ਇੰਗਲੈਂਡ ‘ਚ ਬੀਬੀਆਂ ਨੂੰ ਹੋਇਆ ‘ ਦਸਤਾਰ’ ਨਾਲ ਮੋਹ
ਲੰਡਨ, 14 ਫਰਵਰੀ (ਪੰਜਾਬ ਮੇਲ)- ਇੰਗਲੈਂਡ ਦੇ ਸਿੱਖ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਦਸਤਾਰ ਸਜਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਬੀਬੀਸੀ ਦੀ ਖ਼ਬਰ ਅਨੁਸਾਰ ਪੁਰਸ਼ਾਂ ਦੇ ਨਾਲ ਨਾਲ ਮਹਿਲਾਵਾਂ ਵਿੱਚ ਵੀ ਦਸਤਾਰ ਸਜਾਉਣ ਲਈ ਹੁਣ ਅੱਗੇ ਆ ਰਹੀਆਂ ਹਨ। ਚਾਲੀ ਸਾਲ ਦੀ ਦਵਿੰਦਰ ਕੌਰ ਜੋ ਕਿ ਪੇਸ਼ੇ ਤੋਂ ਸਕੂਲ ਟੀਚਰ ਹੈ ,ਦਸਤਾਰ ਬੰਨ੍ਹਦੀ ਹੈ। ਦਵਿੰਦਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਸਤਾਰ ਨਾਲ ਉਸ ਨੂੰ ਇੰਗਲੈਂਡ ਵਿੱਚ ਅਲੱਗ ਦਿੱਖ ਮਿਲੀ ਹੈ। ਦਵਿੰਦਰ ਕੌਰ ਨੇ ਸੱਤ ਸਾਲ ਪਹਿਲਾਂ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਦਵਿੰਦਰ ਅਨੁਸਾਰ ਉਸ ਨੂੰ ਦੇਖ ਕੇ ਕਈ ਹੋਰ ਮਹਿਲਾਵਾਂ ਨੇ ਵੀ ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ।
ਦਵਿੰਦਰ ਕੌਰ ਨੇ ਦੱਸਿਆ ਕਿ ਇੰਗਲੈਂਡ ਵਿੱਚ ਰਹਿਣ ਵਾਲੀ ਸਿੱਖਾਂ ਦੀ ਨਵੀਂ ਪੀੜੀ ਆਪਣੇ ਵਿਰਸੇ ਅਤੇ ਸਭਿਆਚਾਰ ਨੂੰ ਲੈ ਕੇ ਕਾਫ਼ੀ ਜਾਗਰੂਕ ਹੈ ਅਤੇ ਇਸ ਕਰ ਕੇ ਦਸਤਾਰ ਸਜਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਦਵਿੰਦਰ ਕੌਰ ਅਨੁਸਾਰ ਦਸਤਾਰ ਨਾਲ ਉਸ ਨੂੰ ਇੰਗਲੈਂਡ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਈ। ਦਵਿੰਦਰ ਕੌਰ ਦੇ ਨਾਲ-ਨਾਲ ਮਾਨਚੈਸਟਰ ਦੀ ਰਹਿਣ ਵਾਲੀ 25 ਸਾਲ ਦੀ ਸਰਬਜੋਤ ਕੌਰ ਵੀ ਦਸਤਾਰ ਸਜਾਉਂਦੀ ਹੈ। ਸਰਬਜੋਤ ਕੌਰ ਅਨੁਸਾਰ ਉਸ ਨੇ ਦੋ ਸਾਲ ਪਹਿਲਾਂ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ ਸੀ। ਸਰਬਜੋਤ ਕੌਰ ਅਨੁਸਾਰ ਹਰ ਰੋਜ਼ ਜਦੋਂ ਉਹ ਸਵੇਰੇ ਦਸਤਾਰ ਸਜਾਉਂਦੀ ਹੈ ਤਾਂ ਉਸ ਨੂੰ ਨਵੀਂ ਤਾਕਤ ਮਿਲਦੀ ਹੈ।