ਅਜ "ਸਿੱਖ ਰਹਿਤ ਮਰਿਯਾਦਾ" ਬਾਰੇ ਅੱਡ ਅੱਡ ਨਹੀ, ਕੇਵਲ "ਇਕ ਸੋਚ" ਦੀ ਜਰੂਰਤ ਹੈ।
ਅਜ ਪੰਥ ਦੇ ਬਹੁਤ ਸਾਰੇ ਵਿਦਵਾਨ ਤੇ ਲਿਖਾਰੀ "ਸਿੱਖ ਰਹਿਤ ਮਰਿਯਾਦਾ" ਬਾਰੇ ਚਰਚਾ ਤੇ ਲੇਖ ਆਦਿਕ ਲਿਖਦੇ ਆ ਰਹੇ ਨੇ।ਇਹ ਸੁਭਾਵਿਕ ਵੀ ਹੈ ਕਿਉਕੇ ਸਿੱਖ ਰਹਿਤ ਮਰਿਯਾਦਾ ਸਿੱਖ ਕੌਮ ਦਾ ਇਕ ਅਹਿਮ ਦਸਤਾਵੇਜ ਹੀ ਨਹੀ ਇਹ ਇਕ ਸਿੱਖ ਦੀ "ਧਾਰਮਿਕ ਜੀਵਨ ਜਾਚ" ਦਾ "ਕੋਡ ਆਫ ਕੰਡਕਟ" ਅਤੇ "ਸੰਵਿਧਾਨ" ਵੀ ਹੈ।ਉਹ ਕੌਮਾਂ ਖੁਸ਼ ਨਸੀਬ ਹੂੰਦੀਆਂ ਹਨ ਜਿਨਾਂ ਦਾ ਕੋਈ ਧਾਰਮਿਕ ਕਾਨੂਨ ਹੂੰਦਾ ਹੈ।ਦੁਣੀਆਂ ਦੇ ਬਹੁਤ ਵੱਡੇ ਧਰਮਾਂ ਦੇ ਮੌਲਵੀ ਤੇ ਉਲੇਮਾਂ ਅੱਜ ਵੀ ਫਤਵੇ ਜਾਰੀ ਕਰਕੇ ਕੌਮ ਨੂੰ ਇਹ ਦਸਦੇ ਹਨ ਕੇ ਇਹ ਕੰਮ ਕਰੋ ਤੇ ਇਹ ਕੰਮ ਨਾਂ ਕਰੋ , ਇਹ ਸ਼ਰੀਯਤ ਅਨੁਸਾਰੀ ਹੈ ਤੇ ਇਹ ਕੰਮ ਸ਼ਰੀਯਤ ਅਨੁਸਾਰੀ ਨਹੀ ਹੈ।ਐਸੇ ਫਤਵੇ ਜਾਰੀ ਕਰਨ ਦੀ ਲੋੜ ਇਸੇ ਕਰਕੇ ਪੈਂਦੀ ਹੈ ਕੇ ਉਸ ਧਰਮ ਕੋਲ , ਕੋਈ ਧਾਰਮਿਕ ਕਾਨੂਨ ਜਾਂ ਸੇਧ ਨਹੀ ਹੂੰਦੀ।
ਸਿੱਖ ਰਹਿਤ ਮਰਿਯਾਦਾ ਦੀ ਜਰੂਰਤ ਸਿੰਘ ਸਭਾਂ ਲਹਿਰ ਦੇ ਆਂਗੂਆਂ ਨੇ ਉਸ ਵੇਲੇ ਹੀ ਸਮਝ ਲਈ ਸੀ ਜਦੋਂ ਉਨਾਂ ਨੂੰ ਬ੍ਰਾਹਮਣਵਾਦੀਆਂ ਦੀਆਂ ਸਾਜਿਸ਼ਾਂ ਤੇ ਸਕੀਮਾਂ ਦਾ ਅਹਿਸਾਸ ਹੋ ਗਇਆ ਸੀ।ਉਨਾਂ ਨੇ ਇਹ ਚੰਗੀ ਤਰ੍ਹਾਂ ਸਮਝ ਲਿਆ ਸੀ ਕੇ ਜੇ ਸਾਡਾ ਕੋਈ ਧਾਰਮਿਕ ਸੰਵਿਧਾਨ ਨਾਂ ਬਣਿਆਂ ਤੇ "ਸਿੱਖ ਕੌਮ ਦਾ ਹਿੰਦੂਕਰਣ" ਹੋਣ ਵਿਚ ਬਹੁਤ ਸਮਾਂ ਨਹੀ ਲਗਣਾਂ।ਇਹ ਸਿੱਖ ਵਿਰੋਧੀ, ਬ੍ਰਾਹਮਣਵਾਦੀ ਤਾਕਤਾਂ ਸਾਡੇ ਧਾਰਮਿਕ ਅਦਾਰਿਆਂ ਵਿਚ ਘੁਸਪੈਠ ਕਰਕੇ ਸਾਡੇ ਹਰ ਫੈਸਲੇ ਨੂੰ ਜਾਂ ਤੇ ਲਟਕਾ ਦੇਂਦੀਆਂ ਸਨ ਕੇ ਉਹ ਲਾਗੂ ਹੀ ਨਾਂ ਹੋ ਸਕੇ ,ਜਾਂ ਉਨਾਂ ਫੈਸਲਿਆਂ ਵਿਚ ਅਪਣੀ ਮਰਜੀ ਦੇ ਨਿਯਮ ਤੇ ਗਲਾਂ ਦਰਜ ਕਰਵਾਉਣ ਵਿਚ ਉਤਾਵਲੀਆਂ ਰਹਿੰਦੀਆਂ ਸਨ।ਭਾਈ ਕਾਨ੍ਹ ਸਿੰਘ ਨਾਭਾ ਦੇ ਪ੍ਰਭਾਵ ਨਾਲ ਸਿੱਖ ਸਜਿਆ ਮੈਕਾਲਿਫ ਵੀ ਇਸ ਗਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਗਇਆ ਸੀ।ਉਸ ਨੇ ਉਸ ਵੇਲੇ ਹੀ ਅੰਗ੍ਰੇਜ ਸਰਕਾਰ ਨੂੰ ਇਹ ਲਿਖਿਆ ਸੀ-
"ਸਿੱਖ ਧਰਮ ਇਕ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿਚੋਂ ਨਹੀ ਨਿਕਲਿਆ, ਹਿੰਦੂ ਧਰਮ, ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ।ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਅਪਣੀ ਲਪੇਟ ਵਿਚ ਲੈਂਦਾ ਹੈ, ਫਿਰ ਉਸਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਅਪਣੇ ਵੱਡੇ ਢਿੱਡ ਵਿਚ ਸਮਾਅ ਲੈਂਦਾ ਹੈ।ਇਸ ਲਈ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ।ਉਸ ਵਿਸ਼ਾਲ ਅਜਗਰ ਤੋਂ ਸਿੱਖ ਧ੍ਰਮ ਨੂੰ ਬਚਾਉਣ ਲਈ ਬਰਤਾਨੀਆਂ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ"-ਮੈਕਾਲਿਫ
ਜਿਨਾਂ ਵਿਦਵਾਂਨਾਂ ਦੀ ਇਹ ਰਾਏ ਹੈ ਕੇ ਪੰਥ ਦੇ ਅਹਿਮ ਫੈਸਲਿਆ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀ ਕੀਤਾ ਗਇਆ ਤੇ ਸਭ ਕੁਝ ਗੁਰਮਤਿ ਅਨੁਸਾਰ ਹੀ ਤੈਅ ਹੋ ਗਇਆ ਇਹ ਉਨਾਂ ਵਿਦਵਾਨਾਂ ਦਾ ਇਕ ਮੁਗਾਲਤਾ ਹੀ ਕਹਿਆ ਜਾਵੇਗਾ।ਇਸ ਵਿਸ਼ੈ ਤੇ ਦਾਸ "ਸਿੱਖ ਰਹਿਤ ਮਰਿਯਾਦਾ" ਬਾਰੇ ਕਾਫੀ ਲੇਖ ਪਹਿਲੇ ਵੀ ਲਿਖ ਚੁਕਾ ਹੈ।ਸਾਡਾ ਵਿਸ਼ਾ ਇਥੇ ਇਹ ਚਰਚਾ ਕਰਨਾਂ ਨਹੀ ਕੇ ਸਿੱਖ ਰਹਿਤ ਮਰਿਯਾਦਾ ਵਿਚ ਜੋ ਬਹੁਤ ਕੁਝ ਗਲਤ ਦਰਜ ਹੋ ਗਇਆ , ਉਸ ਦੇ ਕੀ ਕਾਰਣ ਸਨ, ਬਲਕੇ ਅਸੀ ਇਥੇ ਇਸ ਗਲ ਦਾ ਵੀ ਜਿਕਰ ਕਰਾਂਗੇ ਕੇ ਸਿੱਖ ਰਹਿਤ ਮਰਿਯਾਦਾ ਹੀ ਉਹ ਦਸਤਾਵੇਜ ਹੈ,ਜਿਸ ਕਰਕੇ ਸਾਡੀ ਕੌਮ ਬ੍ਰਾਹਮਣਵਾਦ ਦੇ ਖਾਰੇ ਸਮੂੰਦਰ ਵਿਚ ਗਰਕ ਹੋ ਜਾਂਣ ਤੋਂ ਅੱਜ ਤਕ ਬਚੀ ਹੋਈ ਹੈ।
ਜੇ ਸਿੱਖ ਰਹਿਤ ਮਰਿਯਾਦਾ ਵਿਚ ਬਹੁਤ ਕੁਝ ਗਲਤ ਦਰਜ ਹੋ ਗਇਆ ਹੈ, ਮਸਲਨ ਬਚਿੱਤਰ ਨਾਟਕ ਦਾ ਪ੍ਰਭਾਵ ਅਤੇ ਉਸ ਦੇ ਅੰਸ਼ ਤੇ ਉਸ ਦੀਆਂ ਬਾਣੀਆਂ , ਤੇ ਉਸ ਦੀ ਕਾਟ ਵੀ ਉਸ ਰਹਿਤ ਮਰਿਯਾਦਾ ਵਿਚ ਹੀ ਦਰਜ ਵੀ ਹੈ, ਮਸਲਨ "ਕੀਰਤ ਸਿਰਲੇਖ" ਨੇ ਹੀ ਅਜ ਤਕ ਬਚਿਤਰ ਨਾਟਕ ਦੀਆਂ ਬਾਣੀਆਂ ਦੇ ਕੀਰਤਨ ਤੋਂ ਸਾਡੇ ਉਚ ਅਦਾਰਿਆਂ ਤੇ ਧਾਰਮਿਕ ਅਸਥਾਨਾਂ ਤੇ ਰੋਕ ਲਾਈ ਹੋਈ ਹੈ।ਅਜ ਬਚਿਤਰ ਨਾਟਕ ਦੇ "24 ਅਵਤਾਰ" ਤੇ "ਦੇਵੀ ਉਸਤਤਿ" ਦਾ ਵੀ "ਸਿੱਖ ਰਹਿਤ ਮਰਿਯਾਦਾ" ਹੀ ਖੰਡਨ ਕਰਦੀ ਹੈ।ਅਜ ਭਾਵੇ ਬਚਿਤਰ ਨਾਟਕ ਦੇ ਬਹੁਤ ਸਾਰੇ ਅੰਸ਼ ਸਿੱਖ ਰਹਿਤ ਮਰਿਯਾਦਾ ਵਿਚ ਜੋੜ ਦਿਤੇ ਗਏ ਹਨ ਪਰ ਇਹ "ਸਿੱਖ ਰਹਿਤ ਮਰਿਯਾਦਾ" ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਤੁਲ (ਵਾਕਰ) ਬਚਿਤਰ ਨਾਟਕ ਦਾ ਪ੍ਰਕਾਸ਼ ਹੋਣ ਤੋ ਰੋਕਦੀ ਹੈ।ਅਜ ਦਾ ਸਿੱਖ ਭਾਵੇ ਕਿਨਾਂ ਹੀ ਬ੍ਰਾਹਮਣੀ ਕਰਮਕਾਂਡਾਂ ਦੇ ਜਾਲ ਵਿਚ ਫੰਸਾ ਦਿਤਾ ਗਇਆ ਹੈ ਲੇਕਿਨ ਸਿੱਖ ਰਹਿਤ ਮਰਿਯਾਦਾ ਹੀ ਹੈ ਜੋ ਇਨਾਂ ਬ੍ਰਾਹਮਣੀ ਕਰਮਕਾਂਡਾ ਨੂੰ ਨੱਥ ਪਾਉਦੀ ਹੋਈ ਕਹਿੰਦੀ ਹੈ ਕੇ- ਗੁਰੂ ਦੀ ਹਜੂਰੀ ਵਿਚ ਘੰਟੀਆ ਵਜਾਣਾਂ ਮਨਮਤਿ ਹੈ।ਜਾਤ-ਪਾਤ, ਛੂਤ-ਛਾਂਤ, ਜੰਤ੍ਰ-ਮੰਤ੍ਰ,ਸ਼ਬਨ, ਤਿੱਥ, ਮਹੂਰਤ, ਗ੍ਰਿਹ, ਰਾਸ਼,ਸ਼ਰਾਪ,ਪਿਤੱਰ.ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆਂ ਕਰਮ,ਹੋਮ ਜੱਗ, ਤਰਪਣ, ਸ਼ਿਖਾ ਸੂਤ,ਭਦਣ, ਨਹੀ ਮਨਣਾਂ।ਕੀ ਇਹ ਸਾਨੂੰ ਬ੍ਰਾਹਮਣਵਾਦ ਤੋਂ ਨਹੀ ਬਚਾ ਰਹੀ?
ਅਜ ਭਾਵੇ ਨਾਨਕ ਸ਼ਾਂਹੀ ਕੈਲੰਡਰ ਦਾ ਸ਼੍ਰੋਮਣੀ ਕਮੇਟੀ ਉਤੇ ਕਾਬਿਜ ਬੁਰਛਾਗਰਦਾਂ ਨੇ ਭੋਗ ਪਾ ਦਿਤਾ ਹੈ ਤੇ ਉਹ ਸੰਗ੍ਰਾਂਦ ਪੂਰਨਮਾਸੀ ਦੇ ਬੋਰਡ ਉਚੇਚੇ ਤੌਰ ਤੇ ਲਾਂ ਰਹੇ ਨੇ ਪਰ ਇਹ ਸਿੱਖ ਰਹਿਤ ਮਰਿਯਾਦਾ ਹੀ ਹੈ ਜੋ ਉਨਾਂ ਬੁਰਛਾਗਰਦਾਂ ਦਾ ਇਹ ਕਹਿ ਕੇ ਮੂੰਹ ਕਾਲਾ ਕਰ ਰਹੀ ਹੈ ਕੇ- "...ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ,ਜੰਜੂ, ਤੁਲਸੀ-ਮਾਲਾ,ਗੋਰ,ਮੱਠ,ਮੜੀ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀ ਕਰਨਾਂ।"
ਅੱਜ ਪੰਥਿਕ ਕਹੀ ਜਾਣ ਵਾਲੀ ਕੋਝੀ ਤੇ ਬਦਸੂਰਤ ਸਿਆਸਤ ਭਾਂਵੇ ਉਨਾਂ ਸਿੱਖ ਵਿਰੋਧੀ ਬ੍ਰਾਹਮਣਾਂ ਦੀ ਝੋਲੀਚੂੱਕ ਬਣੀ ਹੋਈ ਹੈ ਤੇ ਉਹ ਪੂਰੀ ਕੌਮ ਦਾ "ਹਿੰਦੂਕਰਣ" ਕਰਣ ਲਈ ਤਰਲੋ ਮੱਛੀ ਹੋ ਰਹੀ ਹੈ , ਲੇਕਿਨ ਉਨਾਂ ਨੂੰ ਸਿੱਖ ਰਹਿਤ ਮਰਿਯਾਂਦਾ ਹੀ ਹੈ ਜੋ ਇਹ ਕਹਿ ਕੇ ਰੋਕ ਰਹੀ ਹੈ ਕੇ-ਪੀਰ, ਬ੍ਰਾਹਮਣ,ਪੁਛਣਾਂ, ਸੀਰਨੀ, ਵੇਦ ਸ਼ਾਸ਼ਤਰ, ਗਾਇਤ੍ਰੀ, ਗੀਤਾ,ਕੁਰਾਨ,ਅੰਜੀਲ ਆਦਿ ਉਤੇ ਨਿਸ਼ਚਾ ਨਹੀ ਕਰਨਾਂ।
ਪਾਠਕ ਸਜਣੋ ! ਦਾਸ ਦੇ ਕਹਿਣ ਦਾ ਭਾਵ ਇਹ ਹੈ ਕੇ ਜੇ ਸਿੰਘ ਸਭਾ ਲਹਿਰ ਦੇ ਆਗੂ "ਇਸ ਸਿੱਖ ਰਹਿਤ ਮਰਿਯਾਦਾ" ਦੀ ਜਰੂਰਤ ਨੂੰ ਨਾਂ ਸਮਝਦੇ ਤੇ ਉਸ ਨੂੰ ਲਾਗੂ ਨਾਂ ਕਰਵਾਂਦੇ ਤੇ ਅਜ ਬਚਿਆ ਖੁਚਿਆ ਸਿੱਖ ਵੀ ਬ੍ਰਾਹਮਣ ਰੂਪੀ ਅਜਗਰ ਦੇ ਢਿਡ ਵਿਚ ਸਮਾਂ ਚੁਕਿਆ ਹੋਣਾਂ ਸੀ।
ਸਿੱਖ ਰਹਿਤ ਮਰਿਯਾਦਾ ਉਪਰ ਤਿਨ ਤਰੀਕੇ ਦੀਆਂ ਵੀਚਾਰਧਾਰਾਵਾਂ ਮੌਜੂਦਾ ਵਿਦਵਾਨਾਂ , ਖੋਜੀਆਂ ਤੇ ਲਿਖਾਰੀਆਂ ਦੀਆਂ ਉਭਰ ਕੇ ਸਾਮ੍ਹਣੇ ਆਈਆਂ ਹਨ-
1- ਇਹ ਉਹ ਵਰਗ ਹੈ ਜੋ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਮੂੰਡੋਂ ਹੀ ਰੱਦ ਕਰਕੇ ਨਵੀਂ ਰਹਿਤ ਮਰਿਯਾਦਾ ਸਿਰਜਨਾਂ ਚਾਂਉਦੇ ਹਨ।ਬਹੁਤਿਆ ਨੇ ਤੇ ਇਸ ਦਾ ਖਰੜਾ ਵੀ ਤਿਆਰ ਕਰ ਕੇ ਰੱਖ ਲਿਆ ਹੈ।ਹੈਰਾਣਗੀ ਦੀ ਗਲ ਇਹ ਹੈ ਕੇ ਇਸ ਵਰਗ ਵਿਚ ਪੰਥ ਦਾ ਜਾਗਰੂਕ ਸੁਧਾਰ ਵਾਦੀ ਤਬਕਾ ਵੀ ਹੈ ਤੇ ਦੂਜੇ ਪਾਸੇ ਟਕਸਾਲੀ, ਅਕਾਲੀ, ਨਿਹੰਗ ਤੇ ਡੇਰੇਦਾਰ ਵੀ ਸ਼ਾਂਮਿਲ ਹਨ।ਦੋ ਅਲਗ ਅਲਗ ਟੀਚੇ ਅਤੇ ਵੀਚਾਰਧਾਰਾ ਇਕ ਹੈ।ਇਕ ਸੁਧਾਰ ਵਾਦੀ ਪੰਥਿਕ ਸੋਚ ਦੇ ਤਹਿਤ ਇਸ ਨੂੰ ਬਦਲਨਾਂ ਚਾਂਉਦੇ ਹਨ ਦੂਜੇ ਕਿਸੇ ਸਾਜਿਸ਼ ਦੇ ਅਧੀਨ।
2- ਦੂਜੇ ਵਰਗ ਵਿਚ ਪੰਥ ਦਾ ਉਹ ਤਬਕਾ ਹੈ ਜੋ ਸਿੱਖ ਰਹਿਤ ਮਰਿਯਾਦਾ ਦੇ ਮੌਜੂਦਾ ਸਰੂਪ ਨੂੰ ਹੀ ਮਣਦਾ ਰਹਿਨਾਂ ਚਾਂਉਦਾ ਹੈ,ਭਾਵੇ ਉਸ ਵਿਚ ਕੁਝ ਗੈਰ ਸਿਧਾਂਤਕ ਤੇ ਗੁਰਮਤਿ ਤੋ ਵਿਪਰੀਤ ਨਿਯਮ ਵੀ ਉਸ ਨੂੰ ਮਨਣੇ ਪੈਂਣ।ਉਹ ਕਿਸੇ ਵੀ ਹੀਲੇ ਇਸ ਤੇ ਕਿੰਤੂ ਕਰਨ ਦੇ ਵਿਰੁਧ ਹੈ।
3-ਤੀਜੇ ਕਿਸਮ ਦੀ ਵੀਚਾਰਧਾਰਾ ਵਾਲਾ ਉਹ ਤਬਕਾ ਹੈ ਜੋ ਸੁਧਾਰਵਾਦੀ ਵੀ ਹੈ, ਗੁਰਮਤਿ ਵਿਰੁਧ ਨਿਯਮਾਂ ਨੂੰ ਸੋਧਨ ਦੇ ਪੱਖ ਵਿਚ ਵੀ ਹੈ ਲੇਕਿਨ ਉਹ ਸਿੱਖ ਰਹਿਤ ਮਰਿਯਾਦਾ ਦਾ ਸਤਕਾਰ ਤੇ ਸਨਮਾਨ ਵੀ ਕਰਦਾ ਹੈ,ਤੇ ਉਸ ਨੂੰ ਬਹੁਤ ਵਡਾ ਸਥਾਨ ਤੇ ਸਤਕਾਰ ਵੀ ਦੇਂਦਾ ਹੈ।ਸੋਧਾ ਬਾਰੇ ਉਸ ਦਾ ਇਹ ਵੀਚਾਰ ਹੈ ਕੇ ਇਹ ਸੋਧਾਂ ਜਰੂਰੀ ਤੇ ਹਨ ਲੇਕਿਨ ਇਨਾਂ ਸੋਧਾਂ ਦਾ ਅਧਿਕਾਰ ਕੇਵਲ ਤੇ ਕੇਵਲ "ਸਰਬਤ ਖਾਲਸਾ" (ਕੌਮ ਦੇ ਇਕ ਵਡੇ ਇਕੱਠ) ਤੋਂ ਬਿਨਾਂ ਮੁਨਾਸਿਬ ਨਹੀ।
ਆਉ ਹੁਣ ਇਸ ਗਲ ਦੀ ਪੜਚੋਲ ਵੀ ਕਰੀਏ ਕੇ ਇਨਾਂ ਵਿਚ ਕੇੜ੍ਹੀ ਵੀਚਾਰਧਾਰਾ ਜਿਆਦਾ ਸਾਰਥਕ ਹੈ-
ਪਹਿਲੀ ਕਿਸਮ ਦੀ ਵੀਚਾਰਧਾਰਾ ਵਿਚ ਦੋ ਵਰਗ ਸ਼ਾਮਿਲ ਹਣ , ਜਿਨਾਂ ਦਾ ਬਿਉਰਾ ਉਪਰ ਦਿਤਾ ਜਾ ਚੁਕਾ ਹੈ ਇਕ ਦਾ ਟੀਚਾ ਸੁਧਾਰਵਾਦੀ ਹੈ ਦੂਜੇ ਦਾ ਸਾਜਿਸ਼ ਅਧੀਨ ਹੈ।ਇਹ ਦੋਵੇ ਹੀ ਅਪਣੇ ਅਪਣੇ ਢੰਗ ਨਾਲ ਸੋਧਾ ਕਰਨਾਂ ਚਾਂਉਦੀਆਂ ਹਨ।ਇਕ ਦੀ ਨੀਯਤ ਸਾਫ ਹੈ ਦੂਜੇ ਦੀ ਨੀਯਤ ਵਿਚ ਖੋਟ ਹੈ।ਹੁੰਣ ਜੇ ਸੁਧਾਰਵਾਦੀ ਪੰਥਿਕ ਧਿਰ ਅਪਣਾਂ ਖਰੜਾ ਪੇਸ਼ ਕਰਦੀ ਹੈ ਤੇ ਸਾਜਿਸ਼ ਦੇ ਅਧੀਨ ਕੰਮ ਕਰ ਰਹੀਆਂ ਧਿਰਾਂ ਵੀ ਅਪਣਾਂ ਵਿਕ੍ਰਤ ਤੇ ਸਿਧਾਂਤ ਹੀਣ ਖਰੜਾ ਵੀ ਪੇਸ਼ ਕਰ ਦੇਂਣ ਗੀਆਂ।ਪੰਥਿਕ ਜਾਗਰੂਕ ਧਿਰ ਤੇ ਸਾਜਿਸ਼ ਵਾਲੀਆਂ ਧਿਰਾਂ ਵਿਚ , ਸਾਜਿਸ਼ ਵਾਲੀ ਧਿਰ ਜਿਯਾਦਾ ਪ੍ਰਭਾਵਸ਼ਾਲੀ ਹੋ ਕੇ ਉਭਰੇ ਗੀ ਕਿਉਕੇ ਉਨਾਂ ਕੋਲ ਸਿਯਾਸੀ ਤਾਕਤ,ਸਾਧਨ ਤੇ ਬਹੁਗਿਣਤੀ ਦਾ ਸਮਰਥਨ ਹਾਸਿਲ ਹੈ।ਦੂਜੀ ਗਲ ਉਨਾਂ ਦੇ ਪੱਖ ਵਿਚ ਇਹ ਜਾਂਦੀ ਹੈ ਕੇ ਉਹ ਤੇ ਪਹਿਲਾਂ ਹੀ ਸਿੱਖ ਰਹਿਤ ਮਰਿਯਾਦਾ ਨੂੰ ਨਹੀ ਮਣਦੇ ਹਨ ਤੇ ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਂਦਾ ਦੀਆਂ ਧੱਜਿਆ ਉਡਾ ਰਹੇ ਹਨ, ਜੇ ਸੋਧਾਂ ਉਨਾਂ ਮੁਤਾਬਿਕ ਨਹੀ ਹੂੰਦੀਆਂ ਤੇ ਉਂਨਾਂ ਦੇ ਹਥੌ ਕੁਝ ਵੀ ਨਹੀ ਜਾਂਣਾਂ।ਪੰਥਿਕ ਧਿਰਾ ਨੂੰ ਫੇਰ ਮੂੰਹ ਦੀ ਖਾਂਣੀ ਪਵੇਗੀ ।ਜਿਸ ਤਰ੍ਹਾਂ ਅਕਾਲ ਤਖਤ ਤੋਂ ਲਾਗੂ ਨਾਨਕ ਸ਼ਾਹੀ ਕੈਲੰਡਰ ਨੂੰ ਇਨਾਂ ਨੇ ਸਾਜਿਸ਼ ਦੇ ਤਹਿਤ ਵਿਕ੍ਰਤ ਕਰ ਦਿਤਾ ।ਇਸ ਮਾਮਲੇ ਵਿਚ ਜਾਗਰੂਕ ਧਿਰਾਂ ਦਾ ਕੀ ਹਾਲ ਹੋਇਆ ਹੈ,ਉਨਾਂ ਦਾ ਪ੍ਰਭਾਵ ਕੇਵਲ ਉਨਾਂ ਤਕ ਹੀ ਸੀਮਿਤ ਰਹਿ ਗਇਆ।ਅਜ 90% ਸਿੱਖ ਤੇ ਸਿੰਘ ਸਭਾਵਾਂ ਉਸ ਧੂੰਮਾਂ ਛਾਪ ਕੈਲੰਡਰ ਨੂੰ ਹੀ ਅਕਾਲ ਤਖਤ ਦਾ ਹੁਕਮ ਮਣ ਕੇ ਮਾਨਤਾ ਦੇ ਰਹੀਆਂ ਨੇ।ਜੇ ਇਹ ਹੀ ਹਾਲ ਸਿੱਖ ਰਹਿਤ ਮਰਿਯਾਦਾ ਦਾ ਹੋਇਆ ਤੇ ਇਹ ਜਾਗਰੂਕ ਧਿਰਾਂ ਕੌਮ ਨੂੰ ਕੀ ਮੂੰਹ ਦਿਖਾਣ ਗੀਆਂ? ਤੇ ਉਨਾਂ ਦੇ ਹੱਥ ਕੁਝਵੀ ਨਹੀ ਬਚਣਾਂ।ਇਸ ਲਈ ਇਹ ਵੀਚਾਰਧਾਰਾ ਬਹੁਤ ਜੋਖਿਮ ਵਾਲੀ ਹੈ।
ਦੂਜੀ ਕਿਸਮ ਦੀ ਵੀਚਾਰਧਾਰਾ , ਜੋ ਇਸੇ ਤਰ੍ਹਾਂ ਸਿੱਖ ਰਹਿਤ ਮਰਿਯਾਦਾ ਨੂੰ ਮਨਣਾਂ ਚਾਉਦੀ ਹੈ ਤੇ ਉਸ ਉਪਰ ਕਿਸੇ ਵੀ ਸੋਧ ਨੂੰ "ਕਿੰਤੂ" ਸਮਝਦੀ ਹੈ, ਉਹ ਸੋਚ ਵੀ ਕੋਈ ਠੀਕ ਨਹੀ ਹੈ। ਕਿਉਕੇ ਜਿਨਾਂ ਗੈਰ ਸਿਧਾਂਤਕ ਤੇ ਗੁਰਮਤਿ ਤੋ ਵਿਪਰੀਤ "ਨਿਯਮਾਂ" ਨੂੰ "ਸੰਵਿਧਾਨ" ਬਣਿਆਂ ਇਕ ਸਦੀ ਤੋਂ ਵਧ ਗੁਜਰ ਚੁਕੀ ਹੈ,ਉਨਾਂ ਦੀ ਸੋਚ ਨਾਲ ਤੇ ਕਿਨੀਆਂ ਸਦੀਆਂ ਹੋਰ ਗੁਜਰ ਜਾਂਣ ਗੀਆਂ ਇਸ ਦਾ ਕੋੲ ਅੰਦਾਜਾ ਵੀ ਨਹੀ ਲਗਾ ਸਕਦਾ।ਕਿਸੇ ਵੀ ਗੈਰ ਸਿਧਾਂਤਕ ਵਿਸ਼ੈ ਜਾ ਨਿਯਮ ਨੂੰ ਜਦੋ ਬਹੁਤ ਲੰਮੇ ਸਮੇਂ ਤਕ ਨਕਾਰਿਆ ਨਹੀ ਜਾਂਦਾ ਤੇ ਉ ਨਿਯਮ "ਪੁਰਾਤਨ ਪਰੰਮਪਰਾ" ਦਾ ਨਾਮ ਤੇ ਕੌਮ ਦੇ ਮੱਥੇ ਤੇ ਮੜ ਦਿਤੇ ਜਾਂਦੇ ਹਨ। ਫਿਰ ਉਸ ਨੂੰ ਸੋਧਨਾਂ ਜਾਂ ਹਟਾਉਣਾਂ ਹੋਰ ਮੁਸ਼ਕਿਲ ਹੋ ਜਾਂਦਾ ਹੈ।
ਤੀਜੇ ਕਿਸਮ ਦੀ ਵੀਚਾਰਧਾਰਾ ਕੁਝ ਸਾਰਥਕ ਤੇ ਨੀਤੀ ਤਹਿਤ ਸਹੀ ਠਹਿਰ ਦੀ ਪ੍ਰਤੀਤ ਹੂੰਦੀ ਹੈ ।ਲੇਕਿਨ ਇਹ ਬਹੁਤ ਵਡੇ ਵਖਰੇਵੇ ਤੇ "ਏਕੇ" ਦੇ ਮਾਰਗ ਵਿਚ ਇਕ ਰੋੜਾ ਬਣਕੇ ਸਾਮਹਣੇ ਆ ਰਹੀ ਹੈ।ਜੋ ਧਿਰਾਂ ਬਚਿਤਰ ਨਾਟਕ ਦੀਆਂ ਕਵਿਤਾਵਾਂ ਨੂੰ ਸਿਰੇ ਤੋਂ ਨਕਾਰ ਚੁਕੀਆਂ ਨੇ ਤੇ ਉਸ ਨੂੰ ਗੁਰੂ ਕ੍ਰਿਤ ਮਨਣ ਤੋ ਇਨਕਾਰੀ ਹਨ ਉਹ ਇਸ ਵਿਚਾਰਧਾਰਾ ਦੇ ਪੰਥਿਕ ਹੋਣ ਦੇ ਬਾਵਜੂਦ ਵੀ ਤਾਲ ਮੇਲ ਨਹੀ ਬਿਠਾ ਪਾ ਰਹਿਆਂ,ਕਿਉਕੇ ਉਨਾਂ ਦੀ ਵੀ ਇਸ ਦਲੀਲ ਵਿਚ ਬਹੁਤ ਦਮ ਹੈ ਕੇ ਅਸੀ ਗੁਰਮਤਿ ਵਿਰੁਧ ਗੈਰ ਸਿਧਾਂਤਕ ਗਲਾਂ ਨੂੰ ਕਿਵੇ ਸਵੀਕਾਰ ਕਰ ਲਈਏ ।ਐਸੀਆ ਧਿਰਾਂ ਜਾਤੀ ਤੌਰ ਤੇ ਅਰਦਾਸ ਤੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਵੀ ਅਪਣੀ ਸਮਝ ਅਨੁਸਾਰ ਹੀ ਕਰਦੀਆਂ ਨੇ।
ਜੋ ਵਿਦਵਾਨ ਇਸ ਗਲ ਦੀ ਪੈਰਵੀ ਕਰਦੇ ਨੇ ਕੇ ਸਾਡੇ ਵਿਦਵਾਨਾਂ ਨੇ ਸਮਝੌਤਾ ਵਾਦੀ ਨੀਤੀ ਦਾ ਇਸਤੇਮਾਲ ਨਹੀ ਕੀਤਾ,ਉਨਾਂ ਕੋਲੋਂ ਕੋਈ ਅਨਗਹਿਲੀ ਜਾਂ ਭੁਲ ਹੋ ਗਈ ਹੋਵੇਗੀ ਇਹ ਦਲੀਲ ਬਿਲਕੁਲ ਠੀਕ ਨਹੀ ਹੈ।ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵੇਲੇ ਹਰ ਜਾਗਰੂਕ ਸਿੱਖ ਜਾਂਣਦਾ ਹੈ ਕੇ ਸਿੱਖ ਵਿਰੋਧੀ ਘੁਸਪੈਠੀਏ ਉਸ ਨੂੰ ਲਾਗੂ ਨਹੀ ਹੋਣ ਦੇ ਰਹੇ ਸਨ। ਦਸ ਸਾਲ ਤੋਂ ਵਧ ਇਹ ਕੈਲੰਡਰ ਇਸੇ ਝਗੜੇ ਵਿਚ ਝੁਲਦਾ ਰਿਹਾ।ਪੰਥ ਦਰਦੀਆਂ ਨੇ ਕਾਹਲੀ ਕਾਹਲੀ ਇਸ ਨੂੰ ਜਦੋਂ ਵੀ ਲਾਗੂ ਕਰਨ ਦੀ ਗਲ ਸੋਚੀ ਉਨਾਂ ਸਿੱਖ ਵਿਰੋਧੀ ਬ੍ਰਾਹਮਣਵਾਦੀ ਧਿਰਾਂ ਨੂੰ ਅਪਣੇ ਸਮ੍ਹਣੇ ਖੜੇ ਹੋਏ ਪਾਇਆ।2003 ਵਿਚ ਜਦੋਂ ਇਸ ਨੂੰ ਲਾਗੂ ਕੀਤਾ ਗਇਆ ਤੇ ਇਸ ਵਿਚ ਸੰਗ੍ਰਾਂਦ ਮਸਿਆ ਤੇ ਪੂਰਨਮਾਸੀ ਵਿਚ ਹੀ ਛਡਣੇ ਪੈ ਗਏ।ਇਸ ਦਾ ਇਕੋ ਇਕ ਕਾਰਣ ਸੀ ਕੇ ਨਾਂ ਲਾਗੂ ਹੋਣ ਦੇਣ ਨਾਲੋਂ ਇਨਾਂ ਦਿਹਾੜਿਆਂ ਨਾਲ ਹੀ ਇਹ ਲਾਗੂ ਹੋ ਜਾਵੇ ਬਾਦ ਨੂੰ ਸੋਧਾਂ ਕਰ ਲਇਆਂ ਜਾਂਣਗੀਆਂ , ਪੰਥ ਦਰਦੀਆਂ ਨੇ ਇਹ ਹੀ ਸੋਚਿਆ, ਇਹ ਸਾਰਾ ਵਾਕਿਆ ਤੇ ਸਾਡੇ ਸਾਮ੍ਹਣੇ ਵਾਪਰਿਆ।ਕਮੋ ਬੇਸ਼ ਇਹ ਹੀ ਹਾਲਾਤ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਨ ਵੇਲੇ ਵੀ ਰਹੇ ।
ਇਹ ਗਲ ਵਿਚ ਕੋਈ ਸ਼ਕ ਨਹੀ , ਕੇ ਸਿੱਘ ਸਭਾ ਲਹਿਰ ਦੇ ਆਗੂਆਂ ਦੀ ਕੌਮ ਨੂੰ ਇਹ ਬਹੁਤ ਵੱਡੀ ਦੇਣ ਸੀ, ਜਿਸ ਦਾ ਜਿਕਰ ਅਸੀ ਉਪਰ ਕਰ ਆਏ ਹਾਂ ।ਇਸ ਵਿਚ ਜੇ ਬਹੁਤ ਕੁਝ ਗੁਰਮਤਿ ਤੋਂ ਉਲਟ ਨਿਯਮ ਰਹਿ ਗਏ ਤੇ ਬਹੁਤ ਕੁਝ ਕੌਮ ਨੂੰ ਬ੍ਰਾਹਮਣਵਾਦ ਦੇ ਖਤਰਨਾਕ ਜਬੜੇ ਵਿਚੋਂ ਬਚਾਉਣ ਵਾਲਾ ਵੀ ਸੀ। ਇਸ ਕਰਕੇ ਇਸ ਦੇ ਮਹਤੱਵ ਨੂੰ ਘਟ ਨਹੀ ਆਂਕਿਆ ਜਾ ਸਕਦਾ।ਹਾਂ ਇਸ ਨੂੰ ਲਾਗੂ ਕਰਨ ਵੇਲੇ ਨਾਨਕ ਸ਼ਾਹੀ ਕੈਲੰਡਰ ਦੀ ਸੰਗ੍ਰਾਂਦ ਤੇ ਮਸਿਆ ਵਾਂਗ ਹੀ ਸਿੱਖ ਰਹਿਤ ਮਰਿਯਾਦਾ ਵਿਚ ਵੀ ਬਚਿਤਰ ਨਾਟਕ ਤੇ ਹੋਰ ਕੁਝ ਗੁਰਮਤਿ ਤੇ ਵਿਰੁਧ ਨਿਯਮ ਛੁਟ ਗਏ।ਕਿਉਕੇ ਸਿੱਖ ਰਹਿਤ ਮਰਿਯਾਦਾ ਦਾ ਵੀ ਖਰੜਾ ਇਨਾਂ ਵਿਰੋਧਾਂ ਤੇ ਸਾਜਿਸ਼ਾਂ ਕਰਕੇ ਹੀ ਨਾਨਕਸ਼ਾਹੀ ਕੈਲੰਡਰ ਵਾਂਗ ਲਗਭਗ 25 ਵਰ੍ਹੇ ਦਾ ਲਟਕ ਰਿਹਾ ਸੀ।ਇਸ ਨੂੰ ਲਾਗੂ ਕਰਨਾਂ ਜਰੂਰੀ ਸੀ ਨਾਂ ਕੇ ਕੁਝ ਸੋਧਾਂ ਕਰਕੇ ਲਾਗੂ ਕਰਵਾਉਣਾਂ ਅਹਿਮ ਸੀ।
"ਸਿੱਖ ਰਹਿਤ ਮਰਿਯਾਦਾ" ਦੇ ਮਹੱਤਵ ਨੂੰ ਨਕਾਰਨਾਂ , ਸਿਰਫ ਇਸ ਕਰਕੇ ਕੇ ਉਸ ਵਿਚ ਕੁਝ ਅੰਸ਼ ਗੁਰਮਤਿ ਅਧੀਨ ਨਹੀ ਹਨ ਬਿਲਕੁਲ ਜਾਇਜ ਨਹੀ ਹੈ।ਇਸ ਵਿਚ ਸੋਧਾਂ ਜੋ ਬਹੁਤ ਜਰੂਰੀ ਸਨ, ਉਹ ਸਾਡੇ ਪੰਥਿਕ ਆਗੂਆਂ ਦੀ ਅੰਨਗਹਿਲੀ ਕਾਰਣ ਤੇ ਉਨਾਂ ਦੇ ਨਿਜੀ ਸਵਾਰਥਾਂ ਕਰਕੇ ਨਹੀ ਹੋ ਸਕੀਆਂ।ਜਿਸ ਦੇ ਫਲਸਰੂਪ ਇਸ ਉਪਰ ਕਈ ਸਵਾਲ ਖੜੇ ਹੋਣ ਲਗੇ। ਇਹ ਵਿਰੋਧ ਇਨਾਂ ਸਖਤ ਮਾਧਿਯਮ ਬਣਕੇ ਸਾਮ੍ਹਣੇ ਆਇਆ ਕੇ ਕੁਝ ਧਿਰਾਂ ਨੇ ਇਸ ਨੂੰ ਨਕਾਰਨਾਂ ਹੀ ਸ਼ੁਰੂ ਕਰ ਦਿਤਾ ਜਾਂ ਅਪਣੇ ਮਤਿ ਅਨੁਸਾਰ ਇਸ ਨੂੰ ਬਦਲ ਲਿਆ, ਇਸ ਦਾ ਫਾਇਦਾ ਵੀ ਸਿੱਖ ਵਿਰੋਧੀ ਤਾਕਤਾਂ ਦੇ ਹੱਕ ਵਿਚ ਹੀ ਗਇਆ ।ਸਿੱਖ ਰਹਿਤ ਮਰਿਯਾਦਾ ਦੇ ਸਤਕਾਰ ਨੂੰ ਇਹ ਸਭ ਤੋਂ ਵਡੀ ਸੱਟ ਸੀ।ਜਾਗਰੂਕ ਧਿਰਾਂ ਤੇ ਗੁਰਮਤਿ ਦਾ ਪਹਿਰਾਂ ਦੇਣ ਵਾਲੀਆਂ ਧਿਰਾਂ ਵੀ , ਇਸ ਨੂੰ ਮਨਣ ਤੋਂ ਇਨਕਾਰੀ ਹੋਣ ਲਗੀਆਂ, ਲੇਕਿਨ ਸਿੱਖ ਵਿਰੋਧੀ ਤਾਕਤਾਂ ਨੂੰ ਇਕ ਸੁਨਹਿਰੀ ਮੌਕਾ ਮਿਲ ਗਇਆ, ਅਪਣੀ ਮਰਿਯਾਦਾ ਨੂੰ ਲਾਗੂ ਕਰਣ ਦਾ।
ਖਾਲਸਾ ਜੀ, ਅਜ ਵਕਤ ਰਹਿੰਦੇ ਜੇ ਅਸੀ ਸਿੱਖ ਰਹਿਤ ਮਰਿਯਾਦਾ ਦਾ ਸਤਕਾਰ ਕਰਨਾਂ ਨਾਂ ਸਿਖਿਆ ਅਤੇ ਇਸ ਤੇ ਗਲਤ ਨਿਗਾਹ ਪਾਂਉਣ ਵਾਲਿਆਂ ਦਾ ਡੱਟ ਕੇ ਟਾਕਰਾ ਨਾਂ ਕੀਤਾ, ਤੇ ਆਪ ਹੀ ਇਸ ਨੂੰ ਮਨਣ ਤੋਂ ਇਨਕਾਰੀ ਹੋ ਗਏ ਤੇ ਉਹ ਦਿਨ ਦੂਰ ਨਹੀ ,ਕੇ ਪੰਥ ਵਿਰੋਧੀ ਤਾਕਤਾਂ ਨੇ ਨਾਨਕ ਸ਼ਾਹੀ ਕੈਲੰਡਰ ਵਾਂਗ ਇਸ ਨੂੰ ਵੀ ਵਿਕ੍ਰਤ ਕਰ ਦੇਂਣਾਂ ਹੈ।ਜਿਵੇਂ ਜਰੂਰਤ ਤੇ ਇਹ ਸੀ ਕੇ ਪੰਥਿਕ ਨਾਨਕ ਸ਼ਾਹੀ ਕੈਲੰਡਰ ਵਿਚ ਜੋ ਗੈਰ ਸਿਧਾਂਤਕ ਦਿਹਾੜੇ ਰਹਿ ਗਏ ਸਨ ਉਨਾਂ ਨੂੰ ਸੋਧ ਕੇ ਹਟਾ ਦਿਤਾ ਜਾਂਦਾ ,ਜੋ ਪੰਥ ਦਰਦੀਆਂ ਨੇ ਸੋਚਿਆ ਸੀ ਲੇਕਿਨ ਹੋਇਆ ਇਸ ਦੇ ਉਲਟ ।ਪੰਥ ਦੋਖੀਆਂ ਦੀ ਸਾਜਿਸ਼ ਨੇ ਉਸ ਪੂਰੇ ਕੈਲੰਡਰ ਨੂੰ ਹੀ "ਬ੍ਰਾਹਮਣੀ ਜੰਤਰੀ" ਬਣਾਂ ਕੇ ਰਖ ਦਿਤਾ, ਅਸੀ ਕੁਝ ਵੀ ਨਾਂ ਕਰ ਸਕੇ।ਯਕੀਨ ਕਰਿਉ ! ਕੇ ਉਨਾਂ ਸਿੱਖ ਵਿਰੋਧੀ ਬੁਰਛਾਗਰਦਾਂ ਦੀ ਨਿਗਾਹ ਵਿਚ ਅਗਲਾ ਨਿਸ਼ਾਨਾਂ ਹੁਣ ਸਾਡੀ ਸਤਕਾਰਤ "ਰਹਿਤ ਮਰਿਯਾਦਾ" ਹੈ।ਅਸਾਂ ਤੇ ਇਸ ਵਿਚ ਸੋਧਾਂ ਕਾਗਜਾਂ ਤੇ ਖਿਆਲਾਂ ਵਿਚ ਕੀਤੀਆਂ ਹੋਈਆਂ ਨੇ , ਉਨਾਂ ਨੇ ਸਰੇ ਆਮ ਸੋਧਾਂ ਕਰ ਲੈਣੀਆਂ ਨੇ ਸਾਡੇ ਸੋਧੇ ਹੋਏ ਖਰੜੇ ਸਾਡੇ ਘਰ ਪਏ ਰਹਿ ਜਾਂਣਗੇ ਤੇ ਉਨਾਂ ਦੇ ਸੋਧੇ ਖਰੜੇ ਨੂੰ ਕੌਮ ਨੇ ਦੂਜੇ ਦਿਨ ਹੀ ਅਕਾਲ ਤਖਤ ਦਾ ਹੁਕਮ ਮਨ ਕੇ ਪ੍ਰਵਾਣ ਕਰ ਲੈਣਾਂ ਹੈ।
ਸੋਧਾਂ ਬੇਹਦ ਜਰੂਰੀ ਨੇ ਤੋਂ ਇਸ ਗਲ ਤੋਂ ਇਨਕਾਰ ਵੀ ਨਹੀ ਕੀਤਾ ਜਾ ਸਕਦਾ ਲੇਕਿਨ ਉਸ ਲਈ ਸਾਨੂੰ ਚੰਗੇ ਵਕਤ ਦਾ ਇੰਤਜਾਰ ਕਰਨਾਂ ਪਵੇਗਾ ਜਦੋਂ ਕੌਮ ਵਿਚ ਚੇਤਨਾਂ ਤੇ ਜਾਗਰੂਕਤਾ ਦਾ ਦਿਇਰਾ ਕੁਝ ਵਧ ਜਾਵੇ ਤੇ ਪੰਥਿਕ ਧਿਰਾਂ ਇਕ ਪਲੇਟਫਾਰਮ ਤੇ ਆਕੇ ਆਪਣੀ ਤਾਕਤ ਨੂੰ ਸਾਬਿਤ ਕਰ ਸਕਣ।ਤੇ ਅਪਣੇ ਸੁਝਾਵਾਂ ਨੂੰ ਕੌਮ ਪਾਸੋ ਲਾਗੂ ਕਰਵਾਉਣ ਦੀ ਹੈਸਿਯਤ ਜਤਾ ਸਕਨ।
ਇਕ ਗਲ ਹੋਰ ਬਹੁਤ ਜਰੂਰੀ ਹੈ ਕੇ ਜੋ ਸੋਧਾਂ ਜਰੂਰੀ ਹਨ ਉਨਾਂ ਬਾਰੇ ਜਨਤਕ ਚਰਚਾ ਨਾਂ ਕਰਕੇ ਉਨਾਂ ਬਾਰੇ ਵਿਦਵਾਨਾਂ ਦੀ ਇਕ ਗੁਪਤ ਬੈਠਕ ਵਿਚ ਇਸ ਬਾਰੇ "ਹੋਮ ਵਰਕ" ਜਾਰੀ ਰਹੇ, ਤਾਂ ਕੇ ਸਹੀ ਤੇ ਮਾਕੂਲ ਮਾਹੌਲ ਆਉਣ ਤੇ ਅਸੀ ਇਸ ਬਾਰੇ ਲੜਦੇ ਹੀ ਨਾਂ ਰਹਿ ਜਾਈਏ।ਇਸ ਕੰਮ ਨੂੰ ਕੌਮ ਦੇ ਵਿਦਵਾਨ ਮਿਲ ਬਹਿ ਕੇ ਭਾਈਚਾਰੇ ਨਾਲ ਅੰਜਾਮ ਤੇ ਲੈ ਆਉਣ,ਇਸ ਵਿਚ ਆਪਸੀ ਹਉਮੇ ਤੇ ਵੀਚਾਰ ਧਾਰਾ ਦੇ ਟਕਰਾਵ ਨੂੰ ਅਗੇ ਨਾਂ ਆਉਣ ਦਿਤਾ ਜਾਵੇ।
ਇਨਾਂ ਸੋਧਾਂ ਬਾਰੇ ਵੀਚਾਰ ਕਰਦੇ ਵਕਤ ਇਸ ਗਲ ਦਾ ਧਿਆਨ ਵੀ ਰਖਣਾਂ ਬਹੁਤ ਜਰੂਰੀ ਹੈ ਕੇ ਕੋਈ ਵੀ ਲੇਖ ,ਕਿਤਾਬ ,ਗ੍ਰੰਥ, ਕੋਸ਼, ਵਿਚਾਰਧਾਰਾ ,ਪਰੰਮਪਰਾ ਜਾਂ ਮਰਿਯਾਦਾ ਭਾਵੇ ਉਹ ਸਾਡੀ ਸਿੱਖ ਰਹਿਤ ਮਰਿਯਾਦਾ ਹੀ ਕਿਉ ਨਾਂ ਹੋਵੇ ,ਉਹ ਸਤਕਾਰ ਯੋਗ ਤੇ ਹੋ ਸਕਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਉਸ ਦੇ ਸਤਕਾਰ ਨਾਲੋਂ ਉਪਰ ਨਹੀ ਹੋ ਸਕਦੀ।ਜੋ ਸੇਧ ਤੇ ਸੋਧ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਸਕਦੀ ਹੈ ਉਹ ਕਿਸੇ ਗ੍ਰੰਥ ,ਕੋਸ਼ ਜਾਂ ਕਿਤਾਬ ਵਿਚੋਂ ਸਾਨੂੰ ਲਭਣ ਦੀ ਜਰੂਰਤ ਨਹੀ।ਜੋ ਵਿਦਵਾਨ ਕਿਸੇ ਪੁਰਾਤਨ ਵਿਦਵਾਨ ਦੀਆਂ ਲਿਖਤਾਂ ਤੇ ਗ੍ਰੰਥਾਂ ਅਤੇ ਕੋਸ਼ਾਂ ਤੋਂ ਬਿਉਰਾ ਇਕਠਾ ਕਰ ਕੇ ਅਪਣੀ ਵੀਚਾਰਧਾਰਾ ਨੂੰ ਸਹੀ ਸਾਬਿਤ ਕਰਦੇ ਨੇ ਉਨਾਂ ਨੂੰ ਚਾਹੀਦਾ ਹੈ ਕੇ ਕਿਸੇ ਵੀ ਗਲ ਨੂੰ ਪ੍ਰਮਾਣਿਕ ਸਿੱਧ ਕਰਨ ਲਈ ਉਹ ਗੁਰੂ ਸ਼ਬਦਾਂ ਨੂੰ ਕੋਟ ਕਰਨ ਜੋਂ ਉਨਾਂ ਦੀ ਗਲ ਤੇ ਤਰਕ ਨੂੰ ਵਧੇਰੇ ਪ੍ਰੋੜਤਾ ਤੇ ਪ੍ਰਮਾਣਿਕਤਾ ਪ੍ਰਦਾਨ ਕਰੇਗੀ ਤੇ ਉਸ ਗਲ ਨੂੰ ਦੂਜਾ ਕੋਈ ਤਰਕ,ਵਿਦਵਾਨ ,ਵਿਚਾਰਧਾਰਾ, ਗ੍ਰੰਥ ਅਤੇ ਕੋਸ਼ ਕਟ ਨਹੀ ਸਕੇਗਾ।
ਅਪਣੇ ਵੀਚਾਰ ਰਖਦੇ ਹੋਏ , ਦਾਸ ਨੇ ਕਿਸੇ ਵਿਸ਼ੇਸ਼ ਧਿਰ ਜਾਂ ਵਿਦਵਾਨ ਵਲ ਸੰਕੇਤ ਕਰ ਕੇ ਕੁਝ ਵੀ ਨਹੀ ਲਿਖਿਆ ਹੈ।ਜੇ ਕਿਸੇ ਨੂੰ ਫੇਰ ਵੀ ਇਹ ਜਾਪੇ ਕੇ ਉਸ ਵਲ ਸੰਕੇਤ ਹੈ ਤੇ ਦਾਸ ਉਸ ਕੋਲੋਂ ਦੋਵੇ ਹਥ ਜੋੜਕੇ ਖਿਮਾਂ ਦਾ ਜਾਚਕ ਹੈ ਜੀ।
-ਇੰਦਰ ਜੀਤ ਸਿੰਘ,ਕਾਨਪੁਰ