ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਮੌਤ ਤੋਂ ਬਾਅਦ ਜੂਨਾਂ ਦਾ ਸਿਧਾਂਤ :-
-: ਮੌਤ ਤੋਂ ਬਾਅਦ ਜੂਨਾਂ ਦਾ ਸਿਧਾਂਤ :-
Page Visitors: 2937

-: ਮੌਤ ਤੋਂ ਬਾਅਦ ਜੂਨਾਂ ਦਾ ਸਿਧਾਂਤ :-
 ਸਤਿਨਾਮ ਸਿੰਘ ਮੌਂਟਰੀਅਲ:-
ਗੁਰਮਤਿ ਤੇ ਮਨਮਤਿ ਤੁਹਾਡੀ ਆਪਣੀ ਹੀ ਬਣਾਈ ਹੋਈ ਹੈ, ਤੁਸੀਂ ਗੁਰਬਾਣੀ ਵਿੱਚੋਂ ਇੱਕ ਵੀ ਸ਼ਬਦ ਨਹੀਂ ਦੱਸ ਸਕੇ ਜੋ ਸਰੀਰਕ ਮੌਤ ਤੋਂ ਬਾਦ ਜੂਨਾਂ ਦੀ ਗੱਲ ਕਰਦਾ ਹੋਵੇ,”
 ਜਸਮੀਰ ਸਿੰਘ ਵਿਰਦੀ:- ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ:- ਸ਼ੁਭ ਅਸ਼ੁਭ ਕਰਮਾਨੁਸਾਰ ਜੀਵ ਦਾ ਊਚ ਨੀਚ ਜੂਨਾਂ ਵਿੱਚ ਇੱਕ ਸਰੀਰ ਛੱਡ ਕੇ ਦੂਜੇ ਵਿੱਚ ਪ੍ਰਵੇਸ਼ ਹੋਣਾ, ਆਵਾ-ਗੌਣ (ਆਵਾ-ਗਮਨ) ਤਨਾਸੁਖ ਸੱਦੀਦਾ ਹੈ। ਉਦਾਹਰਣਾਂ-
 “ਏਤੁ ਮੋਹਿ ਫਿਰਿ ਜੂਨੀ ਪਾਹਿ॥ਮੋਹੇ ਲਾਗਾ ਜਮ ਪੁਰਿ ਜਾਹਿ॥” {ਪੰਨਾ 356}
 “ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥” {ਪੰਨਾ 465}
 “ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ॥” {ਪੰਨਾ 866}
 “ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥
  ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ
॥” {ਪੰਨਾ 705}
 {ਮਰਿ ਜਨਮਹਿ ਆਵਹੀ}
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ॥” {ਪੰਨਾ 882}
 (ਇਸ ਪੰਗਤੀ ਦੇ ਵੀ ਗ਼ਲਤ ਅਰਥ ਸਮਝ ਲਏ ਜਾਂਦੇ ਹਨ।‘ਮਨੁ ਤਨੁ ਆਪਣਾ ਥਾਪਣ’ ਦਾ ਮਤਲਬ ਹੈ- ਉਸ ਪਰਮਾਤਮਾ ਤੋਂ ਆਪਣੀ ਵੱਖਰੀ ਹਸਤੀ, ਵੱਖਰੀ ਹੋਂਦ ਸਮਝਣਾ।ਜਿਸ ਨੂੰ ਹਉਮੈ ਕਿਹਾ ਗਿਆ ਹੈ।ਜਿੰਨਾ ਚਿਰ ਮਨੁੱਖ ਦਾ ਹਉਮੈ ਤੋਂ ਛੁਟਕਾਰਾ ਨਹੀਂ ਹੁੰਦਾ ਅਤੇ ਪਰਮਾਤਮਾ ਤੋਂ ਆਪਣੀ ਵੱਖਰੀ ਹਸਤੀ ਸਮਝੀ ਬੈਠਾ ਹੈ, ਓਦੋਂ ਤੱਕ ਉਸ ਪ੍ਰਭੂ ਵਿੱਚ ਸਮਾ ਕੇ ਉਸੇ ਦਾ ਰੂਪ ਹੋਣ ਦੇ ਕਾਬਲ ਨਹੀਂ ਹੁੰਦਾ। ਜਿਵੇਂ ਸਮੁੰਦਰ ਦੀ ਬੂੰਦ ਵਿੱਚ ਕਿਤੋਂ ਹਵਾ ਪ੍ਰਵੇਸ਼ ਕਰ ਗਈ।ਸਮੁੰਦਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ, ਬੁਦਬੁਦੇ ਦੇ ਰੂਪ ਵਿੱਚ ਇਸ ਦੀ ਵੱਖਰੀ ਹੋਂਦ ਕਾਇਮ ਹੋ ਗਈ।ਇਸ ਵਿੱਚੋਂ ਹਵਾ ਨਿਕਲਣ ਤੇ ਇਸ ਦੀ ਵੱਖਰੀ ਹੋਂਦ ਖਤਮ ਹੋ ਜਾਂਦੀ ਹੈ।ਇਹ ਮੁੜ ਸਮੁੰਦਰ ਦੇ ਪਾਣੀ ਵਿੱਚ ਸਮਾਉਣ ਦੇ ਕਾਬਲ ਹੋ ਜਾਂਦੀ ਹੈ। ਉਸੇ ਤਰ੍ਹਾਂ, ਪ੍ਰਭੂ ਦੇ ਹੁਕਮ ਨਾਲ ਮਨੁੱਖ ਹਉਮੈ ਸਹਿਤ ਸੰਸਾਰ ਤੇ ਆਉਂਦਾ ਹੈ
ਹਉਮੈ ਕਰਿ ਕਰਿ ਜੰਤੁ ਉਪਾਇਆ॥“ …
 “ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ
॥ (ਪੰਨਾ 205)”
 ਗੁਰੂ ਦੀ ਸਿਖਿਆ ਲੈ ਕੇ ਇਸ ਨੇ ਹਉਮੈ ਦਾ ਪੜਦਾ ਹਟਾਉਣਾ ਸੀ।ਪਰ ਸੰਸਾਰ ਤੇ ਆ ਕੇ ਦੁਨਿਆਵੀ ਪਦਾਰਥਾਂ ਅਤੇ ਆਰਜ਼ੀ ਰਿਸਤਿਆਂ ਵਿੱਚ ਰੁੱਝਕੇ ਇਹ ਹਉਮੈ ਦਾ ਪਤਲਾ ਜਿਹਾ ਪੜਦਾ ਹਟਾਉਣ ਦੀ ਬਜਾਏ ਹਉਮੈਂ ਦੀ ਹੋਰ ਵੀ ਕਰੜੀ ਕੰਧ ਬਣਾ ਲੈਂਦਾ ਹੈ।ਇਸ ਤਰ੍ਹਾਂ ਇਹ ਹਉਮੈ, ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਣ ਦਾ ਕਾਰਣ ਬਣਦੀ ਹੈ।ਇਸੇ ਨੂੰ –
 “ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ” ਕਿਹਾ ਹੈ।
 ਨੋਟ:- ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਬੂੰਦ ਵਿੱਚੋਂ ਹਵਾ ਸਮਾਪਤ ਹੋ ਗਈ, ਇਹ ਸਮੁੰਦਰ ਵਿੱਚ ਸਮਾ ਗਈ।ਇਸੇ ਤਰ੍ਹਾਂ ਮਨੁੱਖ ਦਾ ਜੀਵਨ ਸਫਰ ਖਤਮ ਹੋਣ ਤੇ ਇਹ ਵੀ ਪ੍ਰਭੂ ਵਿੱਚ ਸਮਾ ਗਿਆ।ਬਲਕਿ ਮਨੁੱਖ ਦਾ ਜੀਵਨ ਸਫਰ ਖਤਮ ਹੋਣ ਤੇ ਇਸ ਦੀ ਹਉਮੈ ਖਤਮ ਨਹੀਂ ਹੁੰਦੀ।ਅਤੇ ਹਉਮੈ ਖਤਮ ਹੋਣ ਤੋਂ ਬਿਨਾ ਇਹ ਪ੍ਰਭੂ ਵਿੱਚ ਸਮਾਉਣ ਦੇ ਕਾਬਲ ਨਹੀਂ ਹੁੰਦਾ। ਮੌਤ ਤੋਂ ਬਾਅਦ ਫੇਰ ਜੀਵਨ ਸੰਬੰਧੀ ਦੇਖੋ ਗੁਰਬਾਣੀ ਦੀਆਂ ਹੋਰ ਉਦਾਹਰਣਾਂ:-
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
 ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ
॥੧॥
 ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥
 ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ
॥੧॥ ਰਹਾਉ ॥
 ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥
 ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ
॥੨॥
 ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥
 ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ
॥੩॥
 ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥
 ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ
॥੪॥੧॥ {ਪੰਨਾ 524}”
 {ਜਦੋਂ ਬਲਦ ਆਦਿ ਵਰਗੀ ਚਾਰ ਪੈਰਾਂ ਵਾਲੀ ਕਿਸੇ ਜੂਨ ਵਿੱਚ ਪਿਆ ਹੋਵੇਂਗਾ ਤਾਂ, ਉਸ ਵਕਤ ਕਿਵੇਂ ਪ੍ਰਭੂ ਦੇ ਗੁਣ ਗਾ ਸਕੇਂਗਾ?)    
  ਹੋਰ ਦੇਖੋ:-
 “ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥੧॥
 ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
 ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
 ਸਾਕਤ ਮਰਹਿ ਸੰਤ ਸਭਿ ਜੀਵਹਿ ॥ ਰਾਮ ਰਸਾਇਨੁ ਰਸਨਾ ਪੀਵਹਿ ॥੩॥
 ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ {ਪੰਨਾ 326}”
 {ਅਸਥਾਵਰ, ਜੰਗਮ, ਕੀਟ, ਪਤੰਗਾ ਵਰਗੀਆਂ ਅਨੇਕਾਂ ਜੂਨਾਂ ਵਿੱਚ ਆਏ}
  ਹੋਰ ਦੇਖੋ:-
 “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥
 ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ
॥੪॥{1273}
 ਮੱਛੀ ਨੇ ਇਸੇ ਜਨਮ ਵਿੱਚ ਕੋਈ ਚੰਗੇ ਮਾੜੇ ਕਰਮ ਨਹੀਂ ਕੀਤੇ ਹਨ, ਜਿਹਨਾਂ ਕਰਕੇ ਉਹ ਸੁਖ ਦੁਖ ਭੋਗਦੀ ਹੈ, ਸੋ ਇਹ ‘ਪੁਰਬਿ ਕਮਾਈ ਹੈ’। ਨੋਟ ਕੀਤਾ ਜਾਵੇ ਕਿ ਅਜੋਕੇ ਕਈ ਵਿਦਵਾਨ ਆਪਣੇ ਹੀ ਅਰਥ ਘੜ ਕੇ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ‘ਪੁਰਬਿ ਜਨਮ’ ਆਦਿ ਵਰਗੇ ਲਫਜ਼, ਇਸੇ ਜਨਮ ਵਿੱਚ ਬੀਤੇ ਸਮੇਂ ਲਈ ਹਨ।ਪਰ ਇਸ ਤੁਕ ਤੇ ਗੌਰ ਕੀਤੀ ਜਾਵੇ, ਮੱਛੀ ਨੇ ਤਾਂ ਇਸੇ ਜਨਮ ਦੇ ਬੀਤੇ ਸਮੇਂ (ਪੁਰਬਿ) ਵਿੱਚ ਵੀ ਕੋਈ ਚੰਗੇ ਮਾੜੇ ਕਰਮ ਨਹੀਂ ਕੀਤੇ।
ਸਤਿਨਾਮ ਸਿੰਘ ਜੀ! ਕੀ ਪਰਮਾਤਮਾ ਇਨਸਾਫ ਕਰਦਾ ਹੈ ਜਾਂ ਬੇ ਇਨਸਾਫੀ? - ਜੇ ਇਨਸਾਫ ਕਰਦਾ ਹੈ ਅਤੇ ਇਸ ਜਨਮ ਤੋਂ ਅੱਗੇ ਪਿੱਛੇ ਕੋਈ ਜਨਮ ਨਹੀਂ।ਇਸ ਜਨਮ ਵਿੱਚ ਕੀਤੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਮੁੱਕ ਜਾਂਦਾ ਹੈ, ਸਾਰੇ ਜੀਵ ਉਸੇ ਦੇ ਪੈਦਾ ਕੀਤੇ ਹਨ।ਜੇ ਇਹਨਾਂ ਸਾਰੀਆਂ ਗੱਲਾਂ ਲਈ ਤੁਹਾਡਾ ਜਵਾਬ **ਹਾਂ** ਹੈ ਤਾਂ:- ਪਰਮਾਤਮਾ ਨੇ ਹੋਰ ਜੂਨਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ? ਮਨੁੱਖ ਨੂੰ ਹੋਰ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਜੂਨਾਂ ਨੂੰ ਮਨੁੱਖ ਜਿੰਨੀ ਸਮਝ ਕਿਉਂ ਨਹੀਂ ਦਿੱਤੀ? ਗੁਰਬਾਣੀ ਫੁਰਮਾਨ ਹੈ:-
 “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
 ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
 ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
 ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ
॥੧॥”
 ਅਰਥ (ਪ੍ਰੋ: ਸਾਹਿਬ ਸਿੰਘ ਜੀ):-
 ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ) । ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ) । ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ । ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ।1।
   ਸਵਿੰਦਰ ਸਿੰਘ ਪਨੇਸਰ (ਸਵਾਲ):-
 ਵਿਰਦੀ ਜੀ..ਆਹ ਉਸ ਦੀ ਮਿਹਰ ਦੀ ਨਜ਼ਰ ਦੀ ਸਮਝ ਨਹੀਂ ਪੈਂਦੀ..ਇਹ ਹਰ ਇਕ ਲਈ ਕਿਉਂ ਨਹੀਂ ਹੈ ਜਦ ਕਿ ਪ੍ਰਮਾਤਮਾ ਤਾਂ ਸਭ ਦਾ ਇਕੋ ਇਕ ਕਰਤਾ ਹੈ..ਇਸ ਤਰਾਂ ਤਾਂ ਉਸ ਦੀ ਨਜ਼ਰ ਕਿਸੇ ਵਲ ਪੂਰੀ ਤੇ ਕਿਸੇ ਵਲ ਨਹੀਂ ..ਦਾ ਹੀ ਪਤਾ ਲਗਦਾ ਹੈ... ?”
 ਜਸਬੀਰ ਸਿੰਘ ਵਿਰਦੀ:-
 ਸ਼ਵਿੰਦਰ ਸਿੰਘ ਜੀ! ਇਹੀ ਤਾਂ ਮੇਰਾ ਸਤਿਨਾਮ ਸਿੰਘ ਮੌਂਟਰੀਅਲ ਨੂੰ ਸਵਾਲ ਸੀ। ਜੇ ਤਾਂ ਹਰ ਇੱਕ ਦੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਮੁੱਕੀ ਜਾਂਦਾ ਹੈ, ਮੰਨੋਗੇ, ਫੇਰ ਤਾਂ ਜਰੂਰ ਇਹ ਲੱਗੇਗਾ ਕਿ ਪਰਮਾਤਮਾ ਦਾ ਨਿਆਂ ਇਨਸਾਫ ਵਾਲਾ ਨਹੀਂ। ਲੱਗੇਗਾ ਕਿ , ਪਤਾ ਨਹੀਂ ਉਸ ਨੇ ਕਿਉਂ ਕਈ ਜੀਵਾਂ ਨੂੰ ਮਨੁੱਖ ਦੀ ਪਨਿਹਾਰੀ ਬਣਾ ਦਿੱਤਾ।ਅਤੇ ਮਨੁੱਖ ਨੂੰ ਹੋਰ ਜੂਨਾਂ ਦੇ ਜੀਵਾਂ ਦਾ ਸਰਦਾਰ ਬਣਾ ਕੇ, ਮਨੁੱਖ ਨੂੰ ਹੋਰ ਜੀਵਾਂ ਨਾਲੋਂ ਵੱਧ ਸੋਝੀ ਦੇ ਕੇ, ਹੋਰ ਜੀਵਾਂ ਨਾਲ ਵਿਤਕਰਾ ਕੀਤਾ ਹੈ। ਪਤਾ ਨਹੀਂ ਕਿਉਂ, ਕਈਆਂ ਤੇ ਮਿਹਰ ਦੀ ਨਜ਼ਰ ਕਰਦਾ ਹੈ, ਕਈਆਂ ਨੂੰ ਦੁਖ ਹੀ ਦੇਈ ਜਾਂਦਾ ਹੈ।ਇਸ ਤਰ੍ਹਾਂ ਉਸ ਦਾ ਇਨਸਾਫ ਵਿਤਕਰੇ ਵਾਲਾ ਲੱਗਦਾ ਹੈ। ਪਰ ਜੇ ਸਾਨੂੰ ਇਹ ਸਮਝ ਆ ਜਾਵੇ ਕਿ- ਹਰ ਜੀਵ ਦੁਖ-ਸੁਖ ਆਪਣੇ ਪਿਛਲੇ ਮਨੁੱਖਾ ਜਨਮ ਵਿੱਚ ਕੀਤੇ ਕਰਮਾਂ ਕਰਕੇ ਭੋਗਦਾ ਹੈ ਤਾਂ ਸਾਨੂੰ ਉਸ ਦਾ ਨਿਆਂ ਵਿਤਕਰੇ ਵਾਲਾ ਬਿਲਕੁਲ ਨਹੀਂ ਲਾਗੇਗਾ।ਫੇਰ ਸਮਝ ਆ ਜਾਵੇਗੀ ਕਿ-
 “ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥” {ਪੰਨਾ 433}—
ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ {ਪੰਨਾ 745}”
 ਜਸਬੀਰ ਸਿੰਘ ਵਿਰਦੀ"


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.