ਹਿਲੇਰੀ ਨੇ ਦੱਖਣੀ ਕੈਰੋਲੀਨਾ ਵਿੱਚ ਸੈਂਡਰਜ਼ ਨੂੰ ਮਧੋਲਿਆ
ਕੋਲੰਬੀਆ, 28 ਫਰਵਰੀ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਵਿੱਚ ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਹਿਲੇਰੀ ਕਲਿੰਟਨ ਨੇ ਅੱਜ ਆਪਣੇ ਵਿਰੋਧੀ ਬਰਨੀ ਸੈਂਡਰਜ਼ ਨੂੰ ਮਧੋਲ ਕੇ ਰਾਸ਼ਟਰਪਤੀ ਦੇ ਅਹੁਦੇ ਲਈ ਪਾਰਟੀ ਵੱਲੋਂ ਉਮੀਦਵਾਰ ਬਣਨ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਹੁਣ ਉਹ ਮੰਗਲਵਾਰ ਨੂੰ ਹੋਣ ਵਾਲੇ ‘ਮਹਾਮੁਕਾਬਲੇ’ ਦੀ ਤਿਆਰੀ ਵਿੱਚ ਜੁਟ ਗਏ ਹਨ। ਇਸ ਦਿਨ ਗਿਆਰਾਂ ਸੂਬਿਅਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਹੈ। ਦੱਖਣੀ ਕੈਰੋਲੀਨਾ ਪ੍ਰਾਇਮਰੀ ਵਿੱਚ ਹਿਲੇਰੀ ਨੇ ਤਕਰੀਬਨ 50 ਫ਼ੀਸਦ ਅੰਕਾਂ ਨਾਲ ਸੈਂਡਰਜ਼ ਨੂੰ ਹਰਾਇਆ। ਉਨ੍ਹਾਂ ਨੂੰ ਅਫਰੀਕੀ ਮੂਲ ਦੇ 70 ਫ਼ੀਸਦ ਅਮਰੀਕੀ ਵੋਟਰਾਂ ਦੀ ਹਮਾਇਤ ਹਾਸਲ ਹੋਈ ਹੈ। ਇਹ ਉਹ ਸੂਬਾ ਹੈ, ਜਿਥੇ ਅੱਠ ਸਾਲ ਪਹਿਲਾਂ ਸਿਆਹਫਾਮ ਵੋਟਰਾਂ ਨੇ ਬਰਾਕ ਓਬਾਮਾ ਨਾਲ ਟਕਰਾ ਰਹੀ ਹਿਲੇਰੀ ਨੂੰ ਤਕਰੀਬਨ ਅੱਖੋਂ ਓਹਲੇ ਕਰ ਦਿੱਤਾ ਸੀ।
ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਨੂੰ ਪ੍ਰਾਇਮਰੀ ਚੋਣਾਂ ਵਿੱਚ ਉਤਰਾਅ-ਚਡ਼੍ਹਾਅ ਦਾ ਸਾਹਮਣਾ ਕਰਨਾ ਪਿਆ। ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਵਿੱਚ ਉਹ ਸੈਂਡਰਜ਼ ਹੱਥੋਂ ਹਾਰ ਗਈ ਸੀ ਜਦੋਂ ਕਿ ਆਇਓਵਾ ਵਿੱਚ ਹਿਲੇਰੀ ਮੁਸ਼ਕਲ ਨਾਲ ਜਿੱਤੀ ਸੀ। ਇਸ ਹਫ਼ਤੇ ਨੇਵਾਡਾ ਵਿੱਚ ਡੈਮੋਕ੍ਰੈਟਿਕ ਕਾਕਸ ਵਿੱਚ ਹਿਲੇਰੀ ਨੇ ਪੰਜ ਫ਼ੀਸਦ ਅੰਕਾਂ ਨਾਲ ਨਿਰਣਾਇਕ ਜਿੱਤ ਦਰਜ ਕੀਤੀ ਸੀ। ਅੱਜ ਦੀ ਜਿੱਤ ਨਾਲ ‘ਸੁਪਰ ਟਿਊਜ਼ਡੇਅ’ ਤੋਂ ਪਹਿਲਾਂ 68 ਸਾਲਾ ਹਿਲੇਰੀ ਨੂੰ ਫੈਸਲਾਕੁਨ ਲੀਡ ਮਿਲ ਗਈ ਹੈ। ਹਿਲੇਰੀ ਨੇ ਕਿਹਾ, ‘ਭਲਕੇ, ਇਹ ਮੁਹਿੰਮ ਕੌਮੀ ਹੋ ਰਹੀ ਹੈ।ਅਸੀਂ ਹਰ ਸੂਬੇ ਵਿੱਚ ਹਰੇਕ ਵੋਟ ਲਈ ਮੁਕਾਬਲਾ ਕਰਨ ਜਾ ਰਹੇ ਹਾਂ। ਅਸੀਂ ਕੋਈ ਢਿੱਲ ਨਹੀਂ ਵਰਤਾਂਗੇ।
ਦੱਖਣੀ ਕੈਰੋਲੀਨਾ ਪ੍ਰਾਇਮਰੀ ਵਿੱਚ ਹਿਲੇਰੀ ਨੂੰ 73.5 ਫ਼ੀਸਦ ਵੋਟਾਂ ਮਿਲੀਅਾਂ ਹਨ ਜਦੋਂ ਕਿ ਸੈਂਡਰਜ਼ ਮਹਿਜ਼ 26 ਫ਼ੀਸਦ ਵੋਟਾਂ ਹੀ ਹਾਸਲ ਕਰ ਸਕੇ। ਰਾਜਸੀ ਮਾਹਿਰਾਂ ਮੁਤਾਬਕ ਹਿਲੇਰੀ ਨੂੰ ਮਿਲੇ ਸਿਆਹਫਾਮ ਵੋਟਰਾਂ ਦੇ ਸਮਰਥਨ ਨੂੰ ਦੇਖਦਿਅਾਂ ਇਹ ਕਿਹਾ ਜਾ ਸਕਦਾ ਹੈ ਕਿ ਅਲਬਾਮਾ, ਟੈਕਸਸ ਅਤੇ ਜੌਰਜੀਅਾ ਸਮੇਤ ਹੋਰ ਸੂਬਿਅਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ। -ਪੀਟੀਆਈ