ਗੁਰਮੀਤ ਬਾਵਾ ਤੇ ਪਰਵਾਰਕ ਜੀਆਂ ਉੱਤੇ ਕਬੂਤਰਬਾਜ਼ੀ ਦਾ ਕੇਸ ਦਰਜ
ਵਿਦੇਸ਼ ਭੇਜਣ ਬਹਾਨੇ 10 ਲੱਖ ਦੀ ਠੱਗੀ ਦਾ ਦੋਸ਼
ਅੰਮ੍ਰਿਤਸਰ, 18 ਫਰਵਰੀ (ਪੰਜਾਬ ਮੇਲ)-ਪੰਜਾਬ ਦੀ ਮਸ਼ਹੂਰ ਗਾਇਕਾ ਗੁਰਮੀਤ ਬਾਵਾ, ਉਸ ਦੇ ਪਤੀ ਕਿਰਪਾਲ ਬਾਵਾ, ਧੀ ਗਿਲੋਰੀ ਬਾਵਾ ਅਤੇ ਜਵਾਈ ਹਰੀਸ਼ ਮਹਿਤਾ ਅਤੇ ਅਹਿਮਦਾਬਾਦ ਦੇ ਦੋ ਏਜੰਟਾਂ ਖਿਲਾਫ ਕਬੂਤਰਬਾਜ਼ੀ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੇ ਪੰਜਾਬ ਪੁਲਸ ਦੇ ਹਵਾਲਦਾਰ ਦੇ ਬੇਟੇ ਨੂੰ ਵਿਦੇਸ਼ ਵਿੱਚ ਸੈਟਲ ਕਰਾਉਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੀੜਤ ਪਰਵਾਰ ਵੱਲੋਂ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਅਪੀਲ ਕੀਤੀ ਹੈ, ਜਿਸ ਪਿੱਛੋਂ ਏ ਸੀ ਪੀ ਨਾਰਥ ਗੁਰਨਾਮ ਸਿੰਘ ਨੂੰ ਜਾਂਚ ਸੌਂਪੀ ਗਈ। ਪੁਲਸ ਨੇ ਜਾਂਚ ਦੇ ਬਾਅਦ ਉਕਤ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਸਿੱਕਾ, ਬਾਬਾ ਬਕਾਲਾ ਦੇ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਦਾ ਹਵਾਲਦਾਰ ਹੈ। ਉਹ ਆਪਣੇ ਬੇਟੇ ਗੁਰਤੇਜ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਇਸੇ ਦੌਰਾਨ ਉਹ ਗਾਇਕਾ ਗੁਰਮੀਤ ਬਾਵਾ, ਉਸ ਦੇ ਪਤੀ ਕਿਰਪਾਲ ਬਾਵਾ, ਧੀ ਗਿਲੋਰੀ ਬਾਵਾ ਤੇ ਜਵਾਈ ਹਰੀਸ਼ ਮਹਿਤਾ ਵਾਸੀ ਫੇਅਰ ਲੈਂਡ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਦੇ ਸੰਪਰਕ ਵਿੱਚ ਆਇਆ। ਗੁਰਮੀਤ ਬਾਵਾ ਨੇ ਉਸ ਨੂੰ ਦੱਸਿਆ ਕਿ ਉਸ ਦੀ ਧੀ ਤੇ ਜਵਾਈ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ ਤੇ ਉਸ ਦੇ ਬੇਟੇ ਨੂੰ ਵਿਦੇਸ਼ (ਜਰਮਨ) ਵਿੱਚ ਸੈਟਲ ਕਰਵਾ ਦੇਣਗੇ।
ਵਿਦੇਸ਼ ਵਿੱਚ ਉਨ੍ਹਾਂ ਦੇ ਅਕਸਰ ਪ੍ਰੋਗਰਾਮ ਹੰੁਦੇ ਰਹਿੰਦੇ ਹਨ। ਉਨ੍ਹਾ ਲੋਕਾਂ ਨੇ ਅਹਿਮਦਾਬਾਦ ਦੇ ਏਜੰਟਾਂ ਰਾਜਪੂਤ ਹਰਪਾਲ ਸਿੰਘ ਅਤੇ ਅਸ਼ਵਾਦੀਆ ਹਿਰੇਨ ਯੁਨੋਦਭਾਈ ਨਾਲ ਮਿਲ ਕੇ ਉਨ੍ਹਾਂ ਤੋਂ 10 ਲੱਖ ਰੁਪਏ ਲੈ ਲਏ। ਸਤੰਬਰ 2014 ਵਿੱਚ ਉਨ੍ਹਾਂ ਨੇ ਆਪਣੇ ਖਾਤੇ ਵਿੱਚੋਂ ਦੋ ਲੱਖ 45 ਹਜ਼ਾਰ ਰੁਪਏ ਦਾ ਚੈਕ ਉਨ੍ਹਾਂ ਲੋਕਾਂ ਨੂੰ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੇ ਵੀਜ਼ਾ ਲੱਗਣ ਦੇ ਨਾਮ ‘ਤੇ ਬਾਕੀ ਰਕਮ ਲੈ ਲਈ। ਦੋਸ਼ੀਆਂ ਨੇ ਉਸ ਦੇ ਬੇਟੇ ਨੂੰ ਜਰਮਨ ਦੀ ਜਗ੍ਹਾ ਸਿੰਗਾਪੁਰ ਵਿਖਾ ਕੇ ਉਥੋਂ ਉਸ ਨੂੰ ਵਾਪਸ ਭੇਜ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੇ ਉਸ ਨੂੰ ਇੱਕ ਮਹੀਨੇ ਤੱਕ ਕਦੇ ਮੁੰਬਈ ਤੇ ਕਦੇ ਅਹਿਮਦਾਬਾਦ ਰੱਖਿਆ ਕਿ ਉਸ ਨੂੰ ਜਲਦੀ ਜਰਮਨ ਭੇਜ ਦੇਣਗੇ, ਪਰੰਤੂ ਭੇਜ ਨਹੀਂ ਸਕੇ ਅਤੇ ਉਸ ਨਾਲ ਧੋਖਾਧੜੀ ਕੀਤੀ ਹੈ।