ਹਿੰਸਕ ਹੋਇਆ ਜਾਟ ਅੰਦੋਲਨ, ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼
ਹਰਿਆਣਾ, 20 ਫਰਵਰੀ (ਪੰਜਾਬ ਮੇਲ)- ਹਰਿਆਣਾ ਜਾਟ ਰਾਖਵਾਂਕਰਨ ਦੀ ਅੱਗ ‘ਚ ਸੜ ਰਿਹਾ ਹੈ। ਰਾਜ ਦੇ ਅੱਧੇ ਤੋਂ ਵਧ ਹਿੱਸੇ ‘ਚ ਹਿੰਸਾ ਤੋਂ ਬਾਅਦ ਤਣਾਅ ਹੈ। ਇਸ ਅੰਦੋਲਨ ‘ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60 ਤੋਂ ਵਧ ਲੋਕ ਜ਼ਖਮੀ ਹਨ। ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਤਿੰਨ ਜ਼ਿਲਿਆਂ ‘ਚ ਕਰਫਿਊ ਲੱਗਾ ਦਿੱਤਾ ਹੈ ਅਤੇ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਤਣਾਅ ਨੂੰ ਦੇਖਦੇ ਹੋਏ ਹਰਿਆਣਾ ਦੇ 9 ਜ਼ਿਲਿਆਂ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਰੋਹਤਕ, ਸੋਨੀਪਤ, ਪਾਨੀਪਤ, ਹਿਸਾਰ, ਜੀਂਦ, ਭਿਵਾਨੀ, ਰੇਵਾੜੀ, ਝੱਜਰ, ਫਰੀਦਾਬਾਦ, ਕਰਨਾਲ, ਫਤਿਹਾਬਾਦ ਅਤੇ ਸਿਰਸਾ ਸਮੇਤ ਪ੍ਰਦੇਸ਼ ਦੇ 15 ਜ਼ਿਲਿਆਂ ‘ਚ ਨੈਸ਼ਨਲ, ਸਟੇਟ ਅਤੇ ਲਿੰਕ ਰੋਡ ਪੂਰੀ ਤਰ੍ਹਾਂ ਬਲਾਕ ਹੈ। ਰੇਲਵੇ ਟਰੈਕ ‘ਤੇ ਜਾਟਾਂ ਨੇ ਕਬਜ਼ਾ ਕਰ ਲਿਆ ਹੈ।
ਅੰਦੋਲਨ ਦੀ ਅੱਗ ‘ਚ ਇੰਨੀ ਤਪਿਸ਼ ਹੈ ਕਿ ਮੰਤਰੀ ਸਲਾਮਤ ਨਹੀਂ ਹੈ, ਪੁਲਸ ਦੇ ਉੱਚ ਅਧਿਕਾਰੀ ਮਹਿਫੂਜ ਨਹੀਂ ਹਨ। ਰੋਹਤਕ ‘ਚ ਮਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੜਕਾਂ ‘ਤੇ ਪਥਰਾਅ ਅਤੇ ਆਗਜਨੀ ਦਾ ਖੌਫਨਾਕ ਮੰਜਰ ਹੈ। ਰੋਹਤਕ ‘ਚ ਗਨ ਹਾਊਸ ‘ਤੇ ਹਮਲਾ ਕਰ ਕੇ ਹਥਿਆਰ ਆਪਣੇ ਨਾਲ ਲੈ ਗਏ। ਜਾਟ ਓ.ਬੀ.ਸੀ. ਕੈਟੇਗਰੀ ‘ਚ ਰਾਖਵਾਂਕਰਨ ਚਾਹੁੰਦੇ ਹਨ। ਸੁਪਰੀਮ ਕੋਰਟ ਜਾਟਾਂ ਦੇ ਰਾਖਵਾਂਕਰਨ ਨੂੰ ਰੱਦ ਕਰ ਦਿੱਤਾ ਹੈ। ਖੱਟੜ ਸਰਕਾਰ ਨੇ ਇਕੋਨਾਮਿਕਲੀ ਬੈਕਵਰਡ ਕਲਾਸ ਦਾ ਕੋਟਾ 10 ਤੋਂ 20 ਫੀਸਦੀ ਵਧਾਉਣ ਦਾ ਐਲਾਨ ਕੀਤਾ ਤਾਂ ਕਿ ਜਾਟ ਕਮਿਊਨਿਟੀ ਨੂੰ ਉਸ ‘ਚ ਸ਼ਾਮਲ ਕੀਤਾ ਜਾ ਸਕੇ ਪਰ ਜਾਟ ਨੇਤਾਵਾਂ ਨੇ ਇਹ ਆਫਰ ਠੁਕਰਾ ਦਿੱਤਾ। ਜਾਟ ਚਾਹੁੰਦੇ ਹਨ ਕਿ ਬਿੱਲ ‘ਚ ਸੋਧ ਕਰ ਕੇ ਜਾਟ ਨੂੰ ਓ.ਬੀ.ਸੀ. ਦੇ ਅਧੀਨ ਰਾਖਵਾਂਕਰਨ ਦਿਵਾਇਆ ਜਾਵੇ। ਜਾਟਾਂ ਦੇ ਇਸ ਅੰਦੋਲਨ ਦਾ ਅਸਰ ਸਿਰਫ ਹਰਿਆਣਾ ‘ਚ ਨਹੀਂ ਸਗੋਂ ਦੇਸ਼ ਦੇ ਬਾਕੀ ਹਿੱਸਿਆਂ ‘ਤੇ ਵੀ ਪੈਣ ਲੱਗਾ ਹੈ। ਬੱਸ ਅਤੇ ਰੇਲ ਗੱਡੀ ਦੀ ਆਵਾਜਾਈ ਠੱਪ ਹੋ ਜਾਣ ਕਾਰਨ ਹਰ ਦਿਨ 600 ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਇਸ ਅੰਦੋਲਨ ਦਾ ਸਭ ਤੋਂ ਬੁਰਾ ਅਸਰ ਰਾਜਧਾਨੀ ਦਿੱਲੀ ‘ਤੇ ਵੀ ਪੈਣ ਵਾਲਾ ਹੈ, ਕਿਉਂਕਿ ਜਾਟਾਂ ਨੇ ਮੁਨਕ ਨਹਿਰ ਦਾ ਪਾਣੀ ਰੋਕ ਦਿੱਤਾ ਹੈ। ਹਰਿਆਣਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਦੇਰ ਸ਼ਾਮ ਦਿੱਲੀ ‘ਚ ਤਿੰਨ ਟਾਪ ਮੰਤਰੀਆਂ ਦੀ ਬੈਠਕ ਹੋਈ। ਜਿਸ ‘ਚ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਲ ਹੋਏ। ਇਸ ਅੰਦੋਲਨ ‘ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਅਭਿਮਨਊ ਦੀ ਨਿੱਜੀ ਰਿਹਾਇਸ਼ ‘ਤੇ ਭੰਨ-ਤੋੜ ਕੀਤੀ ਅਤੇ ਅੱਗ ਲੱਗਾ ਦਿੱਤੀ। ਪ੍ਰਦਰਸ਼ਨ ਕਾਰਨ 150 ਰੇਲ ਗੱਡੀਆਂ ਰੱਦ, ਗੁੜਗਾਓਂ ‘ਚ ਸੜਕ ਅਤੇ ਹਾਈਵੇਅ ਕੀਤੇ ਜਾਮ। ਪ੍ਰਦਰਸ਼ਨਕਾਰੀਆਂ ਨੇ ਮੋਹਾਨਾ ਰੋਡ ‘ਚ ਮੌਜੂਦ 3 ਸਕੂਲਾਂ ਨੂੰ ਅੱਗ ਲੱਗਾ ਦਿੱਤੀ। ਏ.ਟੀ.ਐੱਮ. ਦੀ ਲੁੱਟ ਅਤੇ ਟਰੇਨਾਂ ਆਦਿ ਰੱਦ ਹੋਣ ਕਾਰਨ ਹੁਣ ਤੱਕ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ।