ਜਦੋਂ ਕਰੋੜ ਦੀ ਲਾਟਰੀ ਜੇਤੂ ਨੇ ਕੱਟੀ ਰਾਤ ਥਾਣੇ ‘ਚ
ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)-ਗਰੀਬ ਮਜ਼ਦੂਰ ਨੂੰ ਇੱਕ ਕਰੋੜ ਦੀ ਲਾਟਰੀ ਕੀ ਨਿਕਲੀ, ਡਰ ਨੇ ਉਸ ਨੂੰ ਥਾਣੇ ‘ਚ ਰਾਤ ਕੱਟਣ ਲਈ ਮਜਬੂਰ ਕਰ ਦਿੱਤਾ। ਸੋਚ ਤੋਂ ਵੱਧ ਪੈਸਾ ਲਾਟਰੀ ਰਾਹੀਂ ਜਿੱਤਣ ਵਾਲੇ ਗਰੀਬ ਨੂੰ ਰਕਮ ਦੇ ਨਾਲ ਆਪਣੀ ਸੁਰੱਖਿਆ ਲਈ ਪੁਲਿਸ ਦੀ ਮਦਦ ਲੈਣੀ ਪਈ। ਮਾਮਲਾ ਕੇਰਲ ਦੇ ਚੇਵਾਯੋਰ ਜ਼ਿਲ੍ਹੇ ਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦਾ ਰਹਿਣ ਵਾਲਾ ਮੋਫੀਜੁਲ ਰਹੀਮ ਸ਼ੇਖ ਨਾਮੀ 22 ਸਾਲਾ ਨੌਜਵਾਨ ਰੋਜੀ-ਰੋਟੀ ਦੀ ਤਲਾਸ਼ ‘ਚ ਕੇਰਲ ਜਾ ਪਹੁੰਚਿਆ। ਇੱਥੇ ਉਹ ਇੱਕ ਨਿਰਮਾਣ ਕੰਪਨੀ ‘ਚ ਕੰਮ ਕਰਨ ਲੱਗਾ। ਇੱਕ ਦਿਨ ਉਸ ਨੇ 50 ਰੁਪਏ ਦੀ ਲਾਟਰੀ ਖਰੀਦੀ, ਪਰ ਸ਼ਾਇਦ ਇਹ ਕਦੇ ਨਹੀਂ ਸੋਚਿਆ ਸੀ ਕਿ ਲਾਟਰੀ ਤੋਂ ਉਸ ਨੂੰ ਇੱਕ ਕਰੋੜ ਦਾ ਇਨਾਮ ਨਿਕਲ ਆਏਗਾ।
ਜਦ ਰਹੀਮ ਸ਼ੇਖ ਨੂੰ ਪਤਾ ਲੱਗਾ ਕਿ ਉਸ ਨੂੰ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੇ ਲਈ ਖੁਦ ਦੀ ਸੁਰੱਖਿਆ ਇੱਕ ਵੱਡਾ ਸਵਾਲ ਬਣ ਗਈ। ਜਦ ਕੋਈ ਹੋਰ ਰਸਤਾ ਨਜ਼ਰ ਨਾ ਆਇਆ ਤਾਂ ਉਹ ਸਿੱਧਾ ਚੇਵਾਯੋਰ ਜ਼ਿਲ੍ਹੇ ਦੇ ਸਥਾਨਕ ਪੁਲਿਸ ਥਾਣੇ ਜਾ ਪਹੁੰਚਿਆ। ਪੁਲਿਸ ਨੂੰ ਪੂਰੀ ਕਹਾਣੀ ਦੱਸੀ ਤਾਂ ਤੁਰੰਤ ਸੁਰੱਖਿਆ ਵੀ ਮਿਲੀ। ਸ਼ੇਖ ਦੇ ਕਹਿਣ ‘ਤੇ ਪੁਲਿਸ ਨੇ ਉਸ ਨੂੰ ਪੂਰੀ ਰਾਤ ਥਾਣੇ ‘ਚ ਰੱਖਿਆ। ਅਗਲੀ ਸਵੇਰ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਨਾਲ ਜਾ ਕੇ ਬੈਂਕ ‘ਚ ਖਾਤਾ ਖੁੱਲ੍ਹਵਾਇਆ ਰਕਮ ਬੈਂਕ ‘ਚ ਟਰਾਂਸਫਰ ਕਰਵਾਈ।
ਲਾਟਰੀ ਦੀ ਰਕਮ ਬੈਂਕ ‘ਚ ਜਮਾਂ ਕਰਵਾਉਣ ਤੋਂ ਬਾਅਦ ਰਹੀਮ ਸ਼ੇਖ ਆਪਣੇ ਘਰ ਵਾਪਸ ਪਰਤ ਗਿਆ। ਹੁਣ ਉਹ ਨਵਾਂ ਘਰ ਬਣਾਉਣ ਦੇ ਨਾਲ ਨਾਲ ਆਪਣਾ ਕਾਰੋਬਾਰ ਵੀ ਚਲਾਉਣਾ ਚਾਹੁੰਦਾ ਹੈ।
.................................................
ਟਿੱਪਣੀ:- ਜੇ ਉਹ ਪੰਜਾਬ ਦੇ ਥਾਣੇ, ਜਾਂ ਬਾਦਲ ਕੋਲ ਗਿਆ ਹੁੰਦਾ, ਫਿਰ ਕੀ ਹੁੰਦਾ ? ਨਾ ਰਹਿੰਦਾ ਬਾਂਸ, ਨਾ ਵੱਜਦੀ ਬਾਂਸਰੀ । ਪੰਜਾਬ ਵਾਲਿਆਂ ਨੂੰ ਇਸ ਬਾਰੇ ਸੋਚਣਾ ਬਣਦਾ ਹੈ।
ਅਮਰ ਜੀਤ ਸਿੰਘ ਚੰਦੀ