ਅਮਰੀਕਾ ‘ਚ ਆਉਂਦੇ ਸਾਰ ਹੀ ਦਲਜੀਤ ਸਿੰਘ ਨੂੰ ਬੰਬ ਕੇਸ ‘ਚ ਕੀਤਾ ਗ੍ਰਿਫ਼ਤਾਰ
ਅਮਰੀਲੋ, (ਟੈਕਸਾਸ), 24 ਫਰਵਰੀ (ਪੰਜਾਬ ਮੇਲ)- ਆਪਣੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਦਲਜੀਤ ਸਿੰਘ ਏਜੰਟਾਂ ਰਾਹੀਂ ਪਿਛਲੇ ਕਈ ਦਿਨਾਂ ਤੋਂ ਆਪਣੇ ਪਿੰਡੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਕਈ ਦੇਸ਼ਾਂ ‘ਚੋਂ ਲੰਘ ਕੇ ਜਦ ਉਹ ਅਮਰੀਕਾ ਦੇ ਬਾਰਡਰ ਫੀਨਿਕਸ ਪਹੁੰਚਿਆ, ਤਾਂ ਪਹਿਲਾਂ ਅਮਰੀਕੀ ਸੁਰੱਖਿਆ ਦਸਤਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਸ ਨਾਲ ਕੁਝ ਹੋਰ ਸਾਥੀ ਵੀ ਸਨ। ਕੁਝ ਸਮਾਂ ਜੇਲ੍ਹ ਵਿਚ ਰਹਿਣ ਤੋਂ ਬਾਅਦ ਦਲਜੀਤ ਸਿੰਘ ਦੇ ਸਕੇ-ਸੰਬੰਧੀਆਂ ਨੇ ਉਸ ਦੀ ਬੇਲ ਕਰਾ ਲਈ ਅਤੇ ਰਿਹਾਅ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਭਰਾ ਦੇ ਘਰ ਲਈ ਰਵਾਨਾ ਹੋਇਆ, ਤਾਂ ਉਹ ਆਪਣੇ ਨਾਲ ਰਿਹਾਅ ਹੋਏ ਇਕ ਹੋਰ ਸਾਥੀ ਆਤਿਫ ਚੌਧਰੀ ਨਾਲ ਗਰੇਅਹਾਊਂਡ ਬੱਸ ਰਾਹੀਂ ਰਵਾਨਾ ਹੋਏ। ਰਸਤੇ ਵਿਚ ਕੁਝ ਸਵਾਰੀਆਂ ਨੇ ਇਨ੍ਹਾਂ ਦੋਹਾਂ ਨੂੰ ਸ਼ੱਕੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਜਦ ਇਹ ਬੱਸ ਆਈ-40 ‘ਤੇ ਜਾ ਰਹੀ ਸੀ, ਤਾਂ ਪੋਟਰ ਸ਼ਹਿਰ ਦੇ ਨਜ਼ਦੀਕ ਅਚਾਨਕ ਸਵਾਰੀਆਂ ਨੇ ਇਨ੍ਹਾਂ ਦੋਹਾਂ ‘ਤੇ ਸ਼ੱਕ ਕਰਦਿਆਂ ਬੱਸ ਦੇ ਡਰਾਈਵਰ ਨੂੰ ਕਿਹਾ ਕਿ ਇਨ੍ਹਾਂ ਕੋਲ ਬੰਬ ਹੈ ਤੇ ਇਹ ਲੋਕ ਸਾਨੂੰ ਖਤਰਨਾਕ ਲੱਗਦੇ ਹਨ ਤੇ ਹੋ ਸਕਦਾ ਹੈ ਕਿ ਇਹ ਸਾਡਾ ਨੁਕਸਾਨ ਵੀ ਕਰ ਦੇਣ। ਦਲਜੀਤ ਸਿੰਘ ਇਕ ਸਾਬਤ ਸੂਰਤ ਸਿੱਖ ਨੌਜਵਾਨ ਹੈ। ਉਸ ਨੇ ਕੇਸ ਦਾੜ੍ਹੀ ਪੂਰੇ ਰੱਖੇ ਹੋਏ ਹਨ। ਬੱਸ ਵਿਚ ਸਵਾਰ ਲੋਕਾਂ ਨੂੰ ਇਹ ਸ਼ੱਕ ਹੋ ਗਿਆ ਕਿ ਸ਼ਾਇਦ ਇਹ ਕੋਈ ਤਾਲਿਬਾਨ ਜਾਂ ਹੋਰ ਅਜਿਹੀ ਜਥੇਬੰਦੀ ਨਾਲ ਸੰਬੰਧਤ ਹੈ। ਇਨ੍ਹਾਂ ਲੋਕਾਂ ਨੇ ਬੱਸ ਡਰਾਈਵਰ ਨੂੰ ਕਹਿ ਕੇ ਬੱਸ ਰੁਕਵਾਈ ਅਤੇ ਪੁਲਿਸ ਨੂੰ ਕਾਲ ਕਰ ਦਿੱਤੀ। ਪੁਲਿਸ ਨੇ ਹਾਈਵੇਅ-40 ਅਤੇ 287 ਦੇ ਨਜ਼ਦੀਕ ਚਾਰੇ ਪਾਸਿਓਂ ਘੇਰ ਲਿਆ। ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਹੋਰ ਸੁਰੱਖਿਆ ਦਸਤੇ ਮੌਕੇ ‘ਤੇ ਪਹੁੰਚ ਗਏ। ਬੱਸ ਦੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂਵਾਂ ‘ਤੇ ਭੇਜ ਦਿੱਤਾ ਗਿਆ। ਜਦੋਂ ਸੁਰੱਖਿਆ ਦਸਤਿਆਂ ਨੇ ਬੱਸ ਦੀ ਤਲਾਸ਼ੀ ਲਈ, ਤਾਂ ਉਸ ਵਿਚੋਂ ਕੁਝ ਵੀ ਨਹੀਂ ਨਿਕਲਿਆ। ਪਰ ਸੁਰੱਖਿਆ ਦਸਤਿਆਂ ਨੇ ਦਲਜੀਤ ਸਿੰਘ ਤੇ ਆਤਿਫ ਚੌਧਰੀ ਨੂੰ ਅੱਤਵਾਦੀ ਗਤੀਵਿਧੀਆਂ ਦੇ ਡਰ ਤੋਂ ਹਿਰਾਸਤ ‘ਚ ਲੈ ਲਿਆ ਅਤੇ ਜੇਲ੍ਹ ਭੇਜ ਦਿੱਤਾ। ਇਨ੍ਹਾਂ ਨੂੰ ਪੋਟਰ ਕਾਊਂਟੀ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ। ਬਾਅਦ ਵਿਚ ਇਨ੍ਹਾਂ ਤੋਂ ਅੱਤਵਾਦੀ ਦੇ ਖਤਰੇ ‘ਤੇ ਲਾਏ ਚਾਰਜ ਹਟਾ ਲਏ ਗਏ, ਪਰ ਹਾਲੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਤੋਂ ਕਾਫੀ ਪੁੱਛਗਿਛ ਕਰਨੀ ਹੈ।
ਹਾਲੇ ਤੱਕ ਅਮਰੀਕਾ ਦੀ ਕੋਈ ਵੀ ਸਿੱਖ ਜਥੇਬੰਦੀ ਇਸ ਸਿੱਖ ਨੌਜਵਾਨ ਦੇ ਬਚਾਅ ਲਈ ਅੱਗੇ ਨਹੀਂ ਆਈ ਅਤੇ ਨਾ ਹੀ ਕਿਸੇ ਨੇ ਕੋਈ ਇਸ ਵਿਭਾਗ ਤੱਕ ਪਹੁੰਚ ਕੀਤੀ ਹੈ, ਤਾਂਕਿ ਪੁੱਛਗਿਛ ਕੀਤੀ ਜਾ ਸਕੇ ਕਿ ਇਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿਚ ਕਿਉਂ ਲਿਆ ਗਿਆ। ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਪੰਜਾਬ ਤੋਂ ਆਇਆ ਹੀ ਸੀ। ਉਸ ਨੂੰ ਇੰਗਲਿਸ਼ ਵੀ ਬੋਲਣੀ ਨਹੀਂ ਆਉਂਦੀ ਸੀ। ਜਿਸ ਕਰਕੇ ਉਹ ਆਪਣੇ ਬਾਰੇ ਸੁਰੱਖਿਆ ਦਸਤਿਆਂ ਨੂੰ ਕੁਝ ਵੀ ਨਹੀਂ ਦੱਸ ਸਕਿਆ।