ਜੇਐਨਯੂ ਵਿਵਾਦ : ਸੁਪਰੀਮ ਕੋਰਟ ਵੱਲ ਨਿਆਂ ਲਈ ਨਜ਼ਰਾਂ
ਨਵੀਂ ਦਿੱਲੀ, 18 ਫਰਵਰੀ (ਪੰਜਾਬ ਮੇਲ)- ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਵਾਦ ’ਤੇ ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ ਉਪਰ ਟਿਕ ਗਈਅਾਂ ਹਨ। ਸੀਨੀਅਰ ਵਕੀਲਾਂ ਦੀ ਛੇ ਮੈਂਬਰੀ ਕਮੇਟੀ ਅਤੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਪਟਿਆਲਾ ਹਾੳੂਸ ਕੋਰਟ ’ਚ ਬੁੱਧਵਾਰ ਨੂੰ ਹੋਈ ਹਿੰਸਾ ਦੀਆਂ ਰਿਪੋਰਟਾਂ ਅੱਜ ਸੁਪਰੀਮ ਕੋਰਟ ਨੂੰ ਸੌਂਪ ਦਿੱਤੀਆਂ ਹਨ। ਉਧਰ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕਰ ਕੇ ਤਿਹਾਡ਼ ਜੇਲ੍ਹ ’ਚ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਜ਼ਮਾਨਤ ਮੰਗੀ ਹੈ। ਸੁਪਰੀਮ ਕੋਰਟ ਵੱਲੋਂ ਇਨ੍ਹਾਂ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਏਗੀ। ਕਮੇਟੀ ਮੈਂਬਰ ਰਾਜੀਵ ਧਵਨ ਨੇ ਦੋਸ਼ ਲਾਇਆ ਕਿ ਪੁਲੀਸ ਅਤੇ ਹਮਲਾਵਰਾਂ ਵਿਚਕਾਰ ਕਥਿਤ ਤੌਰ ’ਤੇ ਮਿਲੀਭੁਗਤ ਸੀ।
ਵਕੀਲ ਆਰ ਪੀ ਲੂਥਰਾ ਨੇ ਜੇਐਨਯੂ ਨਾਲ ਜੁਡ਼ੀਆਂ ਪਟੀਸ਼ਨਾਂ ’ਤੇ ਸੁਣਵਾਈ ਦਾ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਕਿ ਪ੍ਰਕਿਰਿਆ ਦੀ ਉਲੰਘਣਾ ਕਰ ਕੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਹੇਠਲੀ ਅਦਾਲਤ ਅਤੇ ਪੁਲੀਸ ’ਤੇ ਬੇਲੋਡ਼ਾ ਦਬਾਅ ਪੈ ਰਿਹਾ ਹੈ। ਇਸ ’ਤੇ ਸੁਪਰੀਮ ਕੋਰਟ ਨੇ ਇਤਰਾਜ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਖ਼ਬਾਰਾਂ ਦੀਆਂ ਰਿਪੋਰਟਾਂ ਦੇਖਣ ਮਗਰੋਂ ਕਿਹਾ ਜਾ ਸਕਦਾ ਹੈ ਕਿ ਦੇਸ਼ ’ਚ ਕੁਝ ਵੱਖਰਾ ਹੀ ਮਾਹੌਲ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹੀਆਂ ਪਟੀਸ਼ਨਾਂ ’ਤੇ ਅਦਾਲਤ ਨੂੰ ਸੁਣਵਾਈ ਨਹੀਂ ਕਰਨੀ ਚਾਹੀਦੀ?
ਵਕੀਲਾਂ ਦੀ ਕਮੇਟੀ ਵੱਲੋਂ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ ਜਸਟਿਸ ਜੇ ਚੇਲਾਮੇਸ਼ਵਰ ਅਤੇ ਜਸਟਿਸ ਏ ਐਮ ਸਪਰੇ ਦੀ ਬੈਂਚ ਨੂੰ ਸੌਂਪੀ ਗਈ ਪਰ ਦਿੱਲੀ ਪੁਲੀਸ ਦੇ ਵਕੀਲ ਅਜੀਤ ਕੁਮਾਰ ਸਿਨਹਾ, ਜੋ ਵਕੀਲਾਂ ਦੀ ਟੀਮ ’ਚ ਸ਼ਾਮਲ ਸਨ, ਨੇ ਇਸ ਨੂੰ ਪਡ਼੍ਹੇ ਬਿਨਾਂ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਕਮੇਟੀ ’ਚ ਸ਼ਾਮਲ ਸਾਬਕਾ ਵਧੀਕ ਸਾਲੀਸਿਟਰ ਜਨਰਲ ਹਰੇਨ ਰਾਵਲ ਨੇ ਰਿਪੋਰਟ ’ਤੇ ਦਸਤਖ਼ਤ ਕਰਨ ਲਈ ਕਿਹਾ ਸੀ ਪਰ ਉਹ ਰਿਪੋਰਟ ਪਡ਼੍ਹੇ ਬਿਨਾਂ ਇਸ ’ਤੇ ਦਸਤਖ਼ਤ ਨਹੀਂ ਕਰਨਗੇ। ਸ੍ਰੀ ਰਾਵਲ ਨੇ ਸਿਨਹਾ ਦੇ ਸ਼ਬਦਾਂ ਨੂੰ ਇਤਰਾਜ਼ਯੋਗ ਦੱਸਿਆ। ਉਨ੍ਹਾਂ ਰਿਪੋਰਟ ਦੇ ਨਾਲ ਕਮੇਟੀ ਦੇ ਦੌਰੇ ਦੀ ਮੋਬਾਈਲ ਕਲਿੱਪ ਦੀ ਪੈੱਨ ਡਰਾਈਵ ਵੀ ਜਮ੍ਹਾਂ ਕਰਾਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ’ਤੇ ਰਾਜੀਵ ਧਵਨ, ਦੁਸ਼ਯੰਤ ਦਵੇ, ਪ੍ਰਸ਼ਾਂਤ ਭੂਸ਼ਨ ਅਤੇ ਏ ਡੀ ਐਨ ਰਾਓ ਨੇ ਵੀ ਦਸਤਖ਼ਤ ਕੀਤੇ ਹਨ। ਅਦਾਲਤ ਅੰਦਰ ਸ੍ਰੀ ਧਵਨ ਅਤੇ ਸ੍ਰੀ ਦਵੇ ਨੇ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਵਕਾਲਤ ਕੀਤੀ।
ਇਸ ’ਤੇ ਬੈਂਚ ਨੇ ਪਹਿਲਾਂ ਰਾਜ਼ੀ ਹੁੰਦਿਆਂ ਕਿਹਾ ਕਿ ਇਸ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਂਜ ਵਧੀਕ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਲੀ ਪੁਲੀਸ ਦੀ ਤਰਫ਼ੋ ਕੁਝ ਇਤਰਾਜ਼ ਕੀਤਾ ਅਤੇ ਬੈਂਚ ਨੂੰ ਕਿਹਾ ਕਿ ਉਹ ਪਹਿਲਾਂ ਇਸ ਨੂੰ ਘੋਖੇ ਅਤੇ ਫਿਰ ਉਸ ’ਤੇ ਵਿਚਾਰ ਕਰੇ। ਬੈਂਚ ਨੇ ਕਿਹਾ ਕਿ ਉਹ ਅੱਜ ਰਾਤ ਰਿਪੋਰਟ ਨੂੰ ਪਡ਼੍ਹ ਕੇ ਕਾਪੀਆਂ ਪ੍ਰੈੱਸ ਨੂੰ ਦੇਣ ਬਾਰੇ ਕੋਈ ਫ਼ੈਸਲਾ ਲੈਣਗੇ। ਉਨ੍ਹਾਂ ਸੀਲਬੰਦ ਲਿਫ਼ਾਫ਼ੇ ਸਮੇਤ 10 ਕਾਪੀਆਂ ਨੂੰ ਵੀ ਆਪਣੇ ਕਬਜ਼ੇ ’ਚ ਲੈ ਲਿਆ। ਕਨ੍ਹੱਈਆ ਕੁਮਾਰ ਦੇ ਕੇਸ ਦੀ ਪੈਰਵੀ ਕਰ ਰਹੇ ਛੇ ਵਕੀਲਾਂ ਦੀ ਟੀਮ ਦੀ ਮੁਖੀ ਵਰਿੰਦਾ ਗਰੋਵਰ ਨੇ ਵੀ ਬੈਂਚ ਨੂੰ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਵਾਪਰੀ ਘਟਨਾ ਦੀ ਰਿਪੋਰਟ ਦਿੱਤੀ।
ਬਾਰ ਕੌਂਸਲ ਆਫ਼ ਇੰਡੀਆ ਨੇ ਵੀ ਕਿਹਾ ਕਿ ਉਨ੍ਹਾਂ 15 ਅਤੇ 17 ਫਰਵਰੀ ਨੂੰ ਹੋਈਆਂ ਘਟਨਾਵਾਂ ਦਾ ਨੋਟਿਸ ਲਿਆ ਹੈ। ਬਾਰ ਕੌਂਸਲ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਉਹ ਦੋਸ਼ੀ ਪਾਏ ਜਾਣ ਵਾਲੇ ਵਕੀਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ। ਸ੍ਰੀ ਦਵੇ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜੇਕਰ ਬਾਰ ਕੌਂਸਲ ਨੇ ਪਿਛਲੇ 40 ਸਾਲਾਂ ਦੌਰਾਨ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅਜਿਹੇ ਹਾਲਾਤ ਨਾ ਬਣਦੇ। ਬੈਂਚ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਵਿਚਾਰ ਕਰਨਗੇ।
ਸ੍ਰੀ ਧਵਨ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਹਿੰਸਾ ’ਚ ਪੁਲੀਸ ਦੀ ਮਿਲੀਭੁਗਤ ਸੀ। ‘ਅਸੀਂ ਜਦੋਂ ਪਟਿਆਲਾ ਹਾੳੂਸ ਕੋਰਟ ਅੰਦਰ ਗਏ ਤਾਂ ਸਾਨੂੰ ਦੱਸਿਆ ਗਿਆ ਕਿ ਅਦਾਲਤ ’ਚ ਇਕ ਵਿਅਕਤੀ ਬਿਨਾਂ ਇਜਾਜ਼ਤ ਦੇ ਦਾਖ਼ਲ ਹੋਇਆ ਅਤੇ ਫਿਰ ਬਾਹਰ ਚਲਾ ਗਿਆ।’ ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਉਸ ਵਿਅਕਤੀ ਨੂੰ ਰੋਕਣ ਅਤੇ ਗ੍ਰਿਫ਼ਤਾਰ ਕਰਨ ਲਈ ਕਿਹਾ। ਉਨ੍ਹਾਂ ਮੁਤਾਬਕ ਅਦਾਲਤ ’ਚ 8 ਤੋਂ 10 ਪੁਲੀਸ ਕਰਮੀ ਮੌਜੂਦ ਸਨ ਪਰ ਉਨ੍ਹਾਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ‘ਇਹ ਮਿਲੀਭੁਗਤ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ।’ ਸ੍ਰੀ ਧਵਨ ਨੇ ਕਿਹਾ ਕਿ ਪੁਲੀਸ ਦਾ ਸਾਰਿਆਂ ਨੂੰ ਸੁਰੱਖਿਆ ਦੇਣ ਦਾ ਫ਼ਰਜ਼ ਹੁੰਦਾ ਹੈ, ਪਰ ਜਦੋਂ ਉਹ ਸਿਆਸੀ ਤੌਰ ’ਤੇ ਲੋਕਾਂ ਨੂੰ ਬਚਾਉਣ ਲਗਦੀ ਹੈ ਤਾਂ ਇਨ੍ਹਾਂ ਫ਼ਰਜ਼ਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ।
ਭਾਜਪਾ ਵਿਧਾਇਕ ਓ ਪੀ ਸ਼ਰਮਾ 8 ਘੰਟਿਆਂ ਦੀ ਪੁੱਛ-ਗਿੱਛ ਤੋਂ ਬਾਅਦ ਗ੍ਰਿਫ਼ਤਾਰ ਤੇ ਰਿਹਾਅ
ਨਵੀਂ ਦਿੱਲੀ: ਪਟਿਆਲਾ ਹਾੳੂਸ ਕੋਰਟ ’ਚ ਤਿੰਨ ਦਿਨ ਪਹਿਲਾਂ ਸੀਪੀਆਈ ਕਾਰਕੁਨ ਨੂੰ ਕੁੱਟਣ ਦੇ ਦੋਸ਼ਾਂ ’ਚ ਘਿਰੇ ਭਾਜਪਾ ਵਿਧਾਇਕ ਓ ਪੀ ਸ਼ਰਮਾ ਨੂੰ ਅੱਜ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲੀਸ ਮੁਤਾਬਕ ਉਸ ਤੋਂ ਤਿਲਕ ਮਾਰਗ ਥਾਣੇ ’ਚ ਅੱਠ ਘੰਟਿਆਂ ਤਕ ਪੁੱਛ-ਗਿੱਛ ਕੀਤੀ ਗਈ ਅਤੇ ਫਿਰ ਕੁੱਟਮਾਰ ਦੇ ਦੋਸ਼ਾਂ ਹੇਠ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਉਧਰ ਦਿੱਲੀ ਪੁਲੀਸ ਨੇ ਪੱਤਰਕਾਰਾਂ, ਵਕੀਲ ਅਤੇ ਕਨ੍ਹੱਈਆ ਕੁਮਾਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਨਵੇਂ ਕੇਸ ਦਰਜ ਕੀਤੇ ਹਨ।
ਦਿੱਲੀ ਸਮੇਤ ਦੇਸ਼ ਭਰ ’ਚ ਰੋਸ ਮਾਰਚ
ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ’ਚ ਪੁਲੀਸ ਕਾਰਵਾਈ ਦੇ ਵਿਰੋਧ ’ਚ ਵੀਰਵਾਰ ਨੂੰ ਕਾਲਜਾਂ, ਯੂਨੀਵਰਸਿਟੀਆਂ ਅਤੇ ਸਿਵਲ ਸੁਸਾਇਟੀ ਨਾਲ ਸਬੰਧਤ ਹਜ਼ਾਰਾਂ ਵਿਅਕਤੀਆਂ ਨੇ ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਅਤੇ ਰੋਸ ਮਾਰਚ ਕੱਢ ਕੇ ਦੇਸ਼ਧਰੋਹ ਦੇ ਦੋਸ਼ਾਂ ਹੇਠ ਫਡ਼ੇ ਕਨ੍ਹੱਈਆ ਕੁਮਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਦਿੱਲੀ ’ਚ ਮੰਡੀ ਹਾੳੂਸ ਤੋਂ ਜੰਤਰ ਮੰਤਰ ਤਕ ਕੀਤੇ ਗਏ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਹੱਥਾਂ ’ਚ ਬੈਨਰ ਫਡ਼ੇ ਹੋਏ ਸਨ ਅਤੇ ‘ਜੇਐਨਯੂ ਜ਼ਿੰਦਾਬਾਦ’ ਦੇ ਨਾਅਰੇ ਗੁੰਜਾਏ ਜਾ ਰਹੇ ਸਨ। ਲੋਕਾਂ ਨੇ ਗੁਲਾਬਾਂ ਨੂੰ ਹਵਾ ’ਚ ਉਛਾਲ ਕੇ ਏਕਤਾ ਦਾ ਮੁਜ਼ਾਹਰਾ ਵੀ ਕੀਤਾ। ਤਾਮਿਲ ਲੋਕ ਗਾਇਕ ਕੋਵਾਨ ਨੂੰ ਚੇਨਈ ’ਚ 57 ਹੋਰ ਹਮਾਇਤੀਆਂ ਨਾਲ ਮਾਰਚ ਕੱਢਣ ’ਤੇ ਹਿਰਾਸਤ ’ਚ ਲੈ ਲਿਆ ਗਿਆ। ਬਡ਼ੌਦਾ ਯੂਨੀਵਰਸਿਟੀ ’ਚ ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ’ਚ ਪੋਸਟਰ ਮਿਲੇ। ਕੇਰਲਾ ਵਿਧਾਨ ਸਭਾ ’ਚ ਜੇਐਨਯੂ ਦਾ ਮਸਲਾ ਗੂੰਜਿਆ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਜਮਾਤਾਂ ਦਾ ਬਾਈਕਾਟ ਕਰ ਕੇ ਕੈਂਪਸ ’ਚ ਮਾਰਚ ਕੀਤਾ। ਉਧਰ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਵੀ ਬਰਾਬਰ ਦੇ ਰੋਸ ਮਾਰਚ ਕੱਢੇ ਅਤੇ ‘ਦੇਸ਼ ਵਿਰੋਧੀ’ ਅਨਸਰਾਂ ਖ਼ਿਲਾਫ਼ ਕਾਰਵਾਈ ਮੰਗੀ। ਪਟਨਾ ’ਚ ਸੀਪੀਆਈ ਦੀ ਵਿਦਿਆਰਥੀ ਜਥੇਬੰਦੀ ਏਆਈਐਸਐਫ ਅਤੇ ਆਰਜੇਡੀ ਦੇ ਯੂਥ ਵਿੰਗ ਦੇ ਵਰਕਰਾਂ ਨੇ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਮਗਰੋਂ ਉਥੇ ਝਡ਼ਪਾਂ ਹੋ ਗਈਆਂ। ਪੁਲੀਸ ਨੇ ਹਲਕੀ ਤਾਕਤ ਦੀ ਵਰਤੋਂ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਇਆ।