9 ਲੱਖ ਸਮੇਤ ਏ.ਟੀ.ਐਮ. ਲੈ ਗਏ ਲੁਟੇਰੇ
ਜ਼ੀਰਕਪੁਰ, 13 ਫਰਵਰੀ (ਪੰਜਾਬ ਮੇਲ)- ਅਣਪਛਾਤੇ 5 ਜੀਪ ਸਵਾਰ ਲੁਟੇਰੇ ਜ਼ੀਰਕਪੁਰ ਦੇ ਭਬਾਤ ਖੇਤਰ ਵਿੱਚ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦਾ ਏ. ਟੀ. ਐਮ.ਲੁੱਟਕੇ ਫਰਾਰ ਹੋ ਗਏ | ਇਨ੍ਹਾਂ ਲੁਟੇਰਿਆਂ ਵੱਲੋਂ ਘਟਨਾ ਨੂੰ ਕੇਵਲ 5 ਮਿੰਟਾਂ ਵਿਚ ਅੰਜਾਮ ਦਿੱਤਾ ਗਿਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਲੁਟੇਰੇ ਤਕਨੀਕੀ ਪੱਖ ਤੋਂ ਏ. ਟੀ. ਐਮ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ | ਘਟਨਾ ਸਮੇਂ ਮਸ਼ੀਨ ਵਿੱਚ ਕਰੀਬ 9 ਲੱਖ ਰੁਪਏ ਦੀ ਰਾਸ਼ੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ | ਲੁਟੇਰਿਆਂ ਵੱਲੋਂ ਬੰਦੀ ਬਣਾਏ ਗਏ ਗਾਰਡ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾਕੇ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ | ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਡੇਰਾਬੱਸੀ ਅਰਸ਼ਦੀਪ ਸਿੰਘ ਅਤੇ ਜ਼ੀਰਕਪੁਰ ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ 1.38 ਵਜੇ ਇੱਕ ਕਾਲੇ ਰੰਗ ਦੀ ਮਹਿੰਦਰਾ ਥਾਰ ਜੀਪ ‘ਤੇ ਆਏ 5 ਲੁਟੇਰਿਆਂ ਨੇ ਪੰਜ ਮਿੰਟ ਦੇ ਅੰਦਰ-ਅੰਦਰ ਗੱਡੀ ਨਾਲ ਏ. ਟੀ. ਐਮ. ਨੂੰ ਟੋਚਨ ਪਾ ਕੇ ਪੁੱਟ ਲਿਆ ਅਤੇ ਉਸ ਨੂੰ ਗੱਡੀ ਵਿੱਚ ਹੀ ਲੱਦਕੇ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਗਾਰਡ ਪ੍ਰਭੂ ਦਿਆਲ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਿਸ ਨੇ ਕੁਝ ਮਿੰਟ ਦੀ ਜੱਦੋ ਜਹਿਦ ਤੋਂ ਬਾਅਦ ਰਿਹਾਅ ਹੋ ਕੇ ਪੁਲਿਸ ਨੂੰ ਸੂਚਿਤ ਕੀਤਾ | ਉਨ੍ਹਾਂ ਦੱਸਿਆ ਕਿ ਵੇਖਣ ਨੂੰ ਸਾਰੇ ਲੁਟੇਰੇ ਚੰਗੇ ਘਰਾਂ ਦੇ ਕਾਕੇ ਲੱਗਦੇ ਹਨ ਅਤੇ ਉਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਜਾਪਦੀ ਹੈ | ਬੈਂਕ ਵਿੱਚ ਲੱਗੇ ਖੁਫੀਆ ਕੈਮਰੇ ਵਿੱਚ ਵੇਖਣ ਤੋਂ ਪਤਾ ਚੱਲਿਆ ਕਿ ਲੁਟੇਰੇ ਪਹਿਲਾਂ ਤੋਂ ਹੀ ਸਾਰੀ ਤਿਆਰੀ ਕਰਕੇ ਆਏ ਸਨ | ਉਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ | ਬੈਂਕ ਦੀ ਮੈਨੇਜਰ ਸ਼ਿਵਾਨੀ ਨੇ ਦੱਸਿਆ ਕਿ ਬੈਂਕ ਦੇ ਏ. ਟੀ. ਐਮ ਵਿੱਚ ਘਟਨਾ ਸਮੇਂ 8 ਲੱਖ 95 ਹਜ਼ਾਰ 900 ਰੁਪਏ ਮੌਜੂਦ ਸਨ | ਘਟਨਾ ਦੀ ਸੂਚਨਾ ਮਿਲਣ ‘ਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ | ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਟੁੱਟੀ ਮਸ਼ੀਨ ਮੁਹਾਲੀ ਨੇੜਲੇ ਪਿੰਡ ਕੰਬਾਲਾ ਤੋਂ ਬਰਾਮਦ
ਐੱਸ. ਏ. ਐੱਸ. ਨਗਰ, 13 ਫਰਵਰੀ (ਜਸਬੀਰ ਸਿੰਘ ਜੱਸੀ)-ਦੇਰ ਰਾਤ ਜ਼ੀਰਕਪੁਰ ਵਿਚਲੇ ਪਿੰਡ ਭਬਾਤ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਅਣਪਛਾਤੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਏ. ਟੀ. ਐਮ. ਮਸ਼ੀਨ ਸਵੇਰ ਸਮੇਂ ਪੁਲਿਸ ਨੇ ਮੁਹਾਲੀ ਵਿਚਲੇ ਫੇਜ਼-11 ਨੇੜਲੇ ਪਿੰਡ ਕੰਬਾਲਾ ਦੇ ਖੇਤਾਂ ‘ਚੋਂ ਬਰਾਮਦ ਕਰ ਲਈ ਹੈ | ਇਸ ਸਬੰਧੀ ਥਾਣਾ ਸੋਹਾਣਾ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਕਤ ਏ. ਟੀ. ਐਮ ਮਸ਼ੀਨ ਨੂੰ ਤੋੜਕੇ ਉਸ ‘ਚੋਂ ਪੈਸੇ ਲੁੱਟ ਲਏ ਗਏ ਹਨ | ਪੁਲਿਸ ਨੇ ਏ. ਟੀ. ਐਮ. ਮਸ਼ੀਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |