ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬਾਦਲ ਸਰਕਾਰ ਨੂੰ ਸਤਾਉਣ ਲੱਗਾ ‘ਆਪ’ ਦਾ ਡਰ
ਬਾਦਲ ਸਰਕਾਰ ਨੂੰ ਸਤਾਉਣ ਲੱਗਾ ‘ਆਪ’ ਦਾ ਡਰ
Page Visitors: 2675

ਬਾਦਲ ਸਰਕਾਰ ਨੂੰ ਸਤਾਉਣ ਲੱਗਾ ‘ਆਪ’ ਦਾ ਡਰ

Posted On 18 Feb 2016
badal

ਚੰਡੀਗਡ਼੍ਹ, 18 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਇਕ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਦਿਆਂ ਨੌਜਵਾਨਾਂ ਨੂੰ ਪਾਰਟੀ ਨਾਲ ਜੋਡ਼ਨ ਅਤੇ ਟਕਸਾਲੀ ਵਰਕਰਾਂ ਦੀ ਨਾਰਾਜ਼ਗੀ ਦੂਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ਦੌਰਾਨ ਨੂੰ ਸੂਬੇ ਦੇ ਨੌਜਵਾਨਾਂ ਦਾ ਰੁਖ਼ ਪਾਰਟੀ ਵਿਰੋਧੀ ਅਤੇ ਆਮ ਆਦਮੀ ਪਾਰਟੀ ‘ਆਪ’ ਵੱਲ ਹੋਣ ’ਤੇ ਚਿੰਤਾ ਵੀ ਪ੍ਰਗਟ ਕੀਤੀ ਗਈ। ਮੀਟਿੰਗ ਦੌਰਾਨ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਜਿੱਤ ’ਤੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਇਕ ਪ੍ਰਭਾਵਸ਼ਾਲੀ ਸਿਆਸੀ ਧਿਰ ਵਜੋਂ ਉਭਰਨ ਦੀ ਘਬਰਾਹਟ ਵੀ ਸਪੱਸ਼ਟ ਦਿਖਾਈ ਦਿੱਤੀ। ਨੌਜਵਾਨਾਂ ਨੂੰ ਪਾਰਟੀ ਨਾਲ ਜੋਡ਼ਨ ਅਤੇ ਪ੍ਰਭਾਵਿਤ ਕਰਨ ਲਈ ਦਿਹਾਤੀ ਖੇਤਰਾਂ ਵਿੱਚ 12000 ਯੂਥ ਕਲੱਬਾਂ ਦੇ ਗਠਨ ਦਾ ਕੰਮ ਜਲਦੀ ਕਰਨ ਦਾ ਫ਼ੈਸਲਾ ਕੀਤਾ ਗਿਆ। ਪਾਰਟੀ ਨੇ ‘ਆਪ’ ਦੀ ਤਰਜ਼ ’ਤੇ 11 ਮੈਂਬਰੀ ਬੂਥ ਲੈਵਲ ਕਮੇਟੀਆਂ ਦੇ ਗਠਨ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਆਗੂਆਂ ਨਾਲ ਨਵੀਂ ਦਿੱਲੀ ਵਿੱਚ ਹੋਈਆਂ ਮੀਟਿੰਗਾਂ ਦੇ ਵੇਰਵੇ ਵੀ ਪਾਰਟੀ ਆਗੂਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਚੋਣਾਂ ਦੋਹੇ ਪਾਰਟੀਆਂ ਗੱਠਜੋਡ਼ ਤਹਿਤ ਲਡ਼ਨਗੀਆਂ। ਮੀਟਿੰਗ ਦੌਰਾਨ ਜਦੋਂ ਕੁੱਝ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਰਵੱਈਏ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਈਵਾਲਾਂ ਦੀ ਭੰਡੀ ਬੰਦ ਕਰਨ ਦੀ ਹਦਾਇਤ ਦਿੱਤੀ। ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਦਾ ਵਿਚਾਰ ਸੀ ਕਿ ਮਾਲਵਾ ਖਿੱਤੇ ਵਿੱਚ ‘ਆਪ’ ਵੱਡੀ ਸਿਆਸੀ ਚੁਣੌਤੀ ਵਜੋਂ ਉਭਰ ਰਹੀ ਹੈ ਜਦੋਂ ਕਿ ਮਾਝੇ ਵਿੱਚ ਇਹ ਘੱਟ ਅਸਰਦਾਰ ਹੈ ਅਤੇ ਦੁਆਬੇ ਖੇਤਰ ਦੇ ਕੁੱਝ ਹਿੱਸਿਆਂ ਵਿੱਚ ਇਹ ਆਪਣਾ ਅਧਾਰ ਮਜ਼ਬੂਤ ਕਰ ਰਹੀ ਹੈ। ਇਸ ਦੇ ਨਾਲ ‘ਆਪ’ ਦੇ ਉਭਾਰ ਨੂੰ ਰੋਕਣ ਲਈ ਯੂਥ ’ਤੇ ਟੇਕ ਰੱਖਣ ਤੇ ਸਰਕਾਰੀ ਨੀਤੀਆਂ ਦੇ ਪ੍ਰਚਾਰ ਦੀ ਗੱਲ ਕੀਤੀ ਗਈ। ਮੀਟਿੰਗ ’ਚ ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਨਾਉਣ ਦੀ ਥਾਂ ‘ਆਪ’ ’ਤੇ ਧਿਆਨ ਕੇਂਦਰਤ ਕੀਤਾ ਜਾਵੇ। ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ 9 ਸਾਲ ਲਗਾਤਾਰ ਸੱਤਾ ’ਚ ਰਹਿਣ ਦੇ ਬਾਵਜੂਦ ਪਾਰਟੀ ਕਾਡਰ ਨਿਰਾਸ਼ ਹੈ। ਵਰਕਰਾਂ ਨੂੰ ਸਥਾਨਕ ਆਗੂਆਂ ਨਾਲ ਜ਼ਿਆਦਾ ਨਾਰਾਜ਼ਗੀ ਹੈ। ਦਿਹਾਤੀ ਖੇਤਰ ਵਿੱਚ ‘ਆਪ’ ਦੇ ਵਧਦੇ ਅਧਾਰ ਨੂੰ ਵੀ ਟਕਸਾਲੀ ਵਰਕਰਾਂ ਦੇ ਰੋਸੇ ਨਾਲ ਹੀ ਜੋਡ਼ ਕੇ ਦੇਖਿਆ ਗਿਆ ਹੈ।
ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਰੇਤ-ਬਜਰੀ, ਨਸ਼ੇ, ਭ੍ਰਿਸ਼ਟਾਚਾਰ ਅਤੇ ਕੁੱਝ ਅਜਿਹੇ ਭਖਦੇ ਮੁੱਦੇ ਹਨ, ਜਿਨ੍ਹਾਂ ਬਾਰੇ ਹੋਰ ਰਹੇ ਸਰਕਾਰੀ ਵਿਰੋਧੀ ਪ੍ਰਚਾਰ ਦਾ ਵੀ ਤੋਡ਼ ਲੱਭਿਆ ਜਾਣਾ ਚਾਹੀਦਾ ਹੈ। ਦਲਿਤ ਪੱਤਾ ਖੇਡੇ ਜਾਣ ’ਤੇ ਵੀ ਕੋਰ ਕਮੇਟੀ ਨੇ ਵਿਚਾਰ ਚਰਚਾ ਕੀਤੀ ਤੇ ਦਲਿਤ ਆਗੂਆਂ ਨੂੰ ਸਰਗਰਮੀ ਦਿਖਾਉਣ ਦੀ ਹਦਾਇਤ ਦਿੱਤੀ। ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪੰਜਾਬ ਦਾ ਨੌਜਵਾਨ ਪਾਰਟੀ ਤੋਂ ਦੂਰ ਚਲਾ ਗਿਆ ਹੈ। ੳੁਪ ਮੁੱਖ ਮੰਤਰੀ ਦਾ ਦਆਵਾ ਹੈ ਕਿ ਯੂਥ ਵਿੰਗ ਨੇ ਸਰਗਰਮੀ ਫਡ਼ ਲਈ ਹੈ ਕਿ ਨੌਜਵਾਨਾਂ ਨੂੰ ਅਹੁਦਿਆਂ ’ਤੇ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ’ਚ ਫਰਕ ਪਵੇਗਾ।
ਕੋਰ ਕਮੇਟੀ ਦੀ ਮੀਟਿੰਗ ਦੌਰਾਨ ‘ਲੋਕ ਲੁਭਾਊ’ ਫੈਸਲੇ ਲੈਣ ’ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬ੍ਰਾਹਮਪੁਰਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਵੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.