ਸਿਹਤ ਮੰਤਰੀ ਦੇ ਜੱਦੀ ਹਲਕੇ ਵਿੱਚ ਸ਼ਰਾਬ ਵਿਕ ਰਹੀ ਮੂੰਗਫਲੀ ਤੇ ਰਿਓੜੀਆਂ ਦੀ ਤਰ੍ਹਾਂ
ਫਾਜ਼ਿਲਕਾ, 6 ਮਾਰਚ (ਪੰਜਾਬ ਮੇਲ)- ਸ਼ਰਾਬ ਨੂੰ ਨਸ਼ਾ ਨਾ ਮੰਨਣ ਦਾ ਬਿਆਨ ਦੇਣ ਵਾਲੇ ਪੰਜਾਬ ਦੇ ਸਿਹਤ ਮੰਤਰੀ ਦੇ ਜੱਦੀ ਹਲਕੇ ਫਾਜ਼ਿਲਕਾ ਵਿੱਚ ਸ਼ਰਾਬ ਹੁਣ ਮੂੰਗਫਲੀ ਤੇ ਰਿਓੜੀਆਂ ਦੀ ਤਰ੍ਹਾਂ ਨੈਸ਼ਨਲ ਹਾਈਵੇ ਉਤੇ ਆਮ ਵਿਕਣੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਸਾਰੇ ਦੇਸ਼ ਅੰਦਰ ਗਰਮਾਇਆ ਹੋਇਆ ਹੈ, ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋਣ ਨਾਲ ਸੁਰੱਖਿਆ ਫੋਰਸਾਂ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਗਈ ਹੈ, ਪੰਜਾਬੀ ਨੌਜਵਾਨ ਸਰੀਰਕ ਪੱਖੋਂ ਪਹਿਲੀਆਂ ਪੀੜ੍ਹੀਆਂ ਤੋਂ ਕਮਜ਼ੋਰ ਜਾਪਦੇ ਤੇ ਨਸ਼ੇ ਖਿਲਾਫ ਸਮਾਜਕ ਤੇ ਸਿਆਸੀ ਆਗੂ ਰੌਲਾ ਪਾਉਂਦੇ ਹਨ। ਦੂਜੇ ਪਾਸੇ ਸ਼ਰਾਬ ਦਾ ਖੁੱਲ੍ਹੇਆਮ ਵਿਕਣਾ ਸ਼ੁਰੂ ਹੋ ਗਿਆ ਹੈ।
ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਨੈਸ਼ਨਲ ਹਾਈਵੇ ‘ਤੇ ਠੇਕੇ ਖੋਲ੍ਹਣ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਫਿਰ ਵੀ ਜਿਸ ਸੜਕ ਉੱਤੇ ਖੁੱਲ੍ਹੇ ਆਮ ਸ਼ਰਾਬ ਟੇਬਲਾਂ ਉੱਤੇ ਰੱਖ ਕੇ ਵੇਚੀ ਜਾ ਰਹੀ ਦਿਖਾਈ ਦੇਂਦੀ ਹੈ, ਉਸ ਸੜਕ ਤੋਂ ਸਿਵਲ, ਪੁਲਸ ਤੇ ਸਿਆਸੀ ਆਗੂਆਂ ਦੇ ਵੀ ਆਈ ਪੀ ਕਾਫਲੇ ਅੱਖਾਂ ਬਚਾ ਕੇ ਲੰਘ ਜਾਂਦੇ ਹਨ। ਕਿਸੇ ਪੁਲਸ ਜਾਂ ਸਿਵਲ ਅਫਸਰ ਦੇ ਨਜ਼ਰੀਂ ਇਹ ਸਟਾਲ ਨਹੀਂ ਪੈਂਦੇ।