-: ਗੁਰਬਾਣੀ ਵਿਆਕਰਣ ਦੀ ਮਹੱਤਤਾ :-
ਜਿਵੇਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੇ ਸਰੀਰ ਅਤੇ ਇਸ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਪਰ ਸਰੀਰ ਵਿੱਚ ਕਈ ਗੁੱਝੀਆਂ ਅਤੇ ਡੂੰਘੀਆਂ ਗੱਲਾਂ ਐਸੀਆਂ ਹਨ, ਸਾਡੇ ਵਰਗੇ ਆਮ ਬੰਦੇ ਨੂੰ ਇਹਨਾਂ ਬਾਰੇ ਪਤਾ ਨਹੀਂ ਹੁੰਦਾ।ਪਰ ਸਰੀਰ ਦੇ ਮਾਹਰ ਡਾਕਟਰ ਜਾਂ ਵੈਦ ਨੂੰ ਇਸ ਬਾਰੇ ਪੂਰਾ ਗਿਆਨ ਹੁੰਦਾ ਹੈ।ਇਹ ਕੋਈ ਜਰੂਰੀ ਨਹੀਂ ਕਿ ਆਪਣੇ ਸਰੀਰ ਸੰਬੰਧੀ ਹਰ ਡੂੰਘੀ ਗੱਲ ਦਾ ਸਾਨੂੰ ਖੁਦ ਨੂੰ ਵੀ ਗਿਆਨ ਹੋਵੇ ਜਾਂ ਫੇਰ ਅਸੀਂ ਖੁਦ ਵੀ ਡਾਕਟਰ ਹੋਈਏ ਜਾਂ ਡਾਕਟਰ ਬਣੀਏ।ਜਰੂਰਤ ਪੈਣ ਤੇ ਕਿਸੇ ਮਾਹਰ ਡਾਕਟਰ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ।ਪਰ ਇਹ ਸੁਨਿਸ਼ਚਿਤ ਕਰਨਾ ਜਰੂਰੀ ਹੈ ਕਿ ਡਾਕਟਰ ਮਾਹਰ ਹੋਣ ਦੇ ਨਾਲ ਨਾਲ ਇਮਾਨਦਾਰ ਵੀ ਹੋਵੇ।ਐਸਾ ਨਾ ਹੋਵੇ ਕਿ ਡਾਕਟਰ ਮਾਹਰ ਤਾਂ ਹੋਵੇ ਪਰ ਸਵਾਰਥੀ ਪ੍ਰਵਿਰਤੀ ਦਾ ਹੋਵੇ।ਸਵਾਰਥੀ ਪ੍ਰਵਿਰਤੀ ਦਾ ਡਾਕਟਰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਗੁਰਬਾਣੀ ਵਿਆਕਰਣ ਬਾਰੇ ਵੀ ਕੁਝ ਇਸੇ ਤਰ੍ਹਾਂ ਹੀ ਹੈ।ਸਾਰੀ ਗੁਰਬਣੀ, ਵਿਆਕਰਣਕ ਨਿਯਮਾਂ ਅਨੁਸਾਰ ਲਿਖੀ ਗਈ ਹੈ।ਇਸ ਲਈ ਸਹੀ ਅਰਥ ਸਮਝਣ ਲਈ ਗੁਰਬਾਣੀ-ਵਿਆਕਰਣ ਦੀ ਜਾਣਕਾਰੀ ਹੋਣੀ ਵੀ ਜਰੂਰੀ ਹੈ।ਸਾਨੂੰ ਖੁਦ ਜਿੰਨੀ ਵਧ ਤੋਂ ਵਧ ਗੁਰਬਾਣੀ-ਵਿਅਕਰਣ ਦੀ ਜਾਣਕਾਰੀ ਹੋਵੇ, ਚੰਗੀ ਗੱਲ ਹੈ।ਪਰ ਇਹ ਜਰੂਰੀ ਨਹੀਂ ਕਿ ਅਸੀਂ ਖੁਦ ਵੀ ਗੁਰਬਾਣੀ-ਵਿਆਕਰਣ ਦੇ ਮਾਹਰ ਹੋਈਏ।ਜਿਵੇਂ ਸਰੀਰ ਸੰਬੰਧੀ ਕਿਸੇ ਡੂੰਘੀ ਗੱਲ ਬਾਰੇ ਜਾਣਨ ਲਈ ਕਿਸੇ ਮਾਹਰ ਡਾਕਟਰ ਦੀ ਮਦਦ ਲਈ ਜਾ ਸਕਦੀ ਹੈ।ਉਸੇ ਤਰ੍ਹਾਂ ਗੁਰਬਾਣੀ-ਵਿਆਕਰਣ ਸੰਬੰਧੀ ਜਾਣਕਾਰੀ ਲਈ ਵਿਆਕਰਣ ਦੇ ਮਾਹਰ ਕਿਸੇ ਵਿਦਵਾਨ ਤੋਂ ਵੀ ਮਦਦ ਲਈ ਜਾ ਸਕਦੀ ਹੈ।ਪਰ ਇਹ ਸੁਨਿਸ਼ਚਿਤ ਕਰਨਾ ਜਰੂਰੀ ਹੈ ਕਿ ਗੁਰਬਾਣੀ-ਵਿਆਕਰਣ ਦਾ ਮਾਹਰ-ਵਿਦਵਾਨ ਗੁਰਬਾਣੀ/ਗੁਰਮਤਿ ਪ੍ਰਤੀ ਸਵਾਰਥੀ ਨਾ ਹੋ ਕੇ ਇਮਾਨਦਾਰ ਹੋਵੇ।
ਪਰ ਅੱਜ ਕਲ੍ਹ ਦੇ ਕੁਝ ਵਿਆਕਰਣ ਦੇ ਮਾਹਰ ਵਿਦਵਾਨ, ਵਿਆਕਰਣ ਦੀ ਜਾਣਕਾਰੀ ਤਾਂ ਖੂਬ ਰੱਖਦੇ ਹਨ।ਪਰ ਗੁਰਬਾਣੀ-ਗੁਰਮਤਿ ਪ੍ਰਤੀ ਇਮਾਨਦਾਰ ਨਹੀਂ ਹਨ।ਇਹ ਲੋਕ ਗੁਰਬਾਣੀ ਵਿੱਚ ਆਪਣੀ ਸੋਚ ਵਾੜਨ ਲਈ ਕੁਝ ਐਸੇ ਦਾਵ ਪੇਚ ਲੜਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਵਿਆਕਰਣਕ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਕੁਝ ਐਸੇ ਅਰਥ ਘੜ ਦਿੱਤੇ ਜਾਣ, ਜਿਹੜੇ ਇਹਨਾਂ ਦੀ ਆਪਣੀ ਸੋਚ ਮੁਤਾਬਕ ਹੋਣ।ਜਿੱਥੇ ਗੁਰਬਾਣੀ ਅਰਥਾਂ ਨੂੰ ਬਦਲਣ ਦੀ ਗੁੰਜਾਇਸ਼ ਨਹੀਂ ਹੁੰਦੀ ਓਥੇ ਭਾਵਾਰਥਾਂ ਦੇ ਨਾਂ ਤੇ ਜ਼ਬਰਦਸਤੀ ਆਪਣੀ ਸੋਚ ਵਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਇਸ ਤਰ੍ਹਾਂ ਇਹ ਲੋਕ ਵਿਆਕਰਣ ਦੇ ਮਾਹਰ ਹੋਣ ਦੇ ਬਾਵਜੂਦ ਵੀ ਗੁਰਬਾਣੀ ਵਿਆਖਿਆ ਪ੍ਰਤੀ ਨੀਮ ਹਕੀਮ ਸਾਬਤ ਹੋ ਰਹੇ ਹਨ।
ਪ੍ਰੋ: ਸਾਹਿਬ ਸਿੰਘ ਜੀ ਨੇ ਸਾਰੀ ਗੁਰਬਾਣੀ ਦੇ ਵਿਆਕਰਣ-ਨਿਯਮਾਂ ਅਧੀਨ ਅਰਥ ਕੀਤੇ ਹਨ।ਜਿਹਨਾਂ ਦੇ ਠੀਕ ਹੋਣ ਦਾ ਪੂਰੀ ਤਰ੍ਹਾਂ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਪ੍ਰੋ: ਸਾਹਿਬ ਦੀ ਗੁਰਬਾਣੀ/ ਗੁਰਮਤਿ ਪ੍ਰਤੀ ਲਗਨ, ਮਿਹਨਤ ਅਤੇ ਇਮਾਨਦਾਰੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ।ਪਰ ਗੁਰਬਾਣੀ ਵਿੱਚ ਵਰਤੀ ਗਈ ਵਿਆਕਰਣ ਦੇ ਕੁਝ ਨਿਯਮ ਐਸੇ ਹਨ ਕਿ ਉਹਨਾਂ ਨੂੰ ਲਿੰਗ, ਵਚਨ ਅਤੇ ਕਾਲ ਪੱਖੋਂ ਦੋ ਪਾਸੇ ਅਰਥਾਇਆ ਜਾ ਸਕਦਾ ਹੈ।ਬੱਸ ਇਸੇ ਗੱਲ ਦਾ ਫਾਇਦਾ ਉਠਾ ਕੇ ਅੱਜ ਕਲ੍ਹ ਦੇ ਕੁਝ ਵਿਆਕਰਣ ਦੇ ਮਾਹਰ ਆਪਣੀ ਸੋਚ ਨੂੰ ਗੁਰਮਤਿ ਵਿੱਚ ਵਾੜਨ ਦੀ ਕੋਸ਼ਿਸ਼ ਕਰਦੇ ਹਨ।ਇਹੀ ਕਾਰਣ ਹੈ ਕਿ ਇਹਨਾਂ ਅੱਜ ਕਲ੍ਹ ਦੇ ਕੁਝ (ਸਾਰੇ ਨਹੀਂ) ਵਿਆਕਰਣ ਮਾਹਰਾਂ ਦੁਆਰਾ ਕੀਤੇ ਜਾਂਦੇ ਅਰਥਾਂ ਸੰਬੰਧੀ ਉਠੇ ਸਵਾਲਾਂ ਦੇ ਜਵਾਬ ਪੁੱਛਣ ਤੇ ਇਹਨਾਂ ਕੋਲ ਜਵਾਬ ਨਹੀਂ ਹੁੰਦੇ।ਇਸ ਲਈ ਜਵਾਬ ਨਾ ਹੋਣ ਦੀ ਹਾਲਤ ਵਿੱਚ ਮੁੱਦੇ ਤੋਂ ਗੱਲ ਨੂੰ ਹੋਰ ਪਾਸੇ ਲਿਜਾ ਕੇ ਨਵੇਂ ਨਵੇਂ ਸਵਾਲ ਖੜ੍ਹੇ ਕਰਕੇ ਵਿਸ਼ੇ ਨੂੰ ਉਲਝਾਉ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।
ਸੋ ਮੁੱਦੇ ਦੀ ਗੱਲ ਇਹ ਹੈ ਕਿ ਜਰੂਰਤ ਪੈਣ ਤੇ ਗੁਰਬਾਣੀ ਅਰਥਾਂ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਦੀ ਅਤੇ ਵਿਆਕਰਣਕ ਨਿਯਮਾਂ ਨੂੰ ਸਮਝਣ ਲਈ ਜੋਗਿੰਦਰ ਸਿੰਘ ਤਲਵਾੜਾ ਦੀ ਵਿਆਕਰਣ ਤੋਂ ਮਦਦ ਲਈ ਜਾ ਸਕਦੀ ਹੈ।ਯਾਦ ਰਹੇ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਜਿਹੜੇ ਵਿਆਕਰਣ ਨਿਯਮਾਂ ਅਨੁਸਾਰ ਅਰਥ ਕੀਤੇ ਹਨ, ਜਿਥੋਂ ਤੱਕ ਮੈਂ ਸਮਝਦਾ ਹਾਂ, ਜੋਗਿੰਦਰ ਸਿੰਘ ਤਲਵਾੜਾ ਦੀ ਵਿਆਕਰਣ ਵਿੱਚ ਵੀ ਓਹੀ ਨਿਯਮ ਹਨ।ਹੋ ਸਕਦਾ ਕਿਤੇ ਕਿਸੇ ਗੱਲੋਂ ਵਖਰੇਵਾਂ ਵੀ ਹੋਵੇ।ਪਰ ਸਮੂਚੇ ਤੌਰ ਤੇ ਦੇਖਿਆ ਜਾਏ ਤਾਂ ਮੈਨੂੰ ਫਰਕ ਨਜ਼ਰ ਨਹੀਂ ਆਇਆ।ਫਰਕ ਬੱਸ ਏਨਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਜਿਆਦਾਤਰ ਵਿਆਕਰਣ ਨਿਯਮਾਂ ਦੀ ਮੁਢਲੀ ਪਰਿਭਾਸ਼ਾਂ ਨਹੀਂ ਲਿਖੀ।ਇਸ ਕਰਕੇ ਵਿਆਕਰਣ ਤੋਂ ਅਨਜਾਣ ਸੱਜਣਾਂ ਨੂੰ ਡੂੰਘੀ ਗੱਲ ਸਮਝਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ।ਪਰ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਵਿਆਕਰਣ ਦੀ ਹਰ ਗੱਲ, ਹਰ ਪਰਿਭਾਸ਼ਾਂ ਵਿਸਥਾਰ ਨਾਲ ਸਮਝਾਈ ਹੈ ਜੋ ਕਿ ਵਿਆਕਰਣ ਦੀ ਜਾਣਕਾਰੀ ਤੋਂ ਅਨਜਾਣ ਸੱਜਣਾਂ ਲਈ ਸਮਝਣ ਲਈ ਸੌਖੀ ਹੈ। ਜਿੱਥੋਂ ਤੱਕ ਮੈਂ ਮਹਿਸੂਸ ਕੀਤਾ ਹੈ ਕਿ ਅੱਜ ਕਲ੍ਹ ਦੇ ਵਿਆਕਰਣ ਦੇ ਮਾਹਰ, ਪ੍ਰੋ: ਸਾਹਿਬ ਸਿੰਘ ਜੀ ਦੀ ਤਰ੍ਹਾਂ ਇਮਾਨਦਾਰ ਅਤੇ ਸੱਚੇ ਦਿਲੋਂ ਗੁਰਬਾਣੀ/ਗੁਰਮਤਿ ਨੂੰ ਸਮਰਪਤ ਨਹੀਂ ਹਨ।ਜਿਆਦਾਤਰ ਆਪਣੀ ਸੋਚ ਨੂੰ ਹੀ ਗੁਰਮਤਿ ਵਿੱਚ ਵਾੜਨ ਦੀ ਕੋਸ਼ਿਸ਼ ਵਿੱਚ ਹਨ।ਬਾਕੀ ਹਰ ਇੱਕ ਦੀ ਸਮਝ ਆਪਣੀ ਆਪਣੀ ਹੁੰਦੀ ਹੈ।
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਗੁਰਬਾਣੀ ਵਿਆਕਰਣ ਦੀ ਮਹੱਤਤਾ :-
Page Visitors: 3134