ਲਾਵਰਸਾਂ ਲਈ ਮਸੀਹਾ ਪਟਨਾ ਸ਼ਹਿਰ ਦਾ ‘ਗੁਰਮੀਤ ਸਿੰਘ’
ਚੰਡੀਗੜ੍ਹ, 12 ਮਾਰਚ (ਪੰਜਾਬ ਮੇਲ)-ਮਨੁੱਖੀ ਸੇਵਾ ਤੋਂ ਵੱਧ ਕੇ ਕੁਝ ਨਹੀਂ। ਗਰੀਬ, ਬੀਮਾਰ, ਮਜਬੂਰ, ਮਜ਼ਲੂਮ ਅਤੇ ਬੇਸਹਾਰਾ ਲੋਕਾਂ ਦੇ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ, ਕੋਈ ਤੀਰਥ ਨਹੀਂ। ਪਟਨਾ ਸ਼ਹਿਰ ‘ਚ ਰਹਿਣ ਵਾਲੇ ਗੁਰਮੀਤ ਸਿੰਘ ਨੇ ਵੀਹ ਕੂ ਸਾਲ ਪਹਿਲਾਂ ਹੀ ਇਹ ਮੰਤਰ ਜਾਣ ਲਿਆ ਸੀ ਅਤੇ ਮਨੁੱਖੀ ਸੇਵਾ ਹੀ ਆਪਣੇ ਜੀਵਨ ਦਾ ਮਕਸਦ ਬਣਾ ਲਿਆ।
ਗੱਲ ਵੀਹ ਸਾਲ ਪਹਿਲਾਂ ਪਟਨਾ ਸ਼ਹਿਰ ਦੀ ਹੈ ਜਿੱਥੇ ਗੁਰਮੀਤ ਸਿੰਘ ਕਪੜੇ ਦਾ ਵਪਾਰ ਕਰਦੇ ਹਨ। ਇਕ ਦਿਨ ਇਕ ਔਰਤ ਉਨ੍ਹਾਂ ਦੀ ਦੁਕਾਨ ‘ਤੇ ਆਈ, ਕੁਝ ਮਦਦ ਮੰਗਣ। ਉਸ ਨੇ ਇਕ ਨਿਆਣਾ ਚੁੱਕਿਆ ਹੋਇਆ ਸੀ. ਉਹ ਬੱਚਾ ਅੱਗ ਨਾਲ ਸੜ ਗਿਆ ਸੀ ਅਤੇ ਉਸ ਔਰਤ ਕੋਲ ਬੱਚੇ ਦੇ ਇਲਾਜ਼ ਲਈ ਪੈਸੇ ਨਹੀਂ ਸੀ. ਗੁਰਮੀਤ ਸਿੰਘ ਨੇ ਜਦੋਂ ਉਸ ਨੂੰ ਸਾਹਮਣੇ ਹੀ ਬਣੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ਼ ਕਰਾਉਣ ਲਈ ਕਿਹਾ ਤਾਂ ਉਹ ਔਰਤ ਨੇ ਦੱਸਿਆ ਕੇ ਹਸਪਤਾਲ ‘ਚ ਗਰੀਬਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਇਹ ਸੁਣ ਕੇ ਗੁਰਮੀਤ ਸਿੰਘ ਉਸ ਔਰਤ ਦੇ ਨਾਲ ਹੀ ਹਸਪਤਾਲ ਗਏ. ਉੱਥੇ ਜਾ ਕੇ ਉਨ੍ਹਾਂ ਨੇ ਜੋ ਵੇਖਿਆ, ਉਸ ਤੋਂ ਬਾਅਦ ਜੀਵਨ ਪ੍ਰਤੀ ਗੁਰਮੀਤ ਸਿੰਘ ਹੋਰਾਂ ਦੀ ਸੋਚ ਹੀ ਬਦਲ ਗਈ।
ਇਹ ਪਟਨਾ ਸ਼ਹਿਰ ਅੰਦਰ ਇੱਕ ਨੱਬੇ ਸਾਲ ਪੁਰਾਣਾ ਸਰਕਾਰੀ ਹਸਪਤਾਲ ਹੈ ਤੇ ਉਸ 1480 ਬਿਸਤਰਿਆਂ ਵਾਲੇ ਹਸਪਤਾਲ ਅੰਦਰ ਇੱਕ ਲਾਵਰਸ ਮਰੀਜ਼ਾਂ ਦਾ ਵਾਰਡ ਵੀ ਹੈ । ਜਿਸ ਮਰੀਜ਼ ਮਗਰ ਕੋਈ ਨਹੀਂ ਹੁੰਦਾ, ਉਸ ਨੂੰ ਇਸ ਵਾਰਡ ‘ਚ ਸੁੱਟ ਦਿੱਤਾ ਜਾਂਦਾ ਹੈ। ਕੰਧਾਂ ਬਦਹਾਲ, ਫ਼ਰਸ਼ ਉਖੜੀ ਤੇ ਚੂਹਿਆਂ ਦਾ ਰਾਜ, ਇਸ ਵਾਰਡ ਦੀ ਪਹਿਚਾਣ ਹੈ। ਇੱਥੇ ਲਵਾਰਸ ਮਰੀਜ਼ਾਂ ਦਾ ਇਲਾਜ਼ ਵੀ ਲਵਾਰਸਾਂ ਦੀ ਤਰ੍ਹਾਂ ਹੀ ਹੁੰਦਾ ਹੈ. ਕੋਈ ਡਾਕਟਰ ਨਾ ਕੋਈ ਨਰਸ ਪੁੱਛਣ ਆਵੇ. ਨਾਂਹ ਕੋਈ ਦਵਾਈ ਦੇਵੇ ਨਾਂਹ ਹੀ ਕੋਈ ਰੋਟੀ ਦੇਵੇ।
ਜਦੋਂ ਗੁਰਮੀਤ ਸਿੰਘ ਉਸ ਔਰਤ ਦੇ ਨਾਲ ਉਸ ਹਸਪਤਾਲ ‘ਚ ਵੜੇ ਤਾਂ ਵੇਖੀਆਂ ਲਾਵਾਰਸਾਂ ਦੇ ਵਾਰਡ ਵਿੱਚ ਇਕ ਔਰਤ ਬੈਠੀ ਰੋਈ ਜਾਂਦੀ ਸੀ. ਪੁੱਛਣ ‘ਤੇ ਦੱਸਿਆ ਕੇ ਰੇਲ ਗੱਡੀ ਹੇਠਾਂ ਆਉਣ ਕਰਕੇ ਉਸ ਦੇ ਦੋਵੇਂ ਹੱਥ ਕੱਟੇ ਗਏ ਹਨ ਅਤੇ ਹੁਣ ਉਸ ਨੂੰ ਭੁੱਖ ਲੱਗੀ ਹੈ ਪਰ ਵਾਲੇ ਉਸ ਦੇ ਬੈਡ ਕੋਲ ਇਕ ਕੇਲਾ ਅਤੇ ਇਕ ਬ੍ਰੈਡ ਦਾ ਟੁਕੜਾ ਸੁੱਟ ਕੇ ਚਲੇ ਗਏ ਹਨ. ਪਰ ਹੱਥ ਨਾ ਹੋਣ ਕਰਕੇ ਉਹ ਖਾ ਨਹੀਂ ਸਕਦੀ। ਗੁਰਮੀਤ ਸਿੰਘ ਨੇ ਨੇੜੇ ਜਾ ਕੇ ਵੇਖਿਆ ਤਾਂ ਉਸ ਔਰਤ ਦੇ ਜ਼ਖਮਾਂ ‘ਚੋਂ ਖੂਨ ਰਿਸ ਰਿਹਾ ਸੀ ਪਰ ਕੋਈ ਡਾਕਟਰ ਜਾਂ ਨਰਸ ਉਸ ਵੱਲ ਧਿਆਨ ਨਹੀਂ ਸੀ ਦੇ ਰਹੀ।
ਗੁਰਮੀਤ ਸਿੰਘ ਨੇ ਆਪਣੇ ਹੱਥੀਂ ਉਸ ਔਰਤ ਦੇ ਮੁੰਹ ਵਿੱਚ ਬ੍ਰੈਡ ਦੀ ਬੁਰਕੀ ਪਾਈ. ਉਸਨੂੰ ਪਾਣੀ ਵੀ ਪੀਣ ਨੂੰ ਦਿੱਤਾ. ਇਸੇ ਵੇਲੇ ਉਨ੍ਹਾਂ ਨੇ ਧਾਰ ਲਿਆ ਕੇ ਹੁਣ ਅਜਿਹੇ ਬੇਸਹਾਰਾ, ਮਜਬੂਰ, ਗ਼ਰੀਬ ਅਤੇ ਬੀਮਾਰ ਮਨੁੱਖਾਂ ਦੀ ਸੇਵਾ ਕਰਨੀ ਹੈ.
ਉਨ੍ਹਾਂ ਨੇ ਇਕ ਹੋਰ ਮਰੀਜ਼ ਵੇਖਿਆ ਜੋ ਫ਼ਰਸ਼ ‘ਤੇ ਹੀ ਪਿਆ ਸੀ ਕਿਓਂਕਿ ਨਰਸਾਂ ਨੇ ਉਸਨੂੰ ਬਿਸਤਰ ਨਹੀਂ ਦਿੱਤਾ। ਰਾਤ ਨੂੰ ਚੂਹੇ ਉਸਨੂੰ ਵੱਡ ਕੇ ਖਾ ਗਏ. ਗੁਰਮੀਤ ਸਿੰਘ ਦਾ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਨੇ ਆਪਣੇ ਘਰ ਗੱਲ ਕੀਤੀ ਤੇ ਲੋਕਾਂ ਸੀ ਸੇਵਾ ਵਿੱਚ ਲੱਗ ਗਏ।
ਗੁਰਮੀਤ ਸਿੰਘ ਉਹ ਸ਼ਖਸ ਹੈ, ਜੋ ਜਿਊਂਦਾ ਹੀ ਇਨਾਂ ਲਈ ਲਾਵਰਸਾਂ ਲਈ ਹੈ। ਸਾਰਾ ਦਿਨ ਕੱਪੜੇ ਦੀ ਦੁਕਾਨ ‘ਤੇ ਕੰਮ ਕਰਨ ਉਪਰੰਤ ਉਹ ਸਿੱਧਾ ਘਰ ਨਹੀਂ ਜਾਂਦਾ ਬਲਕਿ ਆਪਣੇ ਬਣਾਏ ਮੀਨੂ ਅਨੁਸਾਰ ਉਹ ਲਾਵਰਸ ਮਰੀਜ਼ਾਂ ਲਈ ਪਹਿਲਾਂ ਖਾਣਾ ਲੈ ਕੇ ਜਾਂਦਾ ਹੈ ਤੇ ਫੇਰ ਉਨਾਂ ਨੂੰ ਜਾ ਕੇ ਛਕਾਉਂਦਾ ਹੈ। ਜਿਸ ਦੀਆਂ ਬਾਹਾਂ ਨਹੀਂ, ਉਹਦੇ ਮੂੰਹ ‘ਚ ਆਪ ਬੁਰਕੀਆਂ ਪਾਉਂਦਾ ਹੈ। ਜਿਸ ਨੂੰ ਦਵਾਈ ਦੀ ਲੋੜ ਹੋਵੇ ਉਸ ਨੂੰ ਦਵਾਈ ਲੈ ਕੇ ਦੇਂਦਾ ਹੈ। ਉਹ ਮਰੀਜ਼ਾਂ ਨੂੰ ਇਸ਼ਨਾਨ ਵੀ ਕਰਾਉਂਦਾ ਹੈ ਅਤੇ ਕਪੜੇ ਵੀ ਬਦਲ ਦਿੰਦਾ ਹੈ. ਇਹ ਮਹਾਨ ਕਾਜ ਕੰਮ ਨਿਬੇੜ ਕੇ ਹੀ ਉਹ ਦੇਰ ਰਾਤ ਘਰ ਜਾਂਦਾ ਹੈ ।
ਹੁਣ ਤਾਂ ਚੌਦਾਂ ਸਾਲ ਹੋਗੇ ਉਹ ਕਿਸੇ ਰਿਸ਼ਤੇਦਾਰੀ ਵਿਚ ਵੀ ਇਹ ਸੋਚ ਕੇ ਨਹੀਂ ਗਿਆ ਕਿ ਜੇ ਮੈਂ ਕਿਤੇ ਚਲਾ ਗਿਆ ਤਾਂ ਪਿਛੋਂ ਇਨਾਂ ‘ਇਨਸਾਨੀਅਤ ਦੇ ਰਿਸ਼ਤੇਦਾਰਾਂ’ ਦਾ ਕੀ ਹੋਵੇਗਾ । ਹੁੰਦਾ ਵੀ ਇਹੋ ਹੈ, ਜਦੋਂ ਤਕ ਗੁਰਮੀਤ ਸਿੰਘ ਹਸਪਤਾਲ ਨਹੀਂ ਪਹੁੰਚਦਾ, ਲਵਾਰਸ ਵਾਰਡ ਦੇ ਮਰੀਜ਼ ਦਰਵਾਜ਼ੇ ਵੱਲ ਹੀ ਤੱਕਦੇ ਰਹਿੰਦੇ ਹਨ. ਉਨ੍ਹਾਂ ਨੂੰ ਵੇਖਦਿਆਂ ਹੀ ਲਵਾਰਸ ਵਾਰਡ ਵਿੱਚ ਜਿਵੇਂ ਰੌਨਕ ਆ ਜਾਂਦੀ ਹੈ. ਲਵਾਰਸ ਮਰੀਜ਼ਾਂ ਨੂੰ ਜਿਵੇਂ ਜੀਉਣ ਦਾ ਹੌਸਲਾ ਮਿਲ ਜਾਂਦਾ ਹੈ. ਉਨ੍ਹਾਂ ਦਾ ਰੱਬ ਉਨ੍ਹਾਂ ਦੇ ਸਾਹਮਣੇ ਹੁੰਦਾ ਹੈ।
ਗੁਰਮੀਤ ਸਿੰਘ ਹੋਰੀਂ ਪੰਜ ਭਰਾ ਹਨ ਜੋ ਉਨ੍ਹਾਂ ਦੇ ਨਾਲ ਹੀ ਕਪੜੇ ਦੀ ਦੁਕਾਨ ਸਾੰਭਦੇ ਹਨ. ਉਹ ਆਪਣੀ ਕਮਾਈ ਦਾ ਦਸਵੰਧ (ਕਮਾਈ ਦਾ ਦਸਵਾਂ ਹਿੱਸਾ) ਇਨ੍ਹਾਂ ਲੋਕਾਂ ਦੀ ਸੇਵਾ ਲਈ ਦਿੰਦੇ ਹਨ. ਰਾਤ ਨੂੰ ਦੁਕਾਨ ਤੋਂ ਵੇਲ੍ਹੇ ਹੋ ਕੇ ਗੁਰਮੀਤ ਸਿੰਘ ਮਰੀਜ਼ਾਂ ਲਈ ਫ਼ਲ, ਬਿਸਕੁਟ, ਦਵਾਈਆਂ ਅਤੇ ਖਾਣਾ ਲੈ ਕੇ ਹਸਪਤਾਲ ਪਹੁੰਚਦੇ ਹਨ. ਉਹ ਰੋਟੀ ਅਤੇ ਕੜ੍ਹੀ ਲੈ ਕੇ ਜਾਂਦੇ ਹਨ. ਆਪਣੇ ਹੱਥੀਂ ਰੋਟੀ ਵਰਤਾਉਂਦੇ ਹਨ. ਜਿਨ੍ਹਾਂ ਮਰੀਜ਼ਾਂ ਦੇ ਹੱਥ ਨਹੀਂ ਹਨ ਉਨ੍ਹਾਂ ਦੇ ਮੁੰਹ ਵਿੱਚ ਆਪ ਬੁਰਕੀਆਂ ਪਾਉਂਦੇ ਹਨ.ਅੱਜ ਪਟਨੇ ਵਿਚ ਕਿਹਾ ਜਾਂਦਾ ਹੈ ; ਜਿਸ ਦਾ ਕੋਈ ਨਹੀਂ, ਉਸ ਦਾ ਗੁਰਮੀਤ ਸਿੰਘ ਹੈ।
.................................................
ਟਿੱਪਣੀ :- ਇਹੀ ਉਸ ਖਾਲਸਾ ਰਾਜ(ਬੇਗਮ-ਪੁਰਾ) ਦਾ ਨੀਂਹ-ਪੱਥਰ ਹੈ, ਜਿਹੜਾ ਖਾਲਸਾ ਰਾਜ, ਸਿੱਖਾਂ ਦੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੈ। ਇਸ ਰਾਜ ਨੂੰ ਬਨਾਉਣ ਦਾ ਖਾਕਾ ‘ਸਰਬੱਤ-ਖਾਲਸਾ’ ਨੇ ਉਲੀਕਣਾ ਹੈ। ਜ਼ਰਾ ਸੋਚੋ ਸਰਬੱਤ-ਖਾਲਸਾ ਕਿਹੋ ਜਿਹਾ ਹੋਣਾ ਚਾਹੀਦਾ ਹੈ ? ਸਰਬੱਤ-ਖਾਲਸਾ ਦਾ ਮਜ਼ਾਕ ਨਾ ਬਣਾਉ, ਇਸ ਦਾ ਵਿਧਾਨ ਬਨਾਉਣ ਲਈ ਭਾਵੇਂ 10-20 ਸਾਲ ਲੱਗ ਜਾਣ, ਪਰ ਔਝੜੇ ਪੈਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ।
ਅਮਰ ਜੀਤ ਸਿੰਘ ਚੰਦੀ