵਾਲੇ ਨੂੰ ਉਹ ਪ੍ਰਭੂ ਨਾਲ ਵਸਦਾ ਉਸ ਦਾ ਸਾਥੀ ਪ੍ਰਤੀਤ ਹੋਣ ਗੱਲ ਜਾਂਦਾ ਹੈ-
 “ਬਨਿ ਭੀਹਾਵਲੇ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ॥”
 ਕੀ ਪ੍ਰਭੂ ਦਾ ਕੋਈ ਨਾਮ ਸਿਮਰੀ ਜਾਣਾ ‘ਤੋਤਾ ਰਟਣ ਹੈ’? ਅੱਜ ਕਲ੍ਹ ਦੀ ਪਦਾਰਥ ਵਾਦੀ ਸੋਚ ਹੋਣ ਕਰਕੇ ਕਈ ਸੱਜਣਾਂ ਦਾ ਖਿਆਲ ਹੈ ਕਿ ਗੁਰਮਤਿ ਵਿੱਚ, ਕਿਸੇ ਤਰ੍ਹਾਂ ਦੇ ਵੀ ਅੱਖਰ / ਨਾਮ ਰਟਣ ਨੂੰ ਪ੍ਰਵਾਨਗੀ ਨਹੀਂ। ਪਰ ਗੁਰੂ ਸਾਹਿਬ ਤਾਂ ਕਹਿੰਦੇ ਹਨ-
 “ਹਰਿ ਆਰਾਧਿ ਨ ਜਾਨਾ ਰੇ ॥
  ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
 ਹਰਿ ਜੀਉ ਨਾਮੁ ਪਰਿਓ ਰਾਮਦਾਸੁ
॥ ਰਹਾਉ ॥“ (ਪੰਨਾ 612)”
 “ਸਫਲ ਮੂਰਤੁ ਸਫਲ ਓਹ ਘਰੀ ॥ ਜਿਤੁ ਰਸਨਾ ਉਚਰੈ ਹਰਿ ਹਰੀ ॥“ (ਪੰਨਾ 191) -
 (ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ ਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ।”
 “ਰਸਨਾ ਗੀਧੀ ਬੋਲਤ ਰਾਮ ॥ ਪੂਰਨ ਹੋਏ ਸਗਲੇ ਕਾਮ ॥ ਪੰਨਾ (185)”
 “ਰਾਰਾ ਰੰਗਹੁ ਇਆ ਮਨੁ ਅਪਨਾ ॥ ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ (ਪੰਨਾ 252)”
 “ਰਸਨਾ ਰਾਮ ਰਾਮ ਰਵੰਤ ॥ ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ (ਪੰਨਾ 501)”
 ਗੁਰਬਾਣੀ ਪ੍ਰਭੂ ਦੇ ਨਾਮ ਨੂੰ ਬਾਰ ਬਾਰ ਉਚਾਰਨ ਦਾ ਖੰਡਣ ਨਹੀਂ ਕਰਦੀ।ਪਰ ਇਸ ਤੋਂ ਅੱਗੇ ਦੀ ਵੀ ਗੱਲ ਸਮਝਣ ਦੀ ਜਰੂਰਤ ਹੈ। ਦਰਅਸਲ ਗੱਲ ਇਹ ਹੈ ਕਿ ਨਾਮ ਕੋਈ ਵੀ ਹੋਵੇ, ਜਿੰਨੀ ਦੇਰ ਹਿਰਦੇ ਵਿੱਚ ਵਸਾਏ ਬਿਨਾ ਮੂੰਹ ਨਾਲ ਸਿਰਫ ਰਟਿਆ ਰਟਾਇਆ ਉਚਾਰੀ ਹੀ ਜਾਣਾ ਹੈ, ਫੇਰ ਤਾਂ ਇਹ ਤੋਤਾ ਰਟਣ ਹੀ ਹੈ।ਪਰ ਗੁਰਮਤਿ ਅਨੁਸਾਰ ਉਸ ਦਾ ਨਾਮ ਮੂਹੋਂ ਉਚਾਰਨ ਦੇ ਨਾਲ ਨਾਲ ਉਸ ਨੂੰ ਇਹਦੇ ਵਿੱਚ ਵੀ ਵਸਾਣਾ ਹੈ
 “ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
 ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ
॥੧॥”
 ਹਿਰਦੇ ਵਿੱਚ ਵਸਾਉਣ ਤੋਂ ਭਾਵ ਹੈ ਕਿ ਜਿਸ ਦਾ ਨਾਮ ਸਿਮਰਦੇ ਹਾਂ ਉਸ ਦੀ ਹੋਂਦ, ਉਸ ਦੀ ਮੌਜੂਦਗ਼ੀ ਦਾ ਅਹਿਸਾਸ ਵੀ ਹੋਣਾ ਜਰੂਰੀ ਹੈ। ਪਰ ਸਾਡੀ ਉਹ ਅਵਸਥਾ ਹਾਲੇ ਨਾ ਹੋਣ ਕਰਕੇ ਉਸ ਦੀ ਮੌਜੂਦਗ਼ੀ ਦਾ ਅਹਿਸਾਸ ਏਨੀ ਛੇਤੀ ਨਹੀਂ ਹੁੰਦਾ।ਜਿਵੇਂ ਛੋਟੇ ਬੱਚੇ ਨੂੰ ਆਪਾਂ ਪਹਾੜੇ ਯਾਦ ਕਰਨ ਲਈ ਕਹਿੰਦੇ ਹਾਂ।ਬੱਚੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਪਹਾੜਿਆਂ ਨੂੰ ਯਾਦ ਕਰਨ ਨਾਲ, ਜਾਂ ਰਟਣ ਨਾਲ ਕੀ ਲਾਭ ਹੋਵੇਗਾ।ਪਰ ਹੌਲੀ ਹੌਲੀ ਉਸ ਨੂੰ ਇਸਦੀ ਦੀ ਮਹਤਤਾ ਦੀ ਸਮਝ ਆਉਣ ਲੱਗ ਜਾਂਦੀ ਹੈ। ਉਸੇ ਤਰ੍ਹਾਂ ਨਾਮ ਪਹਿਲਾਂ ਪਹਿਲਾਂ ਤਾਂ ਤੋਤਾ ਰਟਣ ਦੀ ਤਰ੍ਹਾਂ ਹੀ ਹੁੰਦਾ ਹੈ, ਪਰ ਹੌਲੀ ਹੌਲੀ ਮਨ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੇ ਕਾਬਲ ਹੋ ਜਾਂਦਾ ਹੈ। ਅਜੋਕੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ “ਕਿਸੇ ਬੋਲੀ ਦੇ ਅੱਖਰਾਂ ਜਾਂ ਗਿਣਤੀ ਦੇ ਅੱਖਰਾਂ ਦੀ ਪਛਾਣ, ਬਨਾਵਟ ਅਤੇ ਆਵਾਜ਼ ਨੂੰ ਬਾਰ ਬਾਰ ਰੱਟੇ ਲਾ ਕੇ ਦ੍ਰਿੜ ਕਰਨਾ ਇੱਕ ਸਕੂਲ ਦੇ ਛੋਟੇ ਬੱਚੇ ਲਈ ਅਤਿਅੰਤ ਜਰੂਰੀ ਹੈ, ਕਿਉਂਕਿ ਇਹ ਸਿੱਖਿਆ ਪ੍ਰਾਪਤ ਕਰਨ ਦਾ ਮੁੱਢ ਹੁੰਦਾ ਹੈ। ਜੇਕਰ ਕੋਈ ਬੱਚਾ ਆਖੇ ਮੈਂ ਤਾਂ ਸਾਰੀ ਉਮਰ ਪਹਿਲੀ ਕਲਾਸ ਵਿੱਚ ਹੀ ਬੈਠ ਕੇ ਕਿਸੇ ਬੋਲੀ ਦੇ ਅੱਖਰਾਂ ਦੇ ਕੇਵਲ ਰੱਟੇ ਹੀ ਲਾਉਣ ਹਨ, ਤਾਂ ਉਹ ਬੱਚਾ ਅਜਿਹਾ ਕਰਕੇ ਵੀ ਅਨਪੜ੍ਹ ਹੀ ਰਗੇਗਾ, ਪਰ ਇਸ ਦੇ ਉਲਟ ਜਿਹੜੇ ਬੱਚਾ ਕਿਸੇ ਬੋਲੀ ਦੇ ਅੱਖਰਾਂ ਜਾਂ ਗਿਣਤੀ ਦੇ ਅੱਖਰਾਂ ਦੀ ਪਛਾਣ, ਬਨਾਵਟ ਅਤੇ ਆਵਾਜ਼ ਨੂੰ ਬਾਰ ਬਾਰ ਰੱਟੇ ਲਾ ਕੇ ਦ੍ਰਿੜ ਕਰਨ ਉਪਰੰਤ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ, ਫਿਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਪੈਂਦੀ। ਇਸ ਤੋਂ ਬਾਅਦ ਵਿਦਿਆਰਥੀ ਦਾ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਂ ਆ ਜਾਂਦਾ ਹੈ।” ਏਥੇ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਬੱਚੇ ਦੀ ਦੁਨਿਆਵੀ-ਪੜ੍ਹਾਈ ਅਤੇ ਪ੍ਰਭੂ ਦੇ ਨਾਮ-ਸਿਮਰਨ ਦਾ ਫਰਕ ਹੈ।
ਦੁਨਿਆਵੀ ਪੜ੍ਹਾਈ ਦਿਮਾਗ਼ (ਗਿਆਨ) ਨਾਲ ਸੰਬੰਧ ਰੱਖਦੀ ਹੈ ਅਤੇ ਅੱਗੋਂ ਹੋਰ ਵਧੇਰੇ ਗਿਆਨ ਹਾਸਲ ਕਰਨ ਦਾ ਮੁੱਢ ਹੁੰਦੀ ਹੈ।ਪਰ ਪ੍ਰਭੂ ਦਾ ਨਾਮ ਸਿਮਰਨਾ ਮਨ ਕਰਕੇ ਹਿਰਦੇ ਨਾਲ ਸੰਬੰਧ ਰੱਖਦਾ ਹੈ।ਨਾਮ ਸਿਮਰਨ, ਨਾਮੀ ਦੇ ਨਾਲ ਸੰਬੰਧ ਸਥਾਪਤ ਕਰਨ ਦਾ ਜਰੀਆ ਹੈ।ਉਸ ਦੇ ਨਾਲ ਇੱਕ ਵਾਰੀਂ ਸੰਬੰਧ ਸਥਾਪਤ ਕਰਕੇ ਛੱਡ ਨਹੀਂ ਦੇਣਾ, ਹਮੇਸ਼ਾਂ ਸੰਬੰਧ ਸਥਾਪਤ ਰੱਖਣਾ ਹੈ।ਜੇ ਹਮੇਸ਼ਾਂ ਸੰਬੰਧ ਸਥਾਪਤ ਰੱਖਣਾ ਹੈ ਤਾਂ ਹਮੇਸ਼ਾਂ (ਸਾਰੀ ਉਮਰ) ਇਸ ਨਾਮ ਸਿਮਰਨ ਵਾਲੇ ਜਰੀਏ ਦਾ ਤਿਆਗ ਨਹੀਂ ਕਰਨਾ।ਸ਼ੁਰੂ ਸ਼ੁਰੂ ਵਿੱਚ ਅਭਿਆਸ ਦੇ ਤੌਰ ਤੇ ਸਿਰਫ ਉਚਾਰੇ ਜਾਂਦੇ ਨਾਮ ਦੇ ਨਾਲ ਹੌਲੀ ਹੌਲੀ ਇਸ ਨਾਮ ਨੂੰ ਹਿਰਦੇ ਵਿੱਚ ਵਸਾਉਣ ਵੱਲ ਵੀ ਵਧਣਾ ਹੈ।ਜੀਭ ਨਾਲ ਉਚਾਰੇ ਜਾਣ ਵਾਲੇ ਨਾਮ ਦਾ ਤਿਆਗ ਨਹੀਂ ਕਰਨਾ, ਇਸ ਨੂੰ ਹਿਰਦੇ ਨਾਲ ਉਚਾਰਨਾ ਹੈ।
 “ਵਾਹਿਗੁਰੂ” ਨਾਮ ਦੀ ਜੁੜਤ-ਪਦ ਅਤੇ ਪਦ-ਛੇਦ ਆਦਿ ਦੇ ਨਾਮ ਤੇ ਇਸ ਦੀ ਚੀਰ-ਫਾੜ ਕਰਨੀ ਵੀ ਬੇਕਾਰ ਦੀ ਗੱਲ ਹੈ।ਕਿਉਂਕਿ ਨਾਮ ਕੋਈ ਵੀ ਹੋਵੇ ਜਿਹੜਾ ਜੀਭ ਨਾਲ ਉਚਾਰਿਆ ਜਾ ਸਕਦਾ ਹੈ, ਹੈ ਤਾਂ ਉਹ ਕਿਰਤਮ ਹੀ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੇ ਗੁਣਾਂ ਨੂੰ ਦੇਖਕੇ ਰੱਖੇ ਗਏ ਜਿੰਨੇ ਵੀ ਨਾਮ ਹਨ, ਮੈਂ ਉਹਨਾਂ ਸਭ ਤੋਂ ਕੁਰਬਾਨ ਜਾਂਦਾ ਹਾਂ। - ਅੱਜ ਕਲ੍ਹ ਵਾਹਿਗੁਰੂ ਸ਼ਬਦ ਦੇ ਬੜੇ ਤਰੀਕਿਆਂ ਅਤੇ ਵਿਧੀਆਂ ਨਾਲ ਜਾਪ ਕਰਨ ਦਾ ਰਿਵਾਜ ਚੱਲ ਪਿਆ ਹੈ।ਪਰ ਇਸ ਤਰ੍ਹਾਂ ਟਪੂਸੀਆਂ ਮਾਰ ਮਾਰ ਕੇ ਜਾਂ ਸਵਾਸ ਦੇ ਅੰਦਰ-ਬਾਹਰ ਦੇ ਕਿਸੇ ਤਰੀਕੇ ਨਾਲ, ਜ ਸਮਾਂ ਦੇਖ ਕੇ ਨਾਮ ਜਪਣ ਨਾਲ, ਜਾਂ ਗਿਣਤੀਆਂ ਮਿਣਤੀਆਂ ਦਾ ਨਾਮ ਜਪਣਾ ਨਿਰਾ ਪਖੰਡ ਹੈ। - ਬਿਨਾਂ ਹਿਰਦੇ ਵਿੱਚ ਵਸਾਏ, ਪ੍ਰਭੂ ਦਾ ਕੋਈ ਵੀ ਨਾਮ ਸਿਰਫ ਉਚਾਰੀ ਜਾਣਾ ਅਤੇ ਸਮਝਣਾ ਕਿ ਸਿਮਰਨ ਹੋ ਗਿਆ ਇਹ ਅਗਿਆਨਤਾ ਹੈ। - ਪ੍ਰਭੂ ਲਈ ਮਿਥਿਆ ਹੋਇਆ ਕੋਈ ਵੀ ਨਾਮ ਉਚਾਰਦੇ ਵਕਤ ਉਸ ਨਾਮੀ ਦਾ ਸਿਮਰਣ (ਸਮਰਣ, ਚੇਤਾ) ਕਰਨਾਂ ਉਸ ਦੀ ਹੋਂਦ ਉਸ ਦੀ ਮੌਜੂਦਗ਼ੀ ਦਾ ਅਹਿਸਾਸ ਬਣਾਈ ਰੱਖਣਾ ਹੀ ਅਸਲ ਨਾਮ ਸਿਮਰਣ ਹੈ।
   ਅੱਜ ਕਲ੍ਹ ਦੇ ਪਦਾਰਥਵਾਦੀ ਸੋਚ ਦੇ ਕੁਝ ਵਿਦਵਾਨ ਉਪਰੋਂ ਉਪਰੋਂ ਰੱਬ ਦੀ ਹੋਂਦ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ।ਇਸ ਲਈ ਨਾਮ ਸਿਮਰਨ ਦੇ ਅਰਥ ਬਦਲਕੇ ‘ਕੁਦਰਤ ਦੇ ਨਿਯਮਾਂ ਨੂੰ ਸਮਝਣਾ’ ਆਦਿ ਵਰਗੇ ਅਰਥ ਕਰੀ ਜਾ ਰਹੇ ਹਨ।ਜੋ ਕਿ ਸਿਖ ਜਗਤ ਵਿੱਚ ਭੁਲੇਖੇ ਪਾਉਣ ਦਾ ਕਾਰਣ ਬਣ ਰਹੇ ਹਨ।
 ਜਸਬੀਰ ਸਿੰਘ ਵਿਰਦੀ"


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.