ਕਾਂਗਰਸ ਤੋਂ ਨਾਰਾਜ ਹੰਸ ਰਾਜ ਹੰਸ ਨੇ ਆਪਣੇ ਦਿਲ ਦਾ ”ਦੁੱਖ ਬੋਲ ਕੇ ਦੱਸਿਆ”
ਜਲੰਧਰ, 11 ਮਾਰਚ (ਪੰਜਾਬ ਮੇਲ)- ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ’ ਗਾਣੇ ਨਾਲ ਪੰਜਾਬੀਆਂ ਦੇ ਦਿਲਾਂ ‘ਚ ਰਾਜ ਕਰਨ ਵਾਲੇ ਪੰਜਾਬੀ ਸੂਫੀ ਗਾਇਕ ਨੂੰ ਆਪਣਾ ਦੁੱਖ ਉਸ ਸਮੇਂ ਕਾਂਗਰਸ ਨੂੰ ਬੋਲ ਕੇ ਦੱਸਣਾ ਪਿਆ ਜਦੋਂ ਪਾਰਟੀ ਨੇ ਰਾਜ ਸਭਾ ਦੇ ਉਮੀਦਵਾਰ ਲਈ ਉਨ੍ਹਾਂ ਦਾ ਨਾਂ ਅੱਗੇ ਲਿਆਉਣ ਤੋਂ ਬਾਅਦ ਬਿਲਕੁਲ ਪਿੱਛੇ ਧੱਕ ਦਿੱਤਾ।
ਇਸ ਤੋਂ ਬਾਅਦ ਕਾਂਗਰਸ ਤੋਂ ਖਫ਼ਾ-ਖਫ਼ਾ ਹੋਏ ਹੰਸ ਰਾਜ ਨੇ ਕਿਹਾ ਕਿ ਪਾਰਟੀ ਦੇ ਕੁਝ ਨੇਤਾਵਾਂ ਦੇ ਦਬਾਅ ਕਾਰਨ ਕਾਂਗਰਸ ਹਾਈ ਕਮਾਨ ਵਲੋਂ ਇਹ ਫੈਸਲਾ ਲਿਆ ਗਿਆ ਹੈ। ਹੰਸ ਰਾਜ ਹੰਸ ਨੇ ਦੱਸਿਆ ਕਿ ਉਹ 5 ਮਾਰਚ ਨੂੰ ਇੰਗਲੈਂਡ ਚਲੇ ਗਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਵਾਪਸ ਬੁਲਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਰਾਜ ਸਭਾ ਟਿਕਟ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਂ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਦਿ ਧਰਮੀ ਸਮਾਜ ਦੇ ਲੋਕ ਉਨਾ ਹੀ ਪਿਆਰ ਕਰਦੇ ਹਨ, ਜਿੰਨਾ ਕਿ ਮਜ਼ਬੀ ਅਤੇ ਵਾਲਮੀਕੀ ਸਿੱਖ ਅਤੇ ਉਨ੍ਹਾਂ ਦਾ ਰਾਜ ਸਭਾ ‘ਚ ਜਾਣਾ ਸਾਰਿਆ ਦਾ ਸਨਮਾਨ ਸੀ ਪਰ ਫੈਸਲਾ ਬਦਲਵਾ ਕੇ ਸਿਰਫ ਉਨ੍ਹਾਂ ਦਾ ਹੀ ਨਹੀਂ, ਸਗੋਂ ਕੌਮ ਦਾ ਵੀ ਮਜ਼ਾਕ ਉਡਾਇਆ ਗਿਆ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਟਿਕਟ ਦੀ ਮੰਗ ਹੀ ਨਹੀਂ ਕੀਤੀ ਸੀ, ਸਗੋਂ ਉਹ ਕਾਂਗਰਸ ‘ਚ ਆ ਕੇ ਵੱਖਰੀ ਤਰ੍ਹਾਂ ਦੀ ਸਿਆਸੀ ਸੇਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਮਾਜ ‘ਚੋਂ ਜਾਤ-ਪਾਤ ਦਾ ਭੇਦਭਾਵ ਮਿਟਾਇਆ ਜਾ ਸਕੇ।
ਹੰਸ ਰਾਜ ਹੰਸ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਸਾਰੇ ਦਲਿਤ ਆਗੂ ਇਕੱਠੇ ਹੋ ਕੇ ਸੋਨੀਆ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ਦੀ ਜਾਤ ਕਰਕੇ ਹੀ ਟਿਕਟ ਕਟਵਾ ਦਿੱਤੀ ਗਈ, ਜਿਸ ਨਾਲ ਵਾਲਮੀਕੀ ਭਾਈਚਾਰੇ ‘ਚ ਗਲਤ ਸੁਨੇਹਾ ਗਿਆ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਾਰਟੀ ‘ਚ ਸ਼ਾਮਲ ਹੁੰਦੇ ਸਮੇਂ ਹੀ ਕਿਹਾ ਸੀ ਕਿ ਉਹ ਚੋਣਾਂ ਨਹੀਂ ਲੜਨਗੇ, ਸਿਰਫ ਪ੍ਰਚਾਰ ਕਰਨਗੇ ਅਤੇ ਕੈਪਟਨ ਉਨ੍ਹਾਂ ਨੂੰ ਪਾਰਟੀ ‘ਚ ਲਿਆਏ ਹੀ ਲੋਕਾਂ ਦੇ ਦਿਲ ਜੋੜਨ ਲਈ ਸਨ ਪਰ ਕੁਝ ਨੇਤਾਵਾਂ ਨੂੰ ਸ਼ਾਇਦ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ।