ਅਨੋਖੀਆਂ ਹੋਣਗੀਆਂ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ
ਸੋਸ਼ਲ ਮੀਡੀਆ ਦੀ ਰਹੇਗੀ ਅਹਿਮ ਭੂਮਿਕਾ
ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਪ ੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਵੀਆਂ-ਨਵੀਆਂ ਰਣਨੀਤੀਆਂ ਤਿਆਰ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਚੋਣਾਂ ਵਿੱਚ ਉਹ ਸਫਲ ਹੋ ਸਕਣ। ਕਿਹੜੀ ਪਾਰਟੀ ਆਪਣੀ ਰਣਨੀਤੀ ਰਾਹੀਂ ਚੋਣਾਂ ਜਿੱਤਣ ਵਿੱਚ ਸਫਲ ਹੋਵੇਗੀ, ਇਸ ਬਾਰੇ ਹਾਲੇ ਭਵਿੱਖਬਾਣੀ ਕਰਨੀ ਬਹੁਤ ਮੁਸ਼ਕਿਲ ਹੈ ਪਰ ਇਹ ਗੱਲ ਨਿਸ਼ਚਿਤ ਹੈ ਕਿ ਇਸ ਵਾਰ ਦੀਆਂ ਚੋਣਾਂ ਪਹਿਲੀਆਂ ਚੋਣਾਂ ਨਾਲੋਂ ਪ੍ਰਚਾਰ ਅਤੇ ਰਣਨੀਤੀ ਪਖੋਂ ਕੁਝ ਵੱਖਰੀਆਂ ਹੀ ਹੋਣਗੀਆਂ ਕਿਉਂਕਿ ਹੁਣ ਪਾਰਟੀਆਂ ਲਈ ਸਿਰਫ ਰਣਨੀਤੀ ਤਿਆਰ ਕਰਨਾ ਇਕ ਪਹਿਲੂ ਨਹੀਂ ਹੈ ਬਲਕਿ ਉਨ੍ਹਾਂ ਨੂੰ ਉਚਿਤ ਢੰਗ ਨਾਲ ਲਾਗੂ ਕਰਨ ਲਈ ਵੀ ਮਾਹਿਰਾਂ ਦੀ ਲੋੜ ਹੈ। ਕਾਂਗਰਸ ਜੋ ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਨਹੀਂ ਹੈ, ਨੇ ਇਸ ਵਾਰ ਫਿਰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਆਖਿਰੀ ਚੋਣ ਹੈ। ਇਸ ਲਈ ਉਨ੍ਹਾਂ ਨੇ ਚੋਣ ਰਣਨੀਤੀ ਨੂੰ ਮਜ਼ਬੂਤ ਬਣਾਉਣ ਲਈ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਦਾ ਮਨ ਬਣਾਇਆ ਹੈ। ਇਹ ਵਿਅਕਤੀ ਉਹੀ ਹੈ ਜਿਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਯੂਨਾਈਟਡ ਨੇਸ਼ਨ ਵਿੱਚ 8 ਸਾਲ ਕੰਮ ਕਰ ਚੁੱਕੇ ਪ੍ਰਸ਼ਾਂਤ ਕਿਸ਼ੋਰ ਨੇ ਗੁਜਰਾਤ ਵਿੱਚ ਵੀ ਭਾਜਪਾ ਨੂੰ ਜਿਤਾਉਣ ਲਈ ਨਰਿੰਦਰ ਮੋਦੀ ਲਈ ਨਵੇਂ ਢੰਗ ਤਰੀਕੇ ਤਿਆਰ ਕੀਤੇ। ਇਸੇ ਹੀ ਵਿਅਕਤੀ ਨੇ ਬਿਹਾਰ ਵਿੱਚ ਜਾ ਕੇ ਨਿਤੀਸ਼ ਕੁਮਾਰ, ਜੋ ਨਰਿੰਦਰ ਮੋਦੀ ਦੇ ਸਿਆਸੀ ਵਿਰੋਧੀ ਹਨ, ਨੂੰ ਮਹਾਂਗਠਜੋੜ ਦਾ ਵਿਚਾਰ ਦਿੱਤਾ ਅਤੇ ਜਿੱਤ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਕ੍ਰਿਸ਼ਮਈ ਰਣਨੀਤੀਕਾਰ ਨੂੰ 'ਰਹੱਸਮਈ' ਵਿਅਕਤੀ ਵੀ ਕਹਿੰਦੇ ਹਨ, ਦੀਆਂ ਸੇਵਾਵਾਂ ਹੁਣ ਕੈਪਟਨ ਅਮਰਿੰਦਰ ਸਿੰਘ ਲੈਣ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ 10 ਸਾਲ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਚੱਲ ਰਿਹਾ, ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤਾਂ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਵੱਡੀ ਚੁਣੌਤੀ ਨਹੀਂ ਸਮਝ ਰਹੇ, ਇਸ ਲਈ ਉਨ੍ਹਾਂ ਦੁਆਰਾ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾ ਰਿਹਾ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਜੋ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਮੀਡੀਆ ਰਣਨੀਤੀ ਨੂੰ ਸੰਭਾਲ ਰਹੇ ਹਨ, ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਹਾਸਲ ਕਰਨ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਫੈਸਲੇ ਤਾਂ ਲੀਡਰਾਂ ਨੇ ਹੀ ਲੈਣੇ ਹੁੰਦੇ ਹਨ। ਸਿਆਸੀ ਮੁੱਦਿਆਂ 'ਤੇ ਅਜਿਹੇ 'ਕਿਰਾਏ' ਦੇ ਸਲਾਹਕਾਰਾਂ ਦਾ ਕੋਈ ਪ੍ਰਭਾਵ ਨਹੀਂ ਪੈਣ ਵਾਲਾ। ਸ੍ਰੀ ਬੈਂਸ ਜੋ ਕਿ ਹਰ ਸਿਆਸੀ ਬਹਿਸ ਦੌਰਾਨ ਅਕਾਲੀ ਦਲ ਵਲੋਂ ਜਵਾਬ ਦਿੰਦੇ ਆਏ ਹਨ, ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀ ਸਿਰਫ ਤੇ ਸਿਰਫ ਕਿਸੇ ਵਿਅਕਤੀ ਵਿਸ਼ੇਸ਼ 'ਤੇ ਤਾਂ ਪ੍ਰਭਾਵ ਪਾ ਸਕਦੇ ਹਨ ਪਰ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਭਾਵੇਂ ਸ੍ਰੀ ਬੈਂਸ ਆਪਣੀ ਜਗ੍ਹਾ ਠੀਕ ਹੋਣ ਪਰ ਸੱਚਾਈ ਇਹ ਹੈ ਕਿ ਅੱਜ ਚੋਣਾਂ ਲੜਨ ਲਈ ਅਜਿਹੇ ਪ੍ਰੋਫੈਸ਼ਨਲ ਲੋਕਾਂ ਦੀ ਬਹੁਤ ਜ਼ਰੂਰਤ ਹੋ ਗਈ ਹੈ ਜਿਹੜੇ ਤਕਨਾਲੋਜੀ ਨਾਲ ਕਿਸੇ ਵੀ ਪਾਰਟੀ ਵਿਸ਼ੇਸ਼ ਦੀਆਂ ਵਿਸ਼ੇਸ਼ਤਾਵਾਂ ਨੂੰ ਲੋਕਾਂ ਤੱਕ ਪਹੁੰਚਾ ਸਕਣ। ਉਂਝ ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਬੀਰ ਸਿੰਘ ਹਨ ਜੋ ਕਿ ਇਕ ਅੰਗਰੇਜ਼ੀ ਅਖਬਾਰ ਦੇ ਸੀਨੀਅਰ ਪੱਤਰਕਾਰ ਰਹਿ ਚੁੱਕੇ ਹਨ। ਇਸ ਲਈ ਅਕਾਲੀ ਦਲ ਦੁਆਰਾ ਬਲਾਗ ਅੱਜ ਸੋਸ਼ਲ ਮੀਡੀਏ ਦੁਆਰਾ ਦੂਜੀਆਂ ਪਾਰਟੀਆਂ ਦਾ ਜਵਾਬ ਦੇਣ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਦਿਲਚਸਪ ਮੁਕਾਬਲਾ ਹੋਵੇਗਾ ਕਿ ਅਕਾਲੀ ਦਲ ਨਾਲ ਸਬੰਧਤ ਇਹ ਦੋਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦੀ ਕੀ ਕਾਟ ਕੱਢਦੇ ਹਨ।
ਇਸ ਵਾਰ ਦੀਆਂ ਚੋਣਾਂ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਉਭਰ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਪਾਰਟੀ ਨੂੰ ਸਿਰਫ ਤੇ ਸਿਰਫ ਪੰਜਾਬ ਵਿੱਚ ਹੀ ਸਫਲਤਾ ਮਿਲੀ ਸੀ ਅਤੇ ਇਸ ਦੇ ਚਾਰ ਮੈਂਬਰ ਪਾਰਲੀਮੈਂਟ ਜਿੱਤੇ ਸਨ। ਹੁਣ ਉਨ੍ਹਾਂ ਵਿਚੋਂ ਵੀ ਦੋ ਇਕ ਪਾਸੇ ਹਨ ਅਤੇ ਦੋ ਇਕ ਪਾਸੇ। ਅਜਿਹੇ ਵਿੱਚ ਇਸ ਪਾਰਟੀ ਦੀ ਰਣਨੀਤੀ ਦੋਹਾਂ ਵੱਡੀਆਂ ਪਾਰਟੀਆਂ ਤੋਂ ਕੁਝ ਵੱਖਰੀ ਹੀ ਨਜ਼ਰ ਆ ਰਹੀ ਹੈ। ਉਸ ਦੁਆਰਾ ਸਲਾਹਕਾਰਾਂ ਦੀ ਥਾਂ 'ਤੇ ਲੀਡਰਾਂ ਨੂੰ ਹੀ ਪਾਰਟੀ ਮਜ਼ਬੂਤ ਕਰਨ ਲਈ ਜ਼ਿੰਮੇਵਾਰੀ ਦਿੱਤੀ ਹੋਈ ਹੈ। ਰਿਪੋਰਟਾਂ ਇਹ ਹਨ ਕਿ ਕੁਝ ਸਮੇਂ ਬਾਅਦ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਵਿੱਚ ਪਾਰਟੀ ਦਾ ਮੋਰਚਾ ਸੰਭਾਲਣ ਵਾਲੇ ਹਨ। ਉਦੋਂ ਇਹ ਪਾਰਟੀ ਕਿਹੜੇ ਪੈਂਤੜੇ ਖੇਡੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ। ਉਂਝ 'ਆਪ' ਦੁਆਰਾ ਰਾਜਧਾਨੀ ਦਿੱਲੀ ਪੈਟਰਨ ਉਤੇ ਚੋਣਾਂ ਲੜਨ ਦੀ ਸੰਭਾਵਨਾ ਹੈ। ਇਸ ਲਈ ਉਸ ਦੁਆਰਾ ਬਣਾਈਆਂ ਗਈਆਂ ਟੀਮਾਂ ਰਾਹੀਂ ਵੋਟਰਾਂ ਦਾ ਪੂਰਾ ਡੈਟਾ ਇਕੱਠਾ ਕੀਤਾ ਜਾ ਰਿਹਾ ਹੈ। ਉਸ ਡੈਟੇ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਵਰਤ ਕੇ ਵੋਟਰਾਂ ਤੱਕ ਪਹੁੰਚ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਉਂਝ ਲੱਗਦਾ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੋਸ਼ਲ ਮੀਡੀਏ ਦੀ ਅਹਿਮ ਭੂਮਿਕਾ ਰਹੇਗੀ ਕਿਉਂਕਿ ਇਲੈਕਟਰੋਨਿਕਸ ਮੀਡੀਆ ਉਤੇ ਸੱਤਾਧਾਰੀ ਪਾਰਟੀ ਦਾ ਵੱਡਾ ਪ੍ਰਭਾਵ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ। ਆਮ ਆਦਮੀ ਪਾਰਟੀ ਤਾਂ ਹੁਣੇ ਤੋਂ ਇਸ ਦਾ ਸਹਾਰਾ ਲੈ ਰਹੀ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਚੋਣ ਰਣਨੀਤੀ ਦਾ ਸੋਸ਼ਲ ਮੀਡੀਆ ਅਹਿਮ ਹਿੱਸਾ ਸੀ। ਹੁਣ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਹਨ ਕਿ ਉਹ ਲੋਕਾਂ ਤੱਕ ਪਹੁੰਚਣ ਲਈ ਫ਼ੇਸਬੁੱਕ ਦਾ ਵੀ ਇਸਤੇਮਾਲ ਕਰਦੇ ਹਨ। ਵਿਰੋਧੀਆਂ ਦੁਆਰਾ ਸੁਖਬੀਰ ਸਿੰਘ ਬਾਦਲ ਖਿਲਾਫ ਜਿੰਨਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦਾ ਜ਼ਰੀਆ ਵੀ ਸੋਸ਼ਲ ਮੀਡੀਆ ਹੀ ਹੈ।
ਦਰਸ਼ਨ ਸਿੰਘ ਦਰਸ਼ਕ
ਦਰਸ਼ਨ ਸਿੰਘ ਦਰਸ਼ਕ
ਅਨੋਖੀਆਂ ਹੋਣਗੀਆਂ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ
Page Visitors: 2788