ਕੇਜਰੀਵਾਲ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ, ਚੁੱਕਿਆ ਜੇ.ਐੱਨ.ਯੂ. ਦਾ ਮੁੱਦਾ
ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਦੇਸ਼ ਧਰੋਹ ਦੇ ਮਾਮਲੇ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿਦਿਆਰਥੀ ਸੰਘ ਦੇ ਪ੍ਰਧਾਨ ਦੀ ਗ੍ਰਿਫਤਾਰੀ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਾਹਮਣੇ ਜੇ.ਐੱਨ.ਯੂ. ਦੀ ਸਥਿਤੀ ਦਾ ਮੁੱਦਾ ਚੁੱਕਿਆ। ਤਕਰੀਬਨ 15 ਮਿੰਟ ਚਲੀ ਇਸ ਬੈਠਕ ਦੌਰਾਨ ਕੇਜਰੀਵਾਲ ਨੇ ਸੰਸਦ ਹਮਲਾ ਮਾਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਦੇ ਵਿਰੋਧ ‘ਚ ਆਯੋਜਿਤ ਪ੍ਰੋਗਰਾਮ ਨੂੰ ਲੈ ਕੇ ਸੰਸਥਾਨ ‘ਚ ਪੈਦਾ ਸਥਿਤੀ ‘ਤੇ ਚਿੰਤਾ ਜ਼ਾਹਿਰ ਕੀਤੀ। ਜੇ.ਐੱਨ.ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਕਨਹੀਆ ਕੁਮਾਰ ਨੂੰ ਇਸ ਪ੍ਰੋਗਰਾਮ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਰਾਜਨਾਥ ਨੂੰ ਦੱਸਿਆ ਕਿ ਵਿਦਿਆਰਥੀਆਂ ਵਿਰੁੱਧ ਪੁਲਿਸ ਦੀ ਕਾਰਵਾਈ ਕਾਰਨ ਮੁੱਦਾ ਜਟਿਲ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਕੇਜਰੀਵਾਲ ਨੂੰ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਦਿੱਲੀ ਸਰਕਾਰ ਨਾਲ ਜੁੜੇ ਕੁਝ ਪ੍ਰਸ਼ਾਸਨਕ ਮਾਮਲਿਆਂ ‘ਤੇ ਵੀ ਚਰਚਾ ਕੀਤੀ।