ਇਰਾਕ ‘ਚ ਫਸੇ 40 ਭਾਰਤੀ ਜ਼ਿੰਦਾ – ਸੁਸ਼ਮਾ ਸਵਰਾਜ
ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਇਰਾਕ ‘ਚ ਇਸਲਾਮਕ ਸਟੇਟ (ਆਈ.ਐਸ.) ਦੇ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ 40 ਭਾਰਤੀ ਜਿਉਂਦੇ ਹਨ ਤੇ ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਰਾਕ ‘ਚ 40 ਭਾਰਤੀ ਫਸੇ ਹੋਏ ਹਨ। ਇਨ੍ਹਾਂ ‘ਚੋਂ ਹਰਜੀਤ ਮਸੀਹ ਨਾਂ ਦੇ ਪੰਜਾਬੀ ਨੇ ਭਾਰਤ ਆ ਕੇ ਦਾਅਵਾ ਕੀਤਾ ਸੀ ਕਿ ਇਰਾਕ ‘ਚ ਸਾਰੇ ਭਾਰਤੀ ਮਾਰ ਦਿੱਤੇ ਗਏ ਹਨ।
ਅੱਜ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਸ਼ੁਸਮਾ ਸਵਰਾਜ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਬਹੁਤ ਪਹਿਲਾਂ ਛੁਡਵਾ ਸਕਦੀ ਸੀ ਪਰ ਉਹ ਅੱਤਵਾਦੀਆਂ ਦੀ ਹਿਰਾਸਤ ‘ਚ ਸਨ। ਉਨ੍ਹਾਂ ਕਿਹਾ, “ਮੈਂ ਪੂਰੇ ਵਿਸਵਾਸ਼ ਨਾਲ ਕਹਿੰਦੀ ਹਾਂ ਕਿ ਉਨ੍ਹਾਂ ਲੋਕਾਂ ਦੀ ਮੌਤ ਨਹੀਂ ਹੋਈ ਹੈ।” ਉਨ੍ਹਾਂ ਕਿਹਾ, “ਅਸੀਂ ਮਸੀਹ ਦੇ ਬਿਆਨਾਂ ‘ਤੇ ਵਿਸਵਾਸ਼ ਨਹੀਂ ਕਰਦੇ ਹਾਂ ਤੇ ਇਸੇ ਲਈ ਅਸੀਂ ਲਗਾਤਾਰ ਉਨ੍ਹਾਂ ਦੀ ਭਾਲ ‘ਚ ਹਾਂ।”
ਸਵਰਾਜ ਨੇ ਕਿਹਾ ਕਿ ਅਰਬ ਦੇਸ਼ਾਂ ‘ਚ ਹੋਈ 15 ਮੰਤਰੀਆਂ ਦੀ ਕਾਨਫਰੰਸ ‘ਚ ਉਨ੍ਹਾਂ ਨੇ ਹਿੱਸਾ ਲਿਆ ਸੀ ਤੇ ਦੋ ਵੱਡੇ ਦੇਸਾਂ ਦੇ ਮੁਖੀਆਂ ਨੇ ਕਿਹਾ ਹੈ ਕਿ ਭਾਰਤੀ ਜ਼ਿੰਦਾ ਹਨ। ਅੱਜ ਸੰਸਦ ‘ਚ ਕਈ ਪਾਰਟੀਆਂ ਦੇ ਆਗੂਆਂ ਨੇ ਸੁਸ਼ਮਾ ਸਵਰਾਜ ਦੀ ਵਿਦੇਸ਼ੀ ‘ਚ ਭਾਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਮਦਦ ਲਈ ਪ੍ਰਸੰਸਾ ਕੀਤੀ ਹੈ। ਆਮ ਆਦਮੀ ਪਾਰਟੀ ਤੇ ਬੀਜੇਡੀ ਦੇ ਲੋਕ ਸਭਾ ਮੈਂਬਰਾਂ ਨੇ ਕਿਹਾ ਹੈ ਕਿ ਸੁਸ਼ਮਾ ਸਵਰਾਜ ਵਿਦੇਸ਼ਾਂ ‘ਚ ਫਸੇ ਨੌਜਵਾਨਾਂ ਦੀ ਮਦਦ ਕਰਦੇ ਹਨ।
ਦੱਸਣਯੋਗ ਹੈ ਇਰਾਕ ‘ਚ ਫਸੇ ਭਾਰਤੀਆਂ ਬਾਰੇ ਹਰਜੀਤ ਮਸੀਹ ਤੇ ਬੰਗਲਾਦੇਸੀਆਂ ਨੇ ਸੁਸ਼ਮਾ ਸਵਰਾਜ ਤੋਂ ਉਲਟ ਖੁਲਾਸੇ ਕੀਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਜੀਤ ਮਸੀਹ ਦੇ ਭੱਜਣ ਵਾਲੀ ਰਾਤ ਹੀ ਸਾਰੇ ਭਾਰਤੀਆਂ ਨੂੰ ਆਈ ਐਸ ਵੱਲੋਂ ਮਾਰ ਦਿੱਤਾ ਗਿਆ ਸੀ।