ਪੰਜਾਬ ਵਿੱਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 31 ਹੋਈ
ਚੰਡੀਗੜ੍ਹ, 11 ਫਰਵਰੀ (ਪੰਜਾਬ ਮੇਲ)- ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਦੌਰਾਨ ਸਵਾਈਨ ਫਲੂ ਨਾਲ ਸੱਤ ਹੋਰ ਮੌਤਾਂ ਤੋਂ ਬਾਅਦ ਸੂਬੇ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ।
ਪੰਜਾਬ ਵਿੱਚ ਸਵਾਈਨ ਫਲੂ ਦੇ ਸੂਬਾ ਨੋਡਲ ਅਧਿਕਾਰੀ ਗਗਨਦੀਪ ਸਿੰਘ ਗਰੋਵਰ ਨੇ ਕਿਹਾ, ਚਾਲੂ ਮੌਸਮ ਵਿੱਚ ਸੂਬੇ ਵਿੱਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਵਿੱਚੋਂ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਗਾ ਤੇ ਮਾਨਸਾ ਦੇ ਵਿਅਕਤੀ ਸ਼ਾਮਲ ਹਨ। 20 ਜਨਵਰੀ ਤੱਕ ਸੂਬੇ ਵਿੱਚ ਸਵਾਈਨ ਫਲੂ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਐਚ1 ਐਨ1 ਵਿਸ਼ਾਣੂ ਕਰ ਕੇ ਚਾਰ ਵਿਅਕਤੀ ਮਰ ਗਏ, ਜਦ ਕਿ ਸੂਬੇ ਵਿੱਚ ਇਸ ਬਿਮਾਰੀ ਦੇ ਕੁੱਲ 24 ਮਾਮਲੇ ਸਾਹਮਣੇ ਆਏ।
ਹਰਿਆਣਾ ਦੀ ਸੂਬਾ ਨਿਗਰਾਨੀ ਅਧਿਕਾਰੀ (ਸਵਾਇਨ ਫਲੂ) ਡਾਕਟਰ ਅਪਰਾਜਿਤਾ ਸੋਂਧ ਨੇ ਕਿਹਾ, ਸਵਾਈਨ ਫਲੂ ਕਰ ਕੇ ਤਿੰਨ ਔਰਤਾਂ ਸਮੇਤ ਕੁੱਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਹਿਸਾਰ, ਫਤੇਹਾਬਾਦ ਅਤੇ ਜੀਂਦ ਜ਼ਿਲ੍ਹੇ ਦੇ ਵਾਸੀ ਸਨ। ਦੋਵਾਂ ਸੂਬਿਆਂ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਸਵਾਈਨ ਫਲੂ ਨਾਲ ਨਜਿੱਠਣ ਲਈ ਵੱਖ ਕਾਰਡ ਸਥਾਪਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਸਵਾਈਨ ਫਲੂ ਨਾਲ ਬਿਮਾਰ ਵਿਅਕਤੀ ਦਾ ਤੁਰੰਤ ਇਲਾਜ ਕਰਨ ਬਾਰੇ ਸਲਾਹ ਜਾਰੀ ਕੀਤੀ ਗਈ ਹੈ।