ਸੁਹਿਰਦ ਲਿਖਾਰੀ ਦੁਨੀਆਂ ਨੂੰ ਸਮਝਾਉਣ ਦਾ ਜਤਨ ਕਰ ਰਹੇ ਹਨ
ਸਰਦਾਰ ਸਤਿਨਾਮ ਸਿੰਘ ਮੌਂਟਰੀਅਲ ਜੀ
ਆਪ ਜੀ ਨੇਂ ਕੱਲ "ਤੁਹਾਡੇ ਆਪਣੇਂ ਪੰਨੇਂ" ਤੇ ਪਾਈ ਪੋਸਟ ਵਿੱਚ ਬਹੁਤ ਹੀ ਬੁੱਧੀਮਤਾ ਦੇ ਵਿਚਾਰ ਪੇਸ਼ ਕੀਤੇ ਹਨ ਜੀ। ਆਪ ਜੀ ਨੇਂ ਕਾਫੀ ਖਰੀਆਂ ਅਤੇ ਸੱਚੀਆਂ ਸੱਚੀਆਂ ਗੱਲਾਂ ਲਿਖੀਆਂ ਹਨ ਜੀ, ਕੁੱਝ ਪਾਠਕਾਂ ਨੇਂ ਆਪ ਜੀ ਦੀਆਂ ਗੱਲਾਂ ਦੀ ਸਰਾਹਨਾਂ ਵੀ ਕੀਤੀ ਹੈ, ਮੈਂ ਵੀ ਸਹਿਮਤ ਹਾਂ, ਪਰ ਆਪ ਜੀ ਨੇਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਸੁਝਾਇਆ।
ਆਪ ਜੀ ਨੇਂ ਆਪਣੀਂ ਪੋਸਟ ਵਿੱਚ ਇਹ ਵੀ ਦੱਸਿਆ ਹੈ ਜੀ ਕਿ, "ਕਿ ਨਿਰੰਕਾਰੁ ਸੱਚਖੰਡ ਵਿੱਚ ਵੱਸਦਾ ਹੈ" ਅਤੇ ਨਾਲ ਹੀ ਇਹ ਵੀ ਸਮਝਾਇਆ ਹੈ ਜੀ ਕਿ ਸੱਚਖੰਡ ਕਿੱਥੇ ਹੈ।
ਆਪ ਜੀ ਦੀ ਸੋਚ ਉੱਚੀ ਅਤੇ ਮਨੁੱਖੀ ਕਲਿਆਂਣਕਾਰੀ ਜਾਂ ਮਨੁੱਖੀ ਭਲਾਈ (ਦਰਦ) ਵਾਲੀ ਸੋਚ ਹੈ ਜੀ। ਇਸ ਨੂੰ ਮਹਿਸੂਸ ਕੀਤਾ ਜਾ ਸੱਕਦਾ ਹੈ ਜੀ। ਪਰ ਆਪ ਜੀ ਦੀਆਂ ਕਾਫੀ ਗੱਲਾਂ ਕਾਲਪਨਿਕ ਹਨ ਜੀ।
ਦਾਸ ਆਪ ਜੀ ਦੀ ਸੋਚ ਨੂੰ ਹੋਰ ਵੀ ਅਗਾਹਵਧੂ ਬਨਾਉਂਣ ਵਾਸਤੇ ਆਪਣੇਂ ਕੁੱਝ ਵਿਚਾਰ ਆਪ ਜੀ ਨਾਲ ਸਾਂਝੇ ਕਰਨੇਂ ਚਾਹੁੰਦਾ ਹਾਂ ਜੀ। ਸੋ ਦਾਸ ਨੂੰ ਇਜਾਜ਼ਤ ਦੇਵੋ ਜੀ। ਦਾਸ ਆਸ ਕਰਦਾ ਹੈ ਕਿ ਆਪ ਮੇਰੇ ਵਿਚਾਰਾਂ ਨੂੰ ਆਪਣੇਂ ਵਿਰੋਧੀ ਨਹੀਂ ਸਮਝੋ ਗੇ।
ਆਪ ਜੀ ਨੇਂ ਲਿਖਿਆ ਹੈ। ਕਿ
ਨਿਰੰਕਾਰ (ਸਚ) ਤੋ ਬਿਨਾ ਐਸਾ ਕੁਝ ਵੀ ਨਹੀਂ ਹੈ ਜਿਥੇ ਨਿਰੰਕਾਰ ਨਹੀ ਹੈ, ਜੇ ਨਿਰੰਕਾਰ ਸਰਬ ਵਿਆਪਕ ਹੈ ਫਿਰ ਪੂਰਾ ਬ੍ਰਹਿਮੰਡ ਸਮੁਚੀ ਕਾਇਨਾਤ ਹੀ ਸਚਖੰਡਿ ਹੈ ਗੁਰਬਾਣੀ ਨੇ ਕਿਤੇ ਵੀ ਰੱਬ ਤੇ ਦੁਨੀਆ (ਸਮੁਚੀ ਕਾਇਨਾਤ) ਨੂੰ ਦੋ ਨਹੀਂ ਮਨਿਆਂ ਪਰ
ਸਾਨੂੰ ਹੀ ਸਚਖੰਡਿ ਵਾਸੀ ਬਣਨਾ ਨਹੀ ਆਉਂਦਾ, ਕਿਉਂ?? ਕਣ ਕਣ ਵਿੱਚ ਸਮਾਏ ਹੋਏ ਰੱਬ ਦੀ ਤਾਂ ਦੂਰ ਦੀ ਗੱਲ ਸਾਨੂੰ ਤਾਂ ਸਕੇ ਭੈਣ ਭਾਈਆਂ ਦੇ ਵਿੱਚ ਵੀ ਰੱਬ ਨਜ਼ਰ ਨਹੀ ਆਉਂਦਾ, ਪਰਾਇਆ ਹੱਕ ਖਾਣ ਦੀ ਆਦਤ ਸਾਡੀ ਸੁਰਤ ਤੇ ਹਾਵੀ ਹੋ ਚੁਕੀ ਹੈ, ਰੱਬੀਂ ਗੁਣ ਸਾਡੀ ਸੁਰਤ ਵਿੱਚੋਂ ਗਾਇਬ ਹੋ ਚੁਕੇ ਹਨ, ਡਰ ਤੇ ਲਾਲਚ ਨੇ ਸਾਡੀ ਸੁਰਤ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ, ਧਰਮ ਦੇ ਸਹੀ ਅਰਥ ਅਸੀਂ ਭੁਲ ਚੁੱਕੇ ਹਾ, ਆਪਣੇ ਆਪਣੇ ਮਜ਼੍ਹਬ ਨੂੰ ਫੈਲਾਉਣ ਲਈ ਅਸੀਂ ਮਨੁੱਖਤਾ ਦਾ ਘਾਣ ਕਰੀ ਜਾ ਰਹੇ ਹਾ,
ਵੀਰ ਜੀ ਆਪ ਜੀ ਨੇਂ ਸੱਚ ਲਿਖਿਆ ਹੈ।
ਮੰਨਦੇ ਹਾਂ ਜੀ, ਕਿ ਅਸੀਂ ਸਾਰੇ ਭੁੱਲੇ ਹੋਇ ਹਾਂ, ਸਾਰਾ ਸੰਸਾਰ ਵੀ ਭੁੱਲਾ ਹੋਇਆ ਹੈ। ਪਰ ਰੱਬ ਤਾਂ ਭੁੱਲਾ ਹੋਇਆ ਨਹੀਂ ਹੈ। ਅਤੇ ਆਪ ਜੀ ਦੇ ਦੱਸਣ ਅਨੁਸਾਰ ਉਹ ‘ਨਿਰੰਕਾਰੁ` ਇਸ ਜੱਗ (ਸੰਸਾਰ) ਦੇ ਵਿੱਚ ਹੀ ਵੱਸਦਾ ਹੈ। ਅਤੇ ਹਰ ਇਨਸਾਨ ਦੇ ਸਰੀਰ ਦੇ ਅੰਦਰ ਵੱਸਦਾ ਹੈ। ਆਪ ਜੀ ਦੇ ਕਹਿਣ ਅਨੂੰਸਾਰ ਨਿਰੰਕਾਰੁ ਅਤੇ ਸਮੁੱਚੀ ਦੁਨੀਆਂ ਇੱਕ ਹੀ ਹੈ। ਇਹ ਵੀ ਸੱਚ ਹੈ।
ਆਪ ਜੀ ਨੇਂ ਬਾਣੀਂ ਦਾ ਵੀ ਹਵਾਲਾ ਦਿੱਤਾ ਹੈ। ਕਿ
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।
ਅਤੇ ਇਹ ਵੀ ਸੱਚ ਹੈ।
ਪਰ ਸਵਾਲ ਇਹ ਪੈਦਾ ਹੁੰਦਾ ਹੈ,
ਉਹ ਨਿਰੰਕਾਰੁ ਹਰ ਇੱਕ ਮਨੁੱਖ ਦੇ ਸਰੀਰ ਦੇ ਅੰਦਰ ਵੱਸਦਾ ਹੋਣ ਦੇ ਬਾਵਜੂਦ ਹੀ ਉਹ ਨਿਰੰਕਾਰੁ ਸਾਨੂੰ ਸਮਝਾਉਂਦਾ ਕਿਉਂ ਨਹੀਂ, ਸਾਨੂੰ ਜਾਂ ਇਹਨਾਂ ਭੁੱਲੇ ਹੋਇ ਪਾਖੰਡੀਆਂ ਨੂੰ ਸਿੱਧੇ ਰਸਤੇ ਕਿਉਂ ਨਹੀਂ ਲਾਉਂਦਾ? ? ਜਦਿ ਕਿ ਨਿਰੰਕਾਰੁ ਇਹਨਾਂ ਪਾਖੰਡੀਆਂ ਦੇ ਅੰਦਰ ਵੀ ਬਿਰਾਜਮਾਨ ਹੈ। ਇਹ ਕੈਸਾ ਅਚਰਜ ਹੈ।
ਅੱਗੇ ਆਪ ਜੀ ਲਿਖਦੇ ਹੋ, ਕਿ
ਇੱਕ ਮੁਸਲਮਾਨ ਮਰਨ ਤੋਂ ਬਾਦ ਦੀ ਆਪਣੀ ਥਿਊਰੀ ਘੜੀ ਬੈਠਾ ਹੈ, ਹਿੰਦੂ ਆਪਣੀ ਥਿਊਰੀ ਘੜੀ ਬੈਠਾ ਹੈ, 'ਸਿੱਖ 'ਇਸਾਈ 'ਜੈਨੀ 'ਬੋਧੀ ਗੱਲ ਕੀ ਸਾਰੇ ਮਜ਼੍ਹਬ ਮਰਨ ਤੋਂ ਦੀ ਆਪਣੀ ਆਪਣੀ ਹੀ ਥਿਊਰੀ ਘੜੀ ਬੈਠੇ ਹਨ,
ਜਰਾ ਸੋਚੋ ਹਰ ਮਨੁੱਖ ਦਾ 'ਜਮਣਾ 'ਜਿਊਣਾ ਤੇ ਮਰਨਾ ਇੱਕੋ ਜਿਹਾ ਹੈ, ਜੇ 'ਜਮਣ 'ਜਿਊਣ ਤੇ 'ਮਰਨ ਲਈ ਰੱਬ ਦਾ ਕਨੂੰਨ ਹਰ ਜੀਵ ਲਈ ਇੱਕੋ ਜਿਹਾ ਹੈ ਫਿਰ ਮਰਨ ਤੋਂ ਬਾਦ ਰੱਬ ਦਾ ਕਨੂੰਨ ਮਨੁੱਖਤਾ ਲਈ ਬਦਲ ਕਿਉਂ ਜਾਂਦਾ ਹੈ??????
ਇਸ ਤਰਾਂ ਦੀਆਂ ਊਪਰ ਲਿਖੀਆਂ ਚੰਗੀਆਂ ਚੰਗੀਆਂ ਗੱਲਾਂ ਜੋ ਆਪ ਜੀ, ਜਾਂ ਆਪ ਜੀ ਵਰਗੇ ਸੁਹਿਰਦ ਲਿਖਾਰੀ ਦੁਨੀਆਂ ਨੂੰ ਸਮਝਾਉਣ ਦਾ ਜਤਨ ਕਰ ਰਹੇ ਹਨ, ਜਾਂ ਕਰਦੇ ਰਹਿੰਦੇ ਹਨ,
ਇਹ ਸੱਭ ਗੱਲਾਂ "ਨਿਰੰਕਾਰ ਪ੍ਰਮਾਤਮਾਂ` ਖੁਦ ਹੀ ਸਾਨੂੰ ਜਾਂ ਦੁਨੀਆਂ ਨੂੰ ਕਿਉਂ ਨਹੀਂ ਸਮਝਾ ਦੇਂਦਾ? ?
ਜਦ ਕੇ ਉਹ ਸਾਡੇ ਸੱਭ ਤੋਂ ਨੇੜੇ ਤੋਂ ਵੀ ਨੇੜੇ ਵੱਸਦਾ ਹੈ, ਅਤੇ ਸਾਨੂੰ ਸੱਭ ਨੂੰ ਹੀ ਹਰ ਵੱਕਤ ਦੇਖ ਰਿਹਾ ਹੈ। ਅਤੇ ਸੱਭ ਜਗਹਿ ਪਰੀਪੂਰਣ ਹੈ। ਫਿਰ ਵੀ ਉਹ ਸਾਨੂੰ ਗਲਤੀਆਂ ਕਰਨ ਤੋਂ ਰੋਕਦਾ ਕਿਉਂ ਨਹੀਂ?
ਨੇੜੈ ਵੇਖੈ ਸਦਾ ਹਦੂਰਿ।। ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ।। ੩।। ੩੬੩
ਆਪ ਜੀ ਅੱਗੇ ਲਿਖਦੇ ਹੋ
ਅਸਲ ਵਿੱਚ ਨਰਕਾਂ ਦਾ ਡਰ ਤੇ ਸਵਰਗਾਂ ਦਾ ਲਾਲਚ ਧਰਮ ਦੇ ਨਾਮ ਤੇ ਲੁਟਣ ਲਈ ਧਰਮ ਦੇ ਠੇਕੇਦਾਰ ਪੁਜਾਰੀਆਂ ਦਾ ਹੀ ਘੜਿਆ ਹੋਇਆ ਹੈ,
ਮਰਨ ਤੋ ਬਾਦ 'ਸੱਚਖੰਡਿ 'ਸਵਰਗ 'ਜੰਨਤ 'ਵਹਿਸ਼ਤ ਨੂੰ ਜਾਣ ਦੀ ਆਸ ਲਾਣ ਵਾਲਿਓ ਕਿਉਂ ਤੁਸੀਂ ਆਮ ਮਨੁੱਖਤਾ ਦਾ ਜੀਣਾ ਹਰਾਮ ਕੀਤਾ ਪਿਆ ਹੈ? ਕ੍ਰਿਪਾ ਕਰਕੇ ਪਹਿਲਾਂ ਆਪਣੇ ਹਿਰਦੇ ਨੂੰ ਸੱਚਖੰਡਿ ਫਿਰ ਇਸ ਧਰਤੀ ਨੂੰ ਸੱਚਖੰਡਿ ਬਣਾਉਣ ਦੀ ਸੋਚੋ ਤਾਂ ਕਿ ਹੋਰ ਲੋਕ ਵੀ ਸੁਖੀ ਵੱਸ ਸਕਣ ਅਤੇ ਆਪਣੇ ਮਨ ਵੀ ਸ਼ਾਂਤੀ ਹੋ ਸਕਣ,
ਵੀਰ ਜੀ ਇਥੇ ਦੋ ਸਵਾਲ ਪੈਦਾ ਹੁੰਦੇ ਹਨ ਜੀ,
ਇਕ ਤਾਂ ਉਹੀ ਉਪਰ ਵਾਲਾ ਹੀ ਸਵਾਲ ਪੈਦਾ ਹੁੰਦਾ ਹੈ ਜੀ? ਕਿ ਜੋ ਗੱਲ ਧਰਮ ਦੇ ਠੇਕੇਦਾਰਾਂ ਜਾਂ ਪੁਜਾਰੀਆਂ ਨੂੰ ਤੁਸੀਂ ਸਮਝਾਉਣਾਂ ਚਾਹੁੰਦੇ ਹੋ, ਉਹ ਗੱਲ ਨਿਰੰਕਾਰ ਹੀ ਇਹਨਾਂ ਨੂੰ ਕਿਉਂ ਨਹੀਂ ਸਮਝਾ ਦੇਂਦਾ? ? ਜਦਿ ਕਿ ਉਹ ਨਿਰੰਕਾਰ ਸੱਭ ਦੇ ਹੀ ਅੰਦਰ, ਅਤੇ ਨੇੜੇ ਤੋਂ ਨੇੜੇ ਬੈਠਾ ਹੋਇਆ ਹੈ।
ਦੂਜੀ ਗੱਲ ਇਹ ਹੈ ਵੀਰ ਜੀ, ਤੁਸੀਂ ਕਹਿੰਦੇ ਹੋ ਕਿ ਇਹ ਨਰਕਾਂ ਦਾ ਡਰ ਅਤੇ ਸਵਰਗਾਂ ਦਾ ਲਾਲਚ ਆਦੀ ਧਰਮ ਦੇ ਠੇਕੇਦਾਰ ਪੁਜਾਰੀਆਂ ਦਾ ਹੀ ਘੜਿਆ ਹੋਇਆ ਹੈ। ਪਰ ਮੈਂ ਬਾਣੀਂ ਵਿੱਚ ਪੜ੍ਹਿਆ ਹੈ ਕਿ ਨਰਕ ਸਵਰਗ ਸੱਚਖੰਡ ਆਦੀ ਨਿਰੰਕਾਰੁ (ਪ੍ਰਮਾਤਮਾਂ) ਨੇਂ ਆਪ ਹੀ ਬਨਾਏ ਹਨ, ਇਹ ਕਿਸੇ ਪੁਜਾਰੀ ਜਾਂ ਧਰਮ ਦੇ ਕਿਸੇ ਠੇਕੇਦਾਰ ਨੇਂ ਨਹੀਂ ਬਨਾਏ। ਇਹ ਗੱਲ ਦਾਸ ਗੁਰਬਾਣੀਂ ਦਵਾਰਾ ਸਿੱਧ ਕਰੇ ਗਾ ਜੀ।
ਪਰ ਹਾਂ ਇਹ ਗੱਲ ਸੱਚ ਹੈ ਜੀ, ਕੇ ਸਾਰੇ ਹੀ ਪੁਜਾਰੀ ਅਤੇ ਸਾਰੇ ਹੀ ਧਰਮਾਂ ਵਾਲੇ ਜਾਂ ਸੰਤ ਬਾਬੇ, ਸਵਰਗਾਂ ਅਤੇ ਨਰਕਾਂ ਜਾਂ ਚੌਰਾਸੀ ਦੇ ਡਰਾਵੇ ਦੇ ਲੋਕਾਂ ਦਾ ਬਹੁ ਪ੍ਰਕਾਰ ਸ਼ੋਸ਼ਨ ਜਰੂਰ ਕਰ ਰਹੇ ਹਨ।
ਪਰ ਇਥੇ ਵੀ ਉਹੋ ਹੀ ਸਵਾਲ ਪੈਦਾ ਹੁੰਦਾ ਹੈ?
ਕਿ ਨਿਰੰਕਾਰੁ ਪ੍ਰਮਾਤਮਾਂ ਨੇਂ ਲੋਕਾਂ ਨੂੰ ਪੁਜਾਰੀਆਂ ਅਤੇ ਧਰਮਾਂ ਵਾਲਿਆਂ ਦੇ ਰਹਿਮੋਂਕਰਮ ਤੇ ਕਿਉਂ ਛੱਡ ਰੱਖਿਆ ਹੈ, ਉਹ ਅੱਗੇ ਆਕੇ ਲੋਕਾਂ ਦੇ ਡੱਰ ਭਰਮ ਦੂਰ ਕਿਉਂ ਨਹੀਂ ਕਰ ਦੇਂਦਾ? ? ਅਤੇ ਪੁਜਾਰੀ ਆਦੀ ਲੋਕਾਂ ਨੂੰ ਇਸ ਬੁਰਿਆਈ ਕਰਨ ਤੋਂ ਰੋਕਦਾ ਕਿਉਂ ਨਹੀਂ। ਜਦ ਸਾਡੇ ਜਾਂ ਤੁਹਾਡੇ ਵਰਗੇ ਵੀਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਤਾਂ ਨਿਰੰਕਾਰ ਇਸ ਦੀ ਚਿੰਤਾ ਕਿਉਂ ਨਹੀਂ ਕਰਦਾ?
ਆਪ ਜੀ ਨੇਂ ਮਰਨ ਤੋਂ ਬਾਦ ਦੀ ਥਿਊਰੀ ਦੀ ਗੱਲ ਵੀ ਕੀਤੀ ਹੈ।